Wednesday 25 August 2021

ਬਿਰਧ ਆਸ਼ਰਮ ਸਮੇਂ ਦੀ ਲੋੜ ਕਿਓਂ ਬਣਦਾ ਜਾ ਰਿਹੈ?

25th August 2021 at  8:16 AM
ਲੋਕ ਮੁੱਦਿਆਂ 'ਤੇ ਲਿਖਣ ਵਾਲੀ ਪ੍ਰਭਜੋਤ ਕੌਰ ਢਿੱਲੋਂ ਨੇ ਉਠਾਏ ਕਈ ਨੁਕਤੇ   
ਇਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀ ਸੰਭਾਲ ਵੀ ਜੇ ਨਾ ਕੀਤੀ ਜਾ ਸਕੇ ਤਾਂ ਕਿੰਨੀ ਮਾੜੀ ਗੱਲ 

 ਮੋਹਾਲੀ: 25 ਅਗਸਤ 2021: (ਪ੍ਰਭਜੋਤ ਕੌਰ ਢਿੱਲੋਂ//ਮੋਹਾਲੀ ਸਕਰੀਨ//ਲੋਕ ਮੀਡੀਆ ਮੰਚ)::

ਪ੍ਰਭਜੋਤ ਕੌਰ ਢਿੱਲੋਂ 

ਸਮਾਂ ਬਦਲਦਾ ਹੈ ਤਾਂ ਬਹੁਤ ਕੁੱਝ ਬਦਲਦਾ ਹੈ ਅਤੇ ਬਦਲਣਾ ਵੀ ਚਾਹੀਦਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਉਹ ਚਾਹੇ ਚੰਗਾ ਹੋਏ ਜਾਂ ਮਾੜਾ।ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਬਿਰਧ ਆਸ਼ਰਮ ਸਾਡੇ ਸਮਾਜ ਦਾ ਹਿੱਸਾ ਨਹੀਂ ਹਨ। ਪਰ ਜਿਵੇਂ ਮਾਪਿਆਂ ਨਾਲ ਘਰਾਂ ਵਿੱਚ ਬਦਸਲੂਕੀ ਹੋ ਰਹੀ ਹੈ ਅਤੇ ਮਾਪਿਆਂ ਨੂੰ ਸੜਕਾਂ ਤੇ ਰੁੱਲਣਾ ਲਈ ਛੱਡ ਦਿੱਤਾ ਜਾਂਦਾ ਹੈ,ਉਸ ਲਈ ਮਾਣਯੋਗ ਅਦਾਲਤਾਂ ਅਤੇ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਸੀਨੀਅਰ ਸਿਟੀਜ਼ਨ ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਅਤੇ ਇਸਨੂੰ ਲਾਗੂ ਕਰਨਾ ਇਸਤੋਂ ਵੀ ਵਧੇਰੇ ਜ਼ਰੂਰੀ ਹੈ। ਇੱਕ ਨਵੇਂ ਮਾਮਲੇ ਤੋਂ ਪਤਾ ਲੱਗਿਆ ਕਿ 23 ਅਗਸਤ 2021 ਨੂੰ ਬਜ਼ੁਰਗ ਮਾਪਿਆਂ ਨੂੰ ਦਿੱਲੀ ਦੀ ਇੱਕ ਸੜਕ ਤੇ ਧੱਕੇ ਖਾਣ ਲਈ ਪੁੱਤ ਛੱਡ ਗਿਆ। ਸੋਸ਼ਲ ਮੀਡੀਆ ਤੇ ਲਾਈਵ ਹੋਕੇ ਇਕ ਸੰਸਥਾ ਵਲੋਂ ਇਹ ਵਿਖਾਇਆ ਗਿਆ। ਪੁੱਤ ਨੇ ਸਾਰੀ ਜਾਇਦਾਦ ਲਈ, ਇਸ ਕਰਕੇ ਧੀਆਂ ਨੇ ਸੰਭਾਲਣ ਤੋਂ ਜਵਾਬ ਦੇ ਦਿੱਤਾ। ਅਖੀਰ ਭੈਣ ਦੇ ਘਰ ਉਨਾਂ ਨੂੰ ਛੱਡਿਆ ਗਿਆ। 

ਅਸਲ ਵਿੱਚ ਮਾਪੇ ਜੇਕਰ ਔਲਾਦ ਨੂੰ ਜਾਇਦਾਦ ਨਹੀਂ ਦਿੰਦੇ ਤਾਂ ਵੀ ਜੋ ਹਾਲਤ ਉਨ੍ਹਾਂ ਦੀ ਘਰ ਵਿੱਚ ਹੁੰਦੀ ਹੈ, ਉਹ ਹੀ ਜਾਣਦੇ ਹਨ। ਜੇਕਰ ਦਿੰਦੇ ਹਨ ਤਾਂ ਹਾਲਤ ਸੜਕ ਵਾਲੀ ਹੋ ਜਾਂਦੀ ਹੈ। ਮਾਪੇ ਸ਼ਰਮ ਦੇ ਮਾਰੇ ਚੁੱਪ ਰਹਿੰਦੇ ਹਨ ਅਤੇ ਬਰਦਾਸ਼ਤ ਕਰਦੇ ਹਨ। ਨੂੰਹਾਂ ਨੂੰ ਤਾਂ ਉਨ੍ਹਾਂ ਦੀ ਫੋਨ ਤੇ ਗੱਲ ਕਰਨੀ ਵੀ ਹਜ਼ਮ ਨਹੀਂ ਹੁੰਦੀ। ਬਜ਼ੁਰਗ ਆਪਣੀ ਹਾਲਤ ਕਿਸੇ ਨੂੰ ਨਹੀਂ ਦੱਸ ਸਕਦੇ। ਘਰ ਦਾ ਪਿਆਰ ਬਹੁਤ ਤੰਗ ਕਰਦਾ ਹੈ, ਸਾਰੀ ਉਮਰ ਦੀ ਕਮਾਈ ਲੱਗੀ ਹੁੰਦੀ ਹੈ। ਜੇਕਰ ਪੁੱਤ ਕੁੱਝ ਨਹੀਂ ਕਹਿੰਦਾ ਤਾਂ ਨੂੰਹਾਂ ਆਪ ਉਹ ਕੁੱਝ ਕਹਿੰਦੀਆਂ ਹਨ ਜਿਹੜਾ ਸੁਣਿਆ ਨਹੀਂ ਜਾ ਸਕਦਾ।  ਜੇਕਰ ਮਾਪੇ ਜਵਾਬ ਦੇਣ ਤਾਂ ਫੇਰ ਨੂੰਹਾਂ ਨੂੰ  ਤੰਗ ਕਰਨ ਦੀ ਗੱਲ ਹੋਣ ਲੱਗਦੀ ਹੈ। ਅਜਿਹੀ ਔਲਾਦ ਕਿਸੇ ਵੀ ਤਰ੍ਹਾਂ ਮਾਪਿਆਂ ਦੀ ਜਾਇਦਾਦ ਦੀ ਹੱਕਦਾਰ ਨਹੀਂ ਹੈ।

ਜੇਕਰ ਨੂੰਹਾਂ ਪੁੱਤ ਬਜ਼ੁਰਗਾਂ ਨੂੰ ਤੰਗ ਕਰਦੇ ਹਨ ਤਾਂ ਸੀਨੀਅਰ ਸਿਟੀਜ਼ਨ ਐਕਟ ਅਧੀਨ ਕਾਰਵਾਈ ਕਰਕੇ ਨੂੰਹਾਂ ਪੁੱਤਾਂ ਤੋਂ ਘਰ ਖਾਲੀ ਕਰਵਾਇਆ ਜਾਵੇ।ਜੇਕਰ ਆਮਦਨ ਨਹੀਂ ਹੈ ਤਾਂ ਪੁੱਤ ਕੋਲੋਂ ਖਰਚਾ ਦਵਾਇਆ ਜਾਵੇ।ਬਿਰਧ ਆਸ਼ਰਮ ਸਮਾਜ ਦਾ ਹਿੱਸਾ ਬਣਨ ਵਾਲੀ ਹਾਲਤ ਬਣ ਰਹੀ ਹੈ।ਸਰਕਾਰਾਂ ਨੂੰ ਸਮਾਜ ਦੇ ਹਰ ਵਰਗ ਦੀ ਆਮਦਨ ਦੇ ਹਿਸਾਬ ਨਾਲ਼ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ।ਜੇਕਰ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਤਾਂ ਉਸਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।
ਜਿੰਨੀ ਦੇਰ ਬਜ਼ੁਰਗ ਜਿਊਂਦੇ ਹਨ,ਉਨ੍ਹਾਂ ਦੀ ਜਾਇਦਾਦ ਤੇ ਕਿਸੇ ਦਾ ਹੱਕ ਨਹੀਂ ਹੈ।ਠੀਕ ਹੈ ਨੂੰਹਾਂ ਦਾ ਵੀ ਹੱਕ ਹੈ ਪਰ ਜਿੰਨਾਂ ਨੇ ਉਸ ਘਰ ਨੂੰ ਬਣਾਉਣ ਜਾਂ ਬੇਟੇ ਨੂੰ ਪੈਰਾਂ ਤੇ ਖੜ੍ਹੇ ਕਰਨ ਲਈ ਮਿਹਨਤ ਅਤੇ ਕੁਰਬਾਨੀਆਂ ਕੀਤੀਆਂ,ਉਨ੍ਹਾਂ ਨੂੰ ਘਰਾਂ ਵਿੱਚ ਬੇਇਜ਼ਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।ਘਰ ਵਿੱਚ ਮਾਪਿਆਂ ਨਾਲ ਕੋਈ ਗੱਲ ਨਹੀਂ ਕਰਦਾ,ਉਹ ਇਕੱਲੇ ਬੈਠੇ ਨੂਰ ਦੇ ਰਹਿੰਦੇ ਹਨ।ਘਰ ਵਿੱਚ ਘੁੰਮਣ ਤੇ ਜਾਂ ਕਿਸੇ ਨਾਲ ਗੱਲ ਕਰਨਾ ਵੀ ਹਜ਼ਮ ਨਹੀਂ ਹੁੰਦਾ।ਜੇਕਰ ਇਵੇਂ ਦੇ ਹਾਲਾਤ ਹਨ ਤਾਂ ਫੇਰ ਬਿਰਧ ਆਸ਼ਰਮ ਕੁੱਝ ਤਾਂ ਰਾਹਤ ਦੇਣਗੇ।ਜਿਵੇਂ ਦੇ ਹਾਲਾਤ ਹਨ ਸਮਾਜ ਨੂੰ ਬਿਰਧ ਆਸ਼ਰਮਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ ਅਤੇ ਸਮੇਂ ਦੀ ਮੰਗ ਵੀ ਹੈ।   

ਬਿਰਧ ਆਸ਼ਰਮ ਕਿਸੇ ਸਮਾਜ ਲਈ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਹੁੰਦੀਂ। ਕੀ ਸਾਰੇ ਮਸਲੇ ਨੂੰ ਨਵੇਂ ਸਿਰਿਓਂ ਨਹੀਂ ਸੋਚਿਆ ਜਾਣਾ ਚਾਹੀਦਾ? ਮਾਪੇ ਆਪਣੀ ਉਮਰ ਭਰ ਦੀ ਸਾਰੀ ਕਮਾਈ ਔਲਾਦ ਦੇ ਹਵਾਲੇ ਕਿਓਂ ਕਰਨ? ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਕਰਨਾ ਸੀ ਉਹ ਕਰ ਦਿੱਤਾ ਹੁਣ ਸਾਰੀ ਸੰਪਤੀ ਕਿਓਂ ਦਿੱਤੀ ਜਾਵੇ?

ਚਾਰ ਪੈਸੇ ਕੋਲ ਬਚੇ ਹੋਣ ਤਾਂ ਬਹੁਤ ਸਾਰੀਆਂ ਔਕੜਾਂ ਦੂਰ ਹੋਈ ਜਾਂਦੀਆਂ ਹਨ। ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਜੇ ਔਲਾਦ ਨਾਲਾਇਕ ਹੈ ਤਾਂ ਅਜਿਹੀ ਔਲਾਦ ਨੂੰ ਦੇਣ ਨਾਲੋਂ ਤਾਂ ਸਮਾਜ ਦੇ ਭਲੇ ਹਿੱਟ ਕਿਸੇ ਸੰਸਥਾ ਨੂੰ ਦੇਣਾ ਜ਼ਿਆਦਾ ਚੰਗਾ ਹੋ ਸਕਦਾ ਹੈ?

ਇਸਦੇ ਨਾਲ ਹੀ ਨੂੰਹਾਂ ਪੁੱਤਰਾਂ ਲਈ ਬਜ਼ੁਰਗਾਂ ਦੀ ਸੰਭਾਲ ਦੇ ਸਾਰੇ ਛੋਟੇ ਵੱਡੇ ਨਿਯਮ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸਦੇ ਜਾਣਕਾਰੀ ਹਰ ਘਰ ਤੱਕ ਪਹੁੰਚਾਈ ਜਾਣੀ ਚਾਹੀਦੈ ਹੈ। ਬਜ਼ੁਰਗਾਂ ਲਈ ਇੱਕ ਵੱਖਰਾ ਹੈਲਪ ਲਾਈਨ ਨੰਬਰ ਇਸ ਮਕਸਦ ਲਈ ਹੋਣਾ ਚਾਹੀਦਾ ਹੈ। ਬਜ਼ੁਰਗਾਂ ਦੀ ਸੰਭਾਲ ਧਾਰਮਿਕ ਸੰਸਥਾਵਾਂ ਨੂੰ ਆਪਣੇ ਬੇਸ਼ੁਮਾਰ ਦਾਨ ਵਿੱਚ ਥੋੜਾ ਬਹੁਤ ਫ਼ੰਡ ਖਰਚਿਆ ਜਾਣਾ ਚਾਹੀਦਾ ਹੈ। 

ਸਿਆਸੀ ਪਾਰਟੀਆਂ ਨੂੰ ਇਸ ਸਬੰਧੀ ਵੀ ਆਪਣੇ ਮੈਨੀਫੈਸਟੋ ਵਿੱਚ ਆਪਣੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ। 

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
 

Monday 23 August 2021

ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤ ਬਣੇ ਚਿੰਤਾ ਦਾ ਵਿਸ਼ਾ

 Monday 23rd August at 03:54 PM

ਇਹਨਾਂ ਚਿੰਤਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ ਪ੍ਰੋ. ਦਿਨੇਸ਼ ਸ਼ਾਰਦਾ 
ਇਹ ਫੋਟੋ ਯੂਨਾਈਟਿਡ ਸਟੇਟਸ ਪੀਸ ਇੰਸੀਚਿਊਟ ਦੇ ਧੰਨਵਾਦ ਸਹਿਤ 

ਲੁਧਿਆਣਾ: 23 ਅਗਸਤ 2021: (*ਦਿਨੇਸ਼ ਸ਼ਾਰਦਾ//ਲੋਕ ਮੀਡੀਆ ਮੰਚ)::

ਅੱਜ ਜਦੋਂ ਅਸੀਂ ਭਾਰਤਵਾਸੀ ਰੱਖੜੀ ਦਾ ਪਵਿੱਤਰ ਤਿਉਹਾਰ ਮਨਾ ਰਹੇ ਹਾਂ ਉਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਦੇ ਸੱਤਾ ਵਿੱਚ ਆਉਣ ਨਾਲ ਉਥੋਂ ਦੇ ਨਾਗਰਿਕਾਂ ਦੇ ਹਾਲਾਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਤਾਲਿਬਾਨ ਸ਼ਾਸ਼ਨ ਵਿੱਚ ਔਰਤਾਂ, ਬੱਚਿਆਂ, ਆਮ ਜਨਤਾ ਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਪੂਰੇ ਵਿਸ਼ਵ ਨੂੰ ਇਕਜੁੱਟ ਹੋ ਕੇ ਕਦਮ ਚੁੱਕਣ ਦੀ ਜਰੂਰਤ ਹੈ। ਅੱਜ ਤੋਂ ਲਗਭਗ ਵੀਹ ਸਾਲ ਪਹਿਲਾਂ ਤਾਲਿਬਾਨ ਹਕੂਮਤ ਨੂੰ ਸੱਤਾ ਤੋਂ ਉਖੜਿਆ ਗਿਆ ਸੀ ਅਤੇ ਅੱਜ ਦੇ ਸਮੇਂ ਵਿੱਚ ਤਾਲਿਬਾਨ ਬੰਦੂਕ ਦੀ ਨੋਕ ਤੇ ਅਫਗਾਨਿਸਤਾਨ ਦੀ ਸੱਤਾ ਤੇ ਦੁਬਾਰਾ ਬਿਰਾਜਮਾਨ ਹੋ ਰਿਹਾ ਹੈ। ਪ੍ਰਸ਼ਨ ਇਹ ਹੈ ਕਿ ਵਿਸ਼ਵ ਨੇ ਜੇ ਤਾਲਿਬਾਨ ਦੇ ਸ਼ਾਸ਼ਨ ਨੂੰ ਹੀ ਮੰਜੂਰ ਕਰਨਾ ਸੀ ਤਾਂ ਵੀਹ ਸਾਲ ਪਹਿਲਾਂ ਉਸ ਨੂੰ ਸੱਤਾ ਤੋਂ ਵਾਂਝਿਆਂ ਹੀ ਕਿਉਂ ਕੀਤਾ ਗਿਆ। ਕੀ ਤਾਲਿਬਾਨ ਸ਼ਾਸ਼ਨ ਵਿੱਚ ਅਫਗਾਨ ਨਾਗਰਿਕਾਂ ਦੇ ਅਧਿਕਾਰ ਸੁਰਖਿਅਤ ਹੋ ਸਕਦੇ ਹਨ? ਜਿਸ ਤਰ੍ਹਾਂ ਤਾਲਿਬਾਨ ਅਫਗਾਨਿਸਤਾਨ ਵਿੱਚ ਕੱਟੜਤਾ ਫੈਲਾ ਰਿਹਾ ਹੈ ਤਾਂ ਕੀ ਅਜਿਹੇ ਵਾਤਾਵਰਣ ਵਿਚ ਆਮ ਲੋਕਾਂ ਦਾ ਮਾਨਸਿਕ, ਸਰੀਰਕ ਅਤੇ ਅਧਿਆਤਮਕ ਵਿਕਾਸ ਹੋ ਸਕਦਾ ਹੈ?  

ਅਫਗਾਨਿਸਤਾਨ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਅੰਤ ਹੋ ਗਿਆ ਹੈ। ਸਹੀ ਸ਼ਬਦਾਂ ਵਿੱਚ ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਹੱਤਿਆ ਹੋਈ ਹੈ। ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸਾਰੇ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਅਫਗਾਨ ਨਾਗਰਿਕਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ  ਆਪ ਜੀ ਦੇ ਪ੍ਰਸਿੱਧ ਅਤੇ ਜ਼ਿੰਮੇਵਾਰ  ਨਿਊਜ਼ ਚੈਨਲ  ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤਾਂ ਤੇ ਪੂਰੀ ਨਜਰ ਰੱਖੀ ਜਾਵੇ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

ਦਿਨੇਸ਼ ਸ਼ਾਰਦਾ ਪਬਲਿਕ ਐਡਮਨਿਸਟਰੇਸ਼ਨ ਦੇ ਨਾਲ ਸਬੰਧਤ ਪ੍ਰੋਫੈਸਰ ਹਨ। ਜੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਚਾਹੋ ਤਾਂ ਉਹਨਾਂ ਦੇ ਸੰਪਰਕ ਨੰਬਰ ਹਨ:+91 98550 83264//‎+91 70097 51929

ਨੋਟ: ਇਹ ਲੇਖਕ ਦੇ ਨਿਜੀ ਵਿਚਾਰ ਹਨ। ਸੰਪਾਦਕ ਦਾ ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। 

Friday 13 August 2021

ਇਹ ਹੈ ਜ਼ਿੰਦਗੀ ਦੀਆਂ ਅਸਲੀ ਖਬਰਾਂ ਵਾਲੀ ਅਲੌਕਿਕ ਜਿਹੀ ਰਿਪੋਰਟ

ਧਰਤੀ ਤੇ ਵਿਚਰਦੇ ਫ਼ਰਿਸ਼ਤਿਆਂ ਦੀ ਗੱਲ ਹਰਪ੍ਰੀਤ ਸਿੰਘ ਜਵੰਦਾ ਦੀ ਜ਼ੁਬਾਨੀ 


ਫਰਿਸ਼ਤੇ ਹੁਣ ਵੀ ਉਤਰ ਆਉਂਦੇ ਨੇ। ਇਹ ਫਰਿਸ਼ਤੇ ਉੱਚੇ ਅਸਮਾਨਾਂ ਦੇ ਕਿਸੇ ਅਣਦਿੱਸਦੇ ਸੁਰਗ ਜਾਂ ਰੱਬੀ ਦਰਬਾਰ ਵਿੱਚੋਂ ਨਹੀਂ ਆਉਂਦੇ ਬਲਕਿ ਇਥੇ ਹੀ ਸਾਡੇ ਆਲੇ ਦੁਆਲੇ ਉਹ ਕੁਝ ਕਰ ਦਿਖਾਉਂਦੇ ਹਨ ਜਿਹੜਾ ਚਮਤਕਾਰੀ ਜਿਹਾ ਹੁੰਦਾ ਹੈ। ਇੰਝ ਲੱਗਦਾ ਹੈ ਜਿਵੇਂ ਅੱਖ ਰਹੇ ਹੋਣ ਇਹ ਕੁਝ ਤੁਸੀਂ ਵੀ ਤਾਂ ਕਰ ਸਕਦੇ ਸੀ। ਫਿਰ ਯਾਦ ਕਰਾਉਂਦੇ ਹਨ ਜੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਫਿਰ ਹੁਣ ਧਿਆਨ ਰੱਖਣਾ। ਮੌਕੇ ਤਾਂ ਕਦਮ ਕਦਮ ਤੇ ਮਿਲਦੇ ਹਨ। ਤੁਹਾਨੂੰ ਵੀ ਮਿਲ ਸਕਦਾ ਹੈ। ਅਜਿਹੀ ਪ੍ਰੇਰਨਾ ਦੇਣ ਵਾਲੇ ਫ਼ਰਿਸ਼ਤਿਆਂ ਵਰਗੇ ਇਹਨਾਂ ਲੋਕਾਂ ਬਾਰੇ ਵੇਰਵੇ ਇਕੱਤਰ ਕੀਤਾ ਹੈ ਹਰਪ੍ਰੀਤ ਸਿੰਘ ਜਵੰਦਾ ਨੇ। ਜੇ ਇਹ ਲਿਖਤ ਪੜ੍ਹ ਕੇ ਤੁਹਾਡੇ ਵਿੱਚ ਲੁਕਿਆ ਬੈਠਾ ਕੋਈ ਦੇਵਤਾ ਵੀ ਜਾਗ ਸਕੇ ਤਾਂ ਸਾਨੂੰ ਇਹ ਕੋਸ਼ਿਸ਼ ਸਫਲ ਲੱਗੇਗੀ। -
ਕੋਆਰਡੀਨੇਸ਼ਨ ਸੰਪਾਦਕ


ਆਸਾਮ ਦੇ ਤਿੰਨਸੁਕੀਆ ਜ਼ਿਲੇ ਦੇ ਤੀਹ ਸਾਲਾ ਸਬਜੀ ਵਿਕਰੇਤਾ "ਸੋਬਰਨ" ਨੂੰ ਕੂੜੇ ਦੇ ਢੇਰ ਚੋਂ ਇੱਕ ਖੂਬਸੂਰਤ ਬੱਚੀ ਮਿਲੀ..ਘਰ ਲੈ ਆਇਆ..ਖੁਦ ਨਾਲ ਕਰਾਰ ਕੀਤਾ ਕੇ ਸਾਰੀ ਉਮਰ ਵਿਆਹ ਨਹੀਂ ਕਰਵਾਵੇਗਾ!

ਕਿੰਨਾ ਸਾਰਾ ਲਾਡ ਪਿਆਰ ਦੇ ਕੇ ਵੱਡੀ ਕੀਤੀ..ਵਧੀਆ ਤਾਲੀਮ ਦਵਾਈ..ਫੇਰ ਜਿਯੋਤੀ ਨਾਮ ਦੀ ਇਹ ਬੱਚੀ 2014 ਵਿਚ ਆਸਾਮ ਸਿਵਿਲ ਸਰਵਿਸਜ਼ ਦੀ ਔਖੀ ਪ੍ਰੀਖਿਆ ਪਾਸ ਕਰ ਕਮਿਸ਼ਨਰ ਇਨਕਮ ਟੈਕਸ ਲੱਗ ਗਈ ਤਾਂ ਪੱਤਰਕਾਰਾਂ ਨੇ ਸੋਬਰਨ ਨੂੰ ਪੁੱਛਿਆ ਕੇ ਤੈਨੂੰ ਯਕੀਨ ਸੀ ਕੇ ਇਹ ਵੱਡੀ ਹੋ ਕੇ ਏਡਾ ਵੱਡਾ ਅਹੁਦਾ ਪ੍ਰਾਪਤ ਕਰੇਗੀ ਤਾਂ ਆਖਣ ਲੱਗਾ ਕੇ ਇਹ ਤਾਂ ਪਤਾ ਨਹੀਂ ਸੀ ਪਰ ਜਦੋਂ ਵੀ ਨਿੱਕੀ ਜਿਹੀ ਦਾ ਮੂੰਹ ਦੇਖਦਾ ਹੁੰਦਾ ਤਾਂ ਇੰਝ ਲੱਗਦਾ ਕੋਲੇ ਦੀ ਖਾਣ ਵਿਚੋਂ ਇੱਕ ਕੀਮਤੀ ਹੀਰਾ ਲੱਭ ਪਿਆ ਹੋਵੇ!

ਪਹਿਲਾ ਮਾਮਲਾ: ਇਸੇ ਤਰਾਂ ਵੀਹ ਕੂ ਸਾਲ ਪਹਿਲਾਂ ਅੰਮ੍ਰਿਤਸਰ ਗੁਮਟਾਲਾ ਰੋਡ ਤੇ ਇੱਕ ਰਿਟਾਇਰਡ ਮਿਲਿਟਰੀ ਅਫਸਰ ਦਾ ਇਕਲੌਤਾ ਮੁੰਡਾ ਸੜਕ ਹਾਦਸੇ ਵਿਚ ਰੱਬ ਨੂੰ ਪਿਆਰਾ ਹੋ ਗਿਆ..ਮਗਰੋਂ ਰਹਿ ਗਈ ਸੋਹਣੀ ਸੁਨੱਖੀ ਨੂੰਹ ਅਤੇ ਦੋ ਮਹੀਨੇ ਦਾ ਪੋਤਰਾ..!

ਅਨੇਕਾਂ ਸਲਾਹਾਂ ਮਿਲ਼ੀਆਂ ਪਰ ਮੇਜਰ ਸਾਬ ਨੇ ਚੜ੍ਹਦੀ ਉਮਰੇ ਵਿਧਵਾ ਹੋ ਗਈ ਨੂੰਹ ਨੂੰ ਆਪਣੀ ਧੀ ਬਣਾ ਕੇ ਨਵੇਂ ਸਿਰਿਓਂ ਸ਼ੁਰੂਆਤ ਕਰਵਾ ਦੰਦਾਂ ਦੀ ਡਾਕਟਰ ਬਣਾ ਦਿੱਤਾ ਅਤੇ ਮੁੜ ਆਪਣੇ ਹੱਥੀਂ ਬਾਪ ਬਣ ਕੇ ਦੂਜੇ ਥਾਂ ਵੀ ਤੋਰਿਆ!

ਦੂਜਾ ਮਾਮਲਾ: ਕਾਫੀ ਅਰਸਾ ਪਹਿਲਾਂ ਡੀ.ਸੀ ਅੰਮ੍ਰਿਤਸਰ ਵੱਲੋਂ ਸੁੱਟੇ ਜਾਂਦੇ ਨਵਜੰਮਿਆਂ ਲਈ ਲਗਾਏ ਪੰਘੂੜੇ ਵਿਚੋਂ ਸੁਵੇਰੇ-ਸੁਵੇਰੇ ਸੈਰ ਕਰਦੇ ਜੋੜੇ ਨੂੰ ਇੱਕ ਬੱਚੀ ਦੇ ਰੋਣ ਦੀ ਅਵਾਜ ਆਈ..ਆਵਦੇ ਪਹਿਲਾਂ ਵੀ ਦੋ ਬਚੇ ਸਨ ਪਰ ਕਾਗਜ ਪੱਤਰ ਪੂਰੇ ਕਰ ਇਹ ਵੀ ਅਪਣਾ ਲਈ..ਸ਼ਕਲੋਂ ਪੱਕੇ ਰੰਗ ਦੀ ਸੀ ਪਰ ਰਿਸ਼ਤੇਦਾਰੀ ਅਤੇ ਆਸ ਪਾਸ ਵਿਚ ਪੱਕੀ ਹਿਦਾਇਤ ਸੀ ਕੇ ਜਿਹੜਾ ਇਸਦੇ ਰੰਗ ਜਾਤ ਪਾਤ ਤੇ ਜਾਂ ਫੇਰ ਪਿਛਲੀ ਜਿੰਦਗੀ ਬਾਰੇ ਕੋਈ ਟਿੱਪਣੀ ਕਰੂ ਉਸ ਨਾਲ ਪੱਕਾ ਤੋੜ-ਵਿਛੋੜਾ ਕਰ ਲਿਆ ਜਾਊ..!

ਦੱਸਦੇ ਜੋ ਆਪ ਖਾਂਦੇ ਪਾਉਂਦੇ ਸਨ ਓਹੀ ਇਸ ਨੂੰ ਦਿੱਤਾ ਜਾਂਦਾ ਸੀ..ਮਗਰੋਂ ਜਦੋਂ ਵਿਆਹ ਵਾਲੇ ਦਿਨ ਤੋਰਨ ਲੱਗੇ ਤਾਂ ਦੱਸਦੇ ਆਸਮਾਨ ਵੀ ਹੰਜੂ ਵਹਾਉਣ ਲੱਗ ਪਿਆ ਸੀ! 

ਤੀਜਾ ਮਾਮਲਾ: ਰੇਲਵੇ ਵਿਚ ਕੰਮ ਕਰਦੇ ਪਿਤਾ ਜੀ ਦੱਸਦੇ ਹੁੰਦੇ ਸੀ ਕੇ ਨਾਨਕ ਸਿੰਘ ਨਾਮ ਦਾ ਇੱਕ ਰੇਲਵੇ ਗਾਰਡ ਗੱਡੀ ਵਿਚ ਕਿਸੇ ਵੱਲੋਂ ਛੱਡੀ ਹੋਈ ਨਵਜੰਮੀਂ ਕੁੜੀ ਨੂੰ ਘਰ ਲੈ ਆਇਆ..ਖੁਦ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਵੀ ਦੋਨਾਂ ਜੀਆਂ ਨੇ ਫੈਸਲਾ ਲਿਆ ਕੇ ਆਪਣਾ ਬਚਾ ਨਹੀਂ ਕਰਨਗੇ..ਕਿਧਰੇ ਸਾਮਣੇ ਆਪਣਾ ਖੂਨ ਵੇਖ ਗੱਡੀਓਂ ਲੱਭੀ ਇਸ ਨਿਕੀ ਜਿੰਨੀ ਪਰੀ ਨਾਲ ਮੋਹ ਪਿਆਰ ਹੀ ਨਾ ਘਟ ਜਾਵੇ..ਮਗਰੋਂ ਸ਼ਾਇਦ ਪੀ.ਸੀ.ਐੱਸ ਜੁਡੀਸ਼ੀਅਲ ਕਰਕੇ ਜੱਜ ਵੀ ਲੱਗੀ ਸੀ!

ਬੜਾ ਔਖਾ ਹੁੰਦਾ ਏ ਕਿਸੇ ਬੇਗਾਨੇ ਖੂਨ ਨੂੰ ਕਲਾਵੇ ਵਿੱਚ ਲੈ ਖੁਦ ਦੀਆਂ ਰਗਾਂ ਵਿਚ ਦੀ ਵਹਾਉਣਾ..ਉਹ ਵੀ ਓਦੋਂ ਜਦੋਂ ਦੁਨੀਆ ਦੇ ਜਿਆਦਾਤਰ ਲੋਕ ਅਕਸਰ ਹੀ ਇੰਤਜਾਰ ਕਰ ਰਹੇ ਹੁੰਦੇ ਕੇ ਇਹ ਕੋਈ ਐਸਾ ਕੰਮ ਕਰੇ ਕੇ ਇਸਨੂੰ ਆਸਰਾ ਦੇਣ ਵਾਲਾ ਕੱਖੋਂ ਹੌਲਾ ਹੋ ਜਾਵੇ ਤੇ ਸਾਨੂੰ ਮੇਹਣੇ ਦੇ ਕੇ ਇਸਦਾ ਗੁਰੂਰ ਤੋੜਨ ਦਾ ਮੌਕਾ ਮਿਲੇ..!

ਵਾਹ ਵਾਹ ਕੈਸੀ ਫਿਦਰਤ ਪਾਈ ਏ ਇਨਸਾਨ ਨੇ..ਗੁਰੂ ਘਰ ਵਿੱਚ ਵੀ ਅੱਖਾਂ ਮੀਟੀ ਖਲੋਤੇ ਕਿੰਨੇ ਸਾਰੇ ਬਗਲੇ ਭਗਤ ਇਹੋ ਮੰਨਤ ਮੰਗ ਰਹੇ ਹੁੰਦੇ ਨੇ ਕੇ ਹੈ ਰੱਬਾ ਗਵਾਂਢੀ ਦੀ ਔਲਾਦ ਪੁੱਠੇ ਪਾਸੇ ਪੈ ਜਾਵੇ..!  

ਸੋ ਦੋਸਤੋ ਕੌਣ ਆਖਦਾ ਏ ਕੇ ਫਰਿਸ਼ਤੇ ਸਿਰਫ ਅੰਬਰੀਂ ਹੀ ਵਾਸਾ ਕਰਿਆ ਕਰਦੇ ਨੇ..!

ਪਾਰਖੂ ਅੱਖ ਨਾਲ ਵੇਖਿਆ ਏਦਾਂ ਦੇ ਕਿੰਨੇ ਸਾਰੇ ਦੇਵ ਪੁਰਸ਼ ਅਕਸਰ ਆਲੇ ਦੁਆਲੇ ਘੁੰਮਦੇ ਨਜਰ ਆ ਹੀ ਜਾਂਦੇ ਨੇ..!

ਪਰ ਇਹਨਾਂ ਦੀ ਵੱਡੀ ਕਮੀਂ ਇਹ ਹੁੰਦੀ ਏ ਕੇ ਇਹ ਕੀਤੇ ਕੰਮਾਂ ਦਾ ਕਦੀ ਢਿੰਡੋਰਾ ਨਹੀਂ ਪਿੱਟਦੇ..ਸ਼ਾਇਦ ਚੰਗੀ ਤਰਾਂ ਜਾਣਦੇ ਹੁੰਦੇ ਨੇ ਕੇ ਉੱਪਰਲੇ ਵੱਲੋਂ ਪਸੰਦ ਕੀਤੀ ਕਿਸੇ ਫਿਲਮ ਵਿਚ ਇਸ਼ਤਿਹਾਰਬਾਜੀ ਅਤੇ ਲਫ਼ਾਫੇਬਾਜੀ ਲਈ ਕੋਈ ਥਾਂ ਨਹੀਂ ਹੁੰਦੀ..!

ਹਰਪ੍ਰੀਤ ਸਿੰਘ ਜਵੰਦਾ

ਸੋਸ਼ਲ ਮੀਡੀਆ ਤੇ ਵੀ ਇਹ ਲਿਖਤ 9 ਅਗਸਤ 2021 ਨੂੰ ਸਵੇਰੇ 9:38 ਵਜੇ ਪੋਸਟ ਕੀਤੀ ਗਈ ਸੀ