Friday 17 September 2021

ਸ਼੍ਰੋਮਣੀ ਅਕਾਲੀ ਦਲ ਬਾਦਲ ਜੋਸ਼ ਨਾਲ ਸਰਗਰਮ

 17th September 2021 at 08:14 PM

ਦਿੱਲੀ ਵਿਖੇ ਸੰਸਦ ਨੇੜੇ ਕੀਤਾ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ 

ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਲੋਕ ਮੀਡੀਆ ਮੰਚ)::

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਇੱਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਗਿਆ ਹੈ। ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿੱਚ ਸੰਸਦ ਤੱਕ ਰੋਸ ਮਾਰਚ ਕੀਤਾ ਗਿਆ । 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਜਗਮੀਤ ਸਿੰਘ ਬਰਾੜ ਸਮੇਤ 14 ਸੀਨੀਅਰ ਆਗੂਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਸਨ ਅਤੇ ਇੱਥੇ ਅਰਦਾਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਵੱਲ ਰੋਸ ਮਾਰਚ ਸ਼ੁਰੂ ਕੀਤਾ ਗਿਆ। ਜਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਪਾਸ ਹੋਣ ਦੇ ਇੱਕ ਸਾਲ ਪੂਰਾ ਹੋਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਵੀ ਟੁੱਟਿਆ ਸੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦੇ ਖਿਲਾਫ਼ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ।

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਇਹ ਖੇਤੀ ਕਾਨੂੰਨ ਲੋਕ ਸਭਾ ਵਿੱਚ ਪਾਸ ਹੋਏ ਸਨ ਅਤੇ ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਡਾ. ਮਨਮੋਹਨ ਸਿੰਘ ਦੇ ਵੇਲੇ ਸੰਸਦ ਵਿੱਚ ਆਏ ਸਨ ਪਰ ਉਨ੍ਹਾਂ ਨੂੰ ਵਿਰੋਧ ਕਾਰਨ ਝੁਕਣਾ ਪਿਆ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਇਨ੍ਹਾਂ ਦਾ ਬਾਰੇ ਲਿਖਿਆ ਗਿਆ ਸੀ।"

ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਕਾਨੂੰਨ ਪ੍ਰਧਾਨ ਮੰਤਰੀ ਨੇ ਲਾਗੂ ਕੀਤੇ ਹਨ, ਤੁਸੀਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ- ਬਸਪਾ ਦੀ ਸਰਕਾਰ ਬਣਾ ਦਿਓ ਜਿਸ ਨਾਲ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਹੋਣਗੇ।"

ਉਨ੍ਹਾਂ ਕੇਜਰੀਵਾਲ ਨੂੰ ਆੜੇ ਹਥੀ ਲੈਂਦਿਆਂ ਕਿਹਾ "ਅਰਵਿੰਦ ਕੇਜਰੀਵਾਲ ਨੇ ਐੱਸਵਾਈਐਲ ਦਾ ਸਮਰਥਨ ਕੀਤਾ ਹੈ ਤੇ ਅੱਜ ਗੁਰਦੁਆਰਿਆਂ ਵਿੱਚ ਆਉਣ ਉੱਪਰ ਰੋਕ ਲਗਾਉਣ ਲਈ ਲਿਖਤੀ ਨੋਟੀਫਿਕੇਸ਼ਨ ਵੀ ਕੱਢੇ ਹਨ।"

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਉਪਰ ਨਿਸ਼ਾਨਾ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰੋਕਾਂ ਦੇ ਬਾਵਜੂਦ ਪ੍ਰਦਰਸ਼ਨ ਵਿੱਚ ਪੁੱਜੇ ਹਨ। ਪ੍ਰਦਰਸ਼ਨ ਲਈ ਪੁੱਜੀਆਂ ਔਰਤਾਂ ਦਾ ਵੀ ਉਨ੍ਹਾਂ ਨੇ ਧੰਨਵਾਦ ਕਰਦਿਆਂ ਆਖਿਆ ਕਿ ਰਾਤ ਦੋ ਵਜੇ ਤੱਕ ਇਹ ਸੜਕਾਂ ਉਪਰ ਦਿੱਲੀ ਆਉਣ ਲਈ ਮੌਜੂਦ ਸਨ। ਪਹਿਲਾਂ ਉੱਤਰ ਪ੍ਰਦੇਸ਼ ਅਤੇ ਫਿਰ ਕੇਂਦਰ ਵਿੱਚ ਵੀ ਇਹ ਸਰਕਾਰ ਦੋ ਸਾਂਸਦਾਂ 'ਤੇ ਆ ਜਾਵੇਗੀ।

ਹਰਸਿਮਰਤ ਕੌਰ ਬਾਦਲ ਨੇ ਕਿਹਾ, "ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਕਿਸਾਨ ਡਟੇ ਰਹਿਣਗੇ।" ਉਨ੍ਹਾਂ ਨੇ ਖੇਤੀ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਜ਼ਿਕਰ ਵੀ ਕੀਤਾ।

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਦੱਸਿਆ ਕਿ, ਸ਼੍ਰੋਮਣੀ ਅਕਾਲੀ ਦਲ ਵੱਲੋਂ ਐਗਜ਼ੈਕੇਟਿਵ ਮੈਜਿਸਟ੍ਰੇਟ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਮੈਮੋਰੰਡਮ ਸੌਂਪਿਆ ਗਿਆ ਹੈ । "ਅਸੀਂ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ, ਐੱਮਐੱਸਪੀ ਦੇ ਕਾਨੂੰਨੀ ਗਾਰੰਟੀ ਚਾਹੁੰਦੇ ਹਾਂ, ਨਾਲ ਹੀ ਸਾਰੀਆਂ ਫ਼ਸਲਾਂ ਦੀ ਖਰੀਦ ਦੇ ਅਤੇ ਵਚਨਬੱਧਦਾ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਕਾਨੂੰਨ ਲੈ ਕੇ ਆਉਣ ਤੋਂ ਪਹਿਲਾਂ ਸਲਾਹ-ਮਸ਼ਵਰਾ ਕੀਤਾ ਜਾਵੇ।"

ਧਿਆਨਦੇਣ ਯੋਗ ਹੈ ਕਿ ਦਿੱਲੀ ਪੁਲੀਸ ਦੇ ਡੀਸੀਪੀ ਦੀਪਕ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸਪਸ਼ਟ ਸ਼ਬਦਾਂ ਵਿਚ ਵਿਰੋਧ ਪ੍ਰਦਰਸ਼ਨ ਲਈ ਮਨਜ਼ੂਰੀ ਨਾ ਹੋਣ ਬਾਰੇ ਦੱਸ ਦਿੱਤਾ ਸੀ ਜਿਸਦੇ ਬਾਵਜੂਦ ਵੀ ਬਾਦਲ ਦਲ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।

Thursday 9 September 2021

ਹੁਣ ਲੁਧਿਆਣਾ ਵਿੱਚ ਕਾਂਗਰਸ ਵੀ ਭਾਜਪਾ ਨੂੰ ਲੰਮੇ ਹੱਥੀਂ ਟੱਕਰੀ

 ਜੇ ਕੀਮਤ ਘੱਟ ਲੱਗਦੀ ਹੈ ਤਾਂ ਵੱਧ ਦਾ ਡਰਾਫਟ  ਦੇ ਦਿਓ-ਈ-ਆਕਸ਼ਨ ਤੁਹਾਡੇ ਨਾਮ ਕਰਾ ਦਿਆਂਗੇ 

ਇੰਪਰੂਵਮੈਂਟ ਟਰਸਟ ਤੇ ਦੋਸ਼ਾਂ ਦਾ ਲਿਆ ਗੰਭੀਰ ਨੋਟਿਸ-ਤਾਲੇ ਮਾਰਨ ਦੇ ਡਰਾਮੇ ਦੀ ਤਿੱਖੀ ਨਿਖੇਧੀ 


ਲੁਧਿਆਣਾ
9 ਸਤੰਬਰ 2021: (ਲੋਕ ਮੀਡੀਆ ਮੰਚ ਬਿਊਰੋ)::
ਘਰੇਲੂ ਕਾਟੋ ਕਲੇਸ਼ ਦੀ ਸਮੱਸਿਆ ਅਤੇ ਹਰ ਹੀਲੇ ਸੱਭਿਅਕ ਅਤੇ ਸ਼ਾਂਤ ਬਣੇ ਰਹਿਣ ਵਾਲੇ ਆਪਣੇ ਇਤਿਹਾਸ ਤੇ ਪਹਿਰਾ ਦੇਂਦਿਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਵੀ  ਇਕਾਈਆਂ ਬੀਜੇਪੀ ਦੇ ਡਰਾਮਿਆਂ ਨੂੰ ਚੁੱਪਚਾਪ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਸਨ ਉਹ ਵੀ ਹੁਣ ਗੁੱਸੇ ਵਿੱਚ ਹਨ। ਕਾਂਗਰਸ ਪਾਰਟੀ ਦੀਆਂ ਇਹਨਾਂ ਇਕਾਈਆਂ ਦਾ ਕਹਿਣਾ ਹੈ ਕਿ ਭਾਜਪਾ ਸਾਰੇ ਹੱਦਾਂ ਬੰਨੇ ਪਾਰ ਕਰਦੀ ਜਾ ਰਹੀ ਹੈ। 
ਕਾਂਗਰਸ ਪਾਰਟੀ ਦੀ ਲੁਧਿਆਣਾ ਸ਼ਹਿਰੀ ਇਕਾਈ ਵੀ ਰੋਹ ਵਿੱਚ ਹੈ। ਕਾਂਗਰਸ ਪਾਰਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਕਾਂਗਰਸ ਸ਼ਾਸਨ ਕਾਲ ਦੇ ਵਿੱਚ ਜੇ ਕਿਸੇ ਚੀਜ਼ ਦੀ ਕੀਮਤ ਦੁਆਨੀ-ਚੁਆਨੀ ਵੀ ਵਧਦੀ ਸੀ ਤਾਂ ਭਾਜਪਾ ਵਾਲੇ ਆਲੂਆਂ-ਪਿਆਜ਼ਾਂ ਦਾ ਹਾਰ ਗਲ ਵਿਚ ਲਟਕਾ ਕੇ ਅਤੇ ਸਲੰਡਰ ਗਲੇ ਵਿਚ ਪਾ ਕੇ ਸੜਕਾਂ ਤੇ ਨਿਕਲ ਆਉਂਦੇ ਸਨ। ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਵਾਰ ਮੀਡੀਆ ਵਿੱਚ ਛਪਦੀਆਂ ਰਹੀਆਂ ਹਨ। 
ਹੁਣ ਜਦੋਂ ਕਿ ਮੋਦੀ ਰਾਜ ਵਿੱਚ ਲਗਾਤਾਰ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ ਅਤੇ ਹੁਣ ਉਹੀ ਭਾਜਪਾ ਪਤਾ ਨਹੀਂ ਕਿਹੜੇ ਘੁਰਨਿਆਂ ਅਤੇ ਖੁੱਡਾਂ ਵਿਚ ਵੜੀ ਹੋਈ ਹੈ ਜਿਹੜੀ ਝੱਟ ਸੜਕਾਂ ਤੇ ਨਿਕਲ ਆਉਂਦੀ ਸੀ। ਹੁਣ ਉਸੇ ਭਾਜਪਾ ਨੇ ਬੁੱਲ ਸੀ ਲਏ ਹਨ ਹੁਣ ਲੋਕ ਵਿਰੋਧੀ ਪਾਰਟੀ ਵੱਜੋਂ ਉਭਰ ਕੇ ਸਾਹਮਣੇ ਆ ਰਹੀ ਭਾਜਪਾ  ਮੈਂਬਰਾਂ ਨੇ ਆਪਣੀ ਜ਼ੁਬਾਨ ਨੂੰ ਤਾਲਾ ਮਾਰ ਲਿਆ ਹੈ। ਹੁਣ ਉਹਨਾਂ ਵੱਧ ਰਹੀ ਮਹਨਿਗਾਈ ਤੋਂ ਅੱਖਾਂ ਵੀ ਮੀਚ ਲਈਆਂ ਹਨ ਅਤੇ ਕੰਨ ਵੀ ਬੰਦ ਕਰ ਲੈ ਹਨ। ਮਹਿੰਗਾਈ ਕਰ ਕੁਰਲਾ ਰਹੇ ਲੋਕਾਂ ਦੀ ਕੁਰਲਾਹਟ ਹੁਣ ਭਾਜਪਾ ਵਾਲਿਆਂ ਨੂੰ ਸੁਣਾਈ ਨਹੀਂ ਦੇਂਦੀ। ਕਾਂਗਰਸ ਨਾਲ ਜੁੜੀਆਂ ਕੇਡਰ ਇਸ ਗੱਲੋਂ ਵੀ ਸਖਤ ਨਾਰੇ ਹੈ ਕਿ ਕੈਪਟਨ ਸਰਕਾਰ ਇਹਨਾਂ ਪਰੀ ਸਖਤੀ ਕਿਓਂ ਨਹੀਂ ਵਰਤਦੀ? 
ਕਾਂਗਰਸ ਪਾਰਟੀ ਦੀ ਲੁਧਿਆਣਾ ਇਕਾਈ ਵਿੱਚ ਇੰਪਰੂਵਮੈਂਟ  ਟ੍ਰਸਟ ਨੂੰ ਤਾਲਾ ਮਾਰਨ ਦੀ ਗੱਲ ਦਾ ਤਿੱਖਾ ਵਿਰੋਧ ਜਾਰੀ ਹੈ। ਇਹਨਾਂ ਢੰਗ ਤਰੀਕਿਆਂ ਅਤੇ ਹਰਬਿਆਂ ਦਾ ਵਿਰੋਧ ਕਰਦਿਆਂ ਜ਼ਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਸਭ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਚਾਲ ਹੈ ਜਿਹੜੀ ਭਾਜਪਾ ਦਾ ਪੁਰਾਣ ਹਥਿਆਰ ਰਹੀ ਹੈ। ਕਾਂਗਰਸ ਵਰਕਰਾਂ ਦਾ ਵੀ ਕਹਿਣਾ ਹੈ ਕਿ ਭਾਜਪਾ ਨੇ ਸ਼ਰਮ ਹਯਾ ਘੋਲ ਕੇ ਪੀ ਲਈ ਹੋਈ ਹੈ। 
ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਸਾਰੇ ਮਾਮਲੇ ਦਾ ਵੇਰਵਾ ਦੱਸਦਿਆਂ ਕਿਹਾ ਭਾਜਪਾ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਇੰਪਰੂਵਮੈਂਟ ਟ੍ਰਸਟ ਵੱਲੋਂ ਅਲਗ ਅਲਗ ਸਕੀਮਾਂ ਅਧੀਨ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਵਿਕਰੀ ਪੰਜਾਬ ਮਿਊਂਸਪਲ ਪ੍ਰਾਪਰਟੀ ਐਕਟ-2020 ਅਨੁਸਾਰ ਫਿਕਸ ਕੀਤੀ ਗਈ ਰਿਜ਼ਰਵ ਕੀਮਤ ਅਨੁਸਾਰ ਹੀ ਈ-ਆਕਸ਼ਨ ਕਰ ਕੇ ਵੇਚੀ ਗਈ ਹੈ। 
ਇਹ ਸਭ 16 ਅਗਸਤ 2021 ਨੂੰ ਹੋਇਆ। ਸਰਕਾਰੀ ਅਸੂਲਾਂ ਅਨੁਸਾਰ ਇਸ ਦੀ ਵੱਡੀ ਪੱਧਰ ਤੇ ਇਸ਼ਤਿਹਾਰਬਾਜ਼ੀ ਕਰਕੇ ਸਭ ਕੁਝ ਕੀਤਾ ਗਿਆ। ਅਖਬਾਰਾਂ ਵਿਚ ਤਿੰਨ ਵਾਰ ਇਸ਼ਤਿਹਾਰ ਦਿੱਤੇ ਗਏ। ਰਿਜ਼ਰਵ ਪ੍ਰਾਈਜ਼ ਤੋਂ ਬਹੁਤ ਹੀ ਜ਼ਿਆਦਾ ਕੀਮਤ ਤੇ ਇਹ ਬੋਲੀ ਟੁੱਟੀ। ਇਸ ਵਿੱਚ ਬਾਕਾਇਦਾ ਚਾਰ ਪਾਰਟੀਆਂ ਨੇ ਭਾਗ ਲਿਆ ਸੀ। ਇਹ ਪ੍ਰਾਪਰਟੀ ਰਿਤੇਸ਼ ਪ੍ਰਾਪਰਟੀ ਐਂਡ ਇੰਡਸਟਰੀ ਲਿਮਟਿਡ ਨੂੰ 983836043 ਵਿੱਚ 6 ਫ਼ੀਸਦੀ ਸਾਇੰਸ ਸਹਿਤ ਈ-ਐਕਸ਼ਨ ਰਹਿਣ ਦਿੱਤੀ ਗਈ। ਜਦਕਿ ਰਿਜ਼ਰਵ ਪ੍ਰਾਈਜ਼  918647210 ਰੁਪਏ ਹੀ ਸੀ। ਇਸਦਾ ਰਕਬਾ 16344 ਵਰਗ ਗਜ਼ ਸੀ। ਇਸ ਵਿੱਚੋਂ ਵੀ ਸਿਰਫ 40 ਫ਼ੀਸਦੀ ਹਿੱਸਾ ਹੀ ਤਕਨੀਕੀ ਤੌਰ ਤੇ ਵਰਤਿਆ ਜਾ ਸਕਦਾ ਹੈ। 
ਜੇ ਭਾਜਪਾ ਵਾਲਿਆਂ ਨੂੰ ਇਹ ਕੀਮਤ ਘੱਟ ਲੱਗਦੀ ਹੈ ਤਾਂ ਜਿਹੜੀ ਵੱਧ ਕੀਮਤ ਉਹ ਰੱਖਣਾ ਚਾਹੁੰਦੇ ਹਨ ਉਸਦਾ ਐਡਵਾਂਸ ਡਰਾਫਟ ਬਣਵਾ ਕੇ ਦੇ ਦੇਣ ਇਹ ਈ-ਆਕਸ਼ਨ ਬੀਜੇਪੀ ਦੇ ਨਾਮ ਕਰ ਦਿੱਤੀ ਜਾਵੇਗੀ। ਹੁਣ ਚੋਣਾਂ ਦੇਖ ਕੇ ਭਾਜਪਾ ਨੇ ਜੋ ਕੁਝ ਕਰਨਾ ਸ਼ੁਰੂ ਕੀਤਾ ਹੈ ਉਹ ਕੁਝ ਭਾਜਪਾ ਹਮੇਸ਼ਾਂ ਹੀ ਕਰਦੀ ਆਈ ਹੈ। ਡਰਾਮੇਬਾਜ਼ੀ ਇਹਨਾਂ ਦੀ ਰਵਾਇਤ ਵਿਚ ਸ਼ਾਮਲ ਹੈ। ਨਾ ਇਸ ਲੋਕ ਵਿਰੋਧੀ ਪਾਰਟੀ ਕੋਲ ਲੋਕਾਂ ਦੇ ਭਲੇ ਵਾਲੀ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਕੋਈ ਠੋਸ ਮੁੱਦਾ ਹੈ। 
ਮਹਿੰਗਾਈ ਤੇ ਹਮੇਸ਼ਾਂ ਹੀ ਇਸ ਪਾਰਟੀ ਦੇ ਦੋਗਲੇ ਕਿਰਦਾਰ ਰਹੇ ਹਨ। ਲੋਕਾਂ ਵਿਚ ਬਣੇ ਰਹਿਣ ਲਈ ਅਤੇ ਮੋਦੀ ਸਰਕਾਰ ਦੀ ਮਹਿੰਗਾਈ ਵਰਗੇ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਨੇ ਸਰਕਾਰੀ ਅਦਾਰਿਆਂ ਨੂੰ ਤਾਲੇ ਮਾਰਨ ਵਰਗੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਦਾ ਸਾਥ ਦੇਣਾ ਭਾਜਪਾ ਦੀ ਰਵਾਇਤ ਰਹੀ ਹੈ। ਜਨਤਾ ਦੇ ਹੱਕ ਦੀ ਗੱਲ ਇਹਨਾਂ ਨੂੰ ਕਦੇ ਵੀ ਚੰਗੀ ਨਹੀਂ ਲੱਗੀ। ਕਿਤੇ ਇਹ ਨਾ ਹੋਵੇ ਕਿ ਸੱਤੇ ਹੋਏ ਲੋਕ ਉੱਠ ਕੇ ਭਾਜਪਾ ਦਫਤਰਾਂ ਨੂੰ ਤਾਲੇ ਮਾਰਨੇ ਸ਼ੁਰੂ ਕਰ ਦੇਣ। 
ਹੁਣ ਕਿਸਾਨ ਸੜਕਾਂ ਤੇ ਰੁਲ ਰਹੇ ਹਨ, ਮਰ ਰਹੇ ਹਨ ਪਰ ਪੱਥਰਦਿਲ ਭਾਜਪਾ ਦਾ ਦਿਲ ਨਹੀਂ ਪਿਘਲਿਆ। ਪੈਟਰੋਲ, ਡੀਜ਼ਲ, ਗੈਸ, ਸਰੋਂ ਦਾ ਤੇਲ ਅਤੇ ਹੋਰ ਲੁੜੀਂਦੀਆਂ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਪਰ ਭਾਜਪਾ ਨੇ ਇਹਨਾਂ ਮੁੱਦਿਆਂ ਤੇ ਆਪਣੇ ਮੂੰਹ ਸੀਤੇ ਹੋਏ ਹਨ। ਇੱਕ ਵਾਰ ਵੀ ਕੋਈ ਮੁਜ਼ਾਹਰਾ ਨਹੀਂ ਕੀਤਾ ਇਹਨਾਂ ਨੇ। ਮਹਿੰਗਾਈ ਦੇ ਖਿਲਾਫ ਕੋਈ ਬਿਆਨ ਤੱਕ ਨਹੀਂ ਨਹੀਂ ਦਿੱਤਾ ਇਸ ਪਾਰਟੀ ਨੇ। ਕਾਰਪੋਰੇਟਾਂ ਦੀ ਗੁਲਾਮੀ ਕਰਨ ਵਾਲੀ ਪਾਰਟੀ  ਭਾਜਪਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਨਿੱਤ ਦਿਨ ਡਰਾਮੇ ਕਰ ਰਹੀ ਹੈ। ਇਸੇ ਲਈ ਭਾਜਪਾ ਦੇ ਦਿੱਗਜ ਵੀ ਪਾਰਟੀ ਨੂੰ ਛੱਡ ਰਹੇ ਹਨ। ਅੱਜ ਦੀ ਇਸ ਪ੍ਰੈਸ  ਕਾਨਫਰੰਸ ਵਾਲੀ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਆਗੂ ਕੰਵਰ ਹਰਪ੍ਰੀਤ ਸਿੰਘ, ਵਿਨੋਦ ਭਾਰਤੀ, ਵੀ ਕੇ ਅਰੋੜਾ, ਸੁਰਿੰਦਰ ਸ਼ਰਮਾ, ਕੋਮਲ ਖੰਨਾ ਅਤੇ ਪ੍ਰਦੀਪ ਕੁਮਾਰ ਵੀ ਮੌਜੂਦ ਸਨ। 
ਹੁਣ ਦੇਖਣਾ ਹੈ ਕਿ ਕਾਂਗਰਸ ਪਾਰਟੀ ਜ਼ਿਲਾ ਲੁਧਿਆਣਾ ਦੇ ਮੈਂਬਰਾਂ ਦਾ ਇਹ ਰੋਹ ਭਾਜਪਾ ਵਿਰੁੱਧ ਲੋਕਾਂ ਦੀ ਲਾਮਬੰਦੀ ਨੂੰ ਤੇਜ਼ ਕਰਨ ਲਈ ਸਹਾਇਕ ਹੁੰਦਾ ਹੈ ਜਾਂ ਇਥੇ ਹੀ ਦੱਬ ਜਾਂਦਾ ਹੈ। 

Wednesday 25 August 2021

ਬਿਰਧ ਆਸ਼ਰਮ ਸਮੇਂ ਦੀ ਲੋੜ ਕਿਓਂ ਬਣਦਾ ਜਾ ਰਿਹੈ?

25th August 2021 at  8:16 AM
ਲੋਕ ਮੁੱਦਿਆਂ 'ਤੇ ਲਿਖਣ ਵਾਲੀ ਪ੍ਰਭਜੋਤ ਕੌਰ ਢਿੱਲੋਂ ਨੇ ਉਠਾਏ ਕਈ ਨੁਕਤੇ   
ਇਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀ ਸੰਭਾਲ ਵੀ ਜੇ ਨਾ ਕੀਤੀ ਜਾ ਸਕੇ ਤਾਂ ਕਿੰਨੀ ਮਾੜੀ ਗੱਲ 

 ਮੋਹਾਲੀ: 25 ਅਗਸਤ 2021: (ਪ੍ਰਭਜੋਤ ਕੌਰ ਢਿੱਲੋਂ//ਮੋਹਾਲੀ ਸਕਰੀਨ//ਲੋਕ ਮੀਡੀਆ ਮੰਚ)::

ਪ੍ਰਭਜੋਤ ਕੌਰ ਢਿੱਲੋਂ 

ਸਮਾਂ ਬਦਲਦਾ ਹੈ ਤਾਂ ਬਹੁਤ ਕੁੱਝ ਬਦਲਦਾ ਹੈ ਅਤੇ ਬਦਲਣਾ ਵੀ ਚਾਹੀਦਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਉਹ ਚਾਹੇ ਚੰਗਾ ਹੋਏ ਜਾਂ ਮਾੜਾ।ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਬਿਰਧ ਆਸ਼ਰਮ ਸਾਡੇ ਸਮਾਜ ਦਾ ਹਿੱਸਾ ਨਹੀਂ ਹਨ। ਪਰ ਜਿਵੇਂ ਮਾਪਿਆਂ ਨਾਲ ਘਰਾਂ ਵਿੱਚ ਬਦਸਲੂਕੀ ਹੋ ਰਹੀ ਹੈ ਅਤੇ ਮਾਪਿਆਂ ਨੂੰ ਸੜਕਾਂ ਤੇ ਰੁੱਲਣਾ ਲਈ ਛੱਡ ਦਿੱਤਾ ਜਾਂਦਾ ਹੈ,ਉਸ ਲਈ ਮਾਣਯੋਗ ਅਦਾਲਤਾਂ ਅਤੇ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਸੀਨੀਅਰ ਸਿਟੀਜ਼ਨ ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਅਤੇ ਇਸਨੂੰ ਲਾਗੂ ਕਰਨਾ ਇਸਤੋਂ ਵੀ ਵਧੇਰੇ ਜ਼ਰੂਰੀ ਹੈ। ਇੱਕ ਨਵੇਂ ਮਾਮਲੇ ਤੋਂ ਪਤਾ ਲੱਗਿਆ ਕਿ 23 ਅਗਸਤ 2021 ਨੂੰ ਬਜ਼ੁਰਗ ਮਾਪਿਆਂ ਨੂੰ ਦਿੱਲੀ ਦੀ ਇੱਕ ਸੜਕ ਤੇ ਧੱਕੇ ਖਾਣ ਲਈ ਪੁੱਤ ਛੱਡ ਗਿਆ। ਸੋਸ਼ਲ ਮੀਡੀਆ ਤੇ ਲਾਈਵ ਹੋਕੇ ਇਕ ਸੰਸਥਾ ਵਲੋਂ ਇਹ ਵਿਖਾਇਆ ਗਿਆ। ਪੁੱਤ ਨੇ ਸਾਰੀ ਜਾਇਦਾਦ ਲਈ, ਇਸ ਕਰਕੇ ਧੀਆਂ ਨੇ ਸੰਭਾਲਣ ਤੋਂ ਜਵਾਬ ਦੇ ਦਿੱਤਾ। ਅਖੀਰ ਭੈਣ ਦੇ ਘਰ ਉਨਾਂ ਨੂੰ ਛੱਡਿਆ ਗਿਆ। 

ਅਸਲ ਵਿੱਚ ਮਾਪੇ ਜੇਕਰ ਔਲਾਦ ਨੂੰ ਜਾਇਦਾਦ ਨਹੀਂ ਦਿੰਦੇ ਤਾਂ ਵੀ ਜੋ ਹਾਲਤ ਉਨ੍ਹਾਂ ਦੀ ਘਰ ਵਿੱਚ ਹੁੰਦੀ ਹੈ, ਉਹ ਹੀ ਜਾਣਦੇ ਹਨ। ਜੇਕਰ ਦਿੰਦੇ ਹਨ ਤਾਂ ਹਾਲਤ ਸੜਕ ਵਾਲੀ ਹੋ ਜਾਂਦੀ ਹੈ। ਮਾਪੇ ਸ਼ਰਮ ਦੇ ਮਾਰੇ ਚੁੱਪ ਰਹਿੰਦੇ ਹਨ ਅਤੇ ਬਰਦਾਸ਼ਤ ਕਰਦੇ ਹਨ। ਨੂੰਹਾਂ ਨੂੰ ਤਾਂ ਉਨ੍ਹਾਂ ਦੀ ਫੋਨ ਤੇ ਗੱਲ ਕਰਨੀ ਵੀ ਹਜ਼ਮ ਨਹੀਂ ਹੁੰਦੀ। ਬਜ਼ੁਰਗ ਆਪਣੀ ਹਾਲਤ ਕਿਸੇ ਨੂੰ ਨਹੀਂ ਦੱਸ ਸਕਦੇ। ਘਰ ਦਾ ਪਿਆਰ ਬਹੁਤ ਤੰਗ ਕਰਦਾ ਹੈ, ਸਾਰੀ ਉਮਰ ਦੀ ਕਮਾਈ ਲੱਗੀ ਹੁੰਦੀ ਹੈ। ਜੇਕਰ ਪੁੱਤ ਕੁੱਝ ਨਹੀਂ ਕਹਿੰਦਾ ਤਾਂ ਨੂੰਹਾਂ ਆਪ ਉਹ ਕੁੱਝ ਕਹਿੰਦੀਆਂ ਹਨ ਜਿਹੜਾ ਸੁਣਿਆ ਨਹੀਂ ਜਾ ਸਕਦਾ।  ਜੇਕਰ ਮਾਪੇ ਜਵਾਬ ਦੇਣ ਤਾਂ ਫੇਰ ਨੂੰਹਾਂ ਨੂੰ  ਤੰਗ ਕਰਨ ਦੀ ਗੱਲ ਹੋਣ ਲੱਗਦੀ ਹੈ। ਅਜਿਹੀ ਔਲਾਦ ਕਿਸੇ ਵੀ ਤਰ੍ਹਾਂ ਮਾਪਿਆਂ ਦੀ ਜਾਇਦਾਦ ਦੀ ਹੱਕਦਾਰ ਨਹੀਂ ਹੈ।

ਜੇਕਰ ਨੂੰਹਾਂ ਪੁੱਤ ਬਜ਼ੁਰਗਾਂ ਨੂੰ ਤੰਗ ਕਰਦੇ ਹਨ ਤਾਂ ਸੀਨੀਅਰ ਸਿਟੀਜ਼ਨ ਐਕਟ ਅਧੀਨ ਕਾਰਵਾਈ ਕਰਕੇ ਨੂੰਹਾਂ ਪੁੱਤਾਂ ਤੋਂ ਘਰ ਖਾਲੀ ਕਰਵਾਇਆ ਜਾਵੇ।ਜੇਕਰ ਆਮਦਨ ਨਹੀਂ ਹੈ ਤਾਂ ਪੁੱਤ ਕੋਲੋਂ ਖਰਚਾ ਦਵਾਇਆ ਜਾਵੇ।ਬਿਰਧ ਆਸ਼ਰਮ ਸਮਾਜ ਦਾ ਹਿੱਸਾ ਬਣਨ ਵਾਲੀ ਹਾਲਤ ਬਣ ਰਹੀ ਹੈ।ਸਰਕਾਰਾਂ ਨੂੰ ਸਮਾਜ ਦੇ ਹਰ ਵਰਗ ਦੀ ਆਮਦਨ ਦੇ ਹਿਸਾਬ ਨਾਲ਼ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ।ਜੇਕਰ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਤਾਂ ਉਸਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।
ਜਿੰਨੀ ਦੇਰ ਬਜ਼ੁਰਗ ਜਿਊਂਦੇ ਹਨ,ਉਨ੍ਹਾਂ ਦੀ ਜਾਇਦਾਦ ਤੇ ਕਿਸੇ ਦਾ ਹੱਕ ਨਹੀਂ ਹੈ।ਠੀਕ ਹੈ ਨੂੰਹਾਂ ਦਾ ਵੀ ਹੱਕ ਹੈ ਪਰ ਜਿੰਨਾਂ ਨੇ ਉਸ ਘਰ ਨੂੰ ਬਣਾਉਣ ਜਾਂ ਬੇਟੇ ਨੂੰ ਪੈਰਾਂ ਤੇ ਖੜ੍ਹੇ ਕਰਨ ਲਈ ਮਿਹਨਤ ਅਤੇ ਕੁਰਬਾਨੀਆਂ ਕੀਤੀਆਂ,ਉਨ੍ਹਾਂ ਨੂੰ ਘਰਾਂ ਵਿੱਚ ਬੇਇਜ਼ਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।ਘਰ ਵਿੱਚ ਮਾਪਿਆਂ ਨਾਲ ਕੋਈ ਗੱਲ ਨਹੀਂ ਕਰਦਾ,ਉਹ ਇਕੱਲੇ ਬੈਠੇ ਨੂਰ ਦੇ ਰਹਿੰਦੇ ਹਨ।ਘਰ ਵਿੱਚ ਘੁੰਮਣ ਤੇ ਜਾਂ ਕਿਸੇ ਨਾਲ ਗੱਲ ਕਰਨਾ ਵੀ ਹਜ਼ਮ ਨਹੀਂ ਹੁੰਦਾ।ਜੇਕਰ ਇਵੇਂ ਦੇ ਹਾਲਾਤ ਹਨ ਤਾਂ ਫੇਰ ਬਿਰਧ ਆਸ਼ਰਮ ਕੁੱਝ ਤਾਂ ਰਾਹਤ ਦੇਣਗੇ।ਜਿਵੇਂ ਦੇ ਹਾਲਾਤ ਹਨ ਸਮਾਜ ਨੂੰ ਬਿਰਧ ਆਸ਼ਰਮਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ ਅਤੇ ਸਮੇਂ ਦੀ ਮੰਗ ਵੀ ਹੈ।   

ਬਿਰਧ ਆਸ਼ਰਮ ਕਿਸੇ ਸਮਾਜ ਲਈ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਹੁੰਦੀਂ। ਕੀ ਸਾਰੇ ਮਸਲੇ ਨੂੰ ਨਵੇਂ ਸਿਰਿਓਂ ਨਹੀਂ ਸੋਚਿਆ ਜਾਣਾ ਚਾਹੀਦਾ? ਮਾਪੇ ਆਪਣੀ ਉਮਰ ਭਰ ਦੀ ਸਾਰੀ ਕਮਾਈ ਔਲਾਦ ਦੇ ਹਵਾਲੇ ਕਿਓਂ ਕਰਨ? ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਕਰਨਾ ਸੀ ਉਹ ਕਰ ਦਿੱਤਾ ਹੁਣ ਸਾਰੀ ਸੰਪਤੀ ਕਿਓਂ ਦਿੱਤੀ ਜਾਵੇ?

ਚਾਰ ਪੈਸੇ ਕੋਲ ਬਚੇ ਹੋਣ ਤਾਂ ਬਹੁਤ ਸਾਰੀਆਂ ਔਕੜਾਂ ਦੂਰ ਹੋਈ ਜਾਂਦੀਆਂ ਹਨ। ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਜੇ ਔਲਾਦ ਨਾਲਾਇਕ ਹੈ ਤਾਂ ਅਜਿਹੀ ਔਲਾਦ ਨੂੰ ਦੇਣ ਨਾਲੋਂ ਤਾਂ ਸਮਾਜ ਦੇ ਭਲੇ ਹਿੱਟ ਕਿਸੇ ਸੰਸਥਾ ਨੂੰ ਦੇਣਾ ਜ਼ਿਆਦਾ ਚੰਗਾ ਹੋ ਸਕਦਾ ਹੈ?

ਇਸਦੇ ਨਾਲ ਹੀ ਨੂੰਹਾਂ ਪੁੱਤਰਾਂ ਲਈ ਬਜ਼ੁਰਗਾਂ ਦੀ ਸੰਭਾਲ ਦੇ ਸਾਰੇ ਛੋਟੇ ਵੱਡੇ ਨਿਯਮ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸਦੇ ਜਾਣਕਾਰੀ ਹਰ ਘਰ ਤੱਕ ਪਹੁੰਚਾਈ ਜਾਣੀ ਚਾਹੀਦੈ ਹੈ। ਬਜ਼ੁਰਗਾਂ ਲਈ ਇੱਕ ਵੱਖਰਾ ਹੈਲਪ ਲਾਈਨ ਨੰਬਰ ਇਸ ਮਕਸਦ ਲਈ ਹੋਣਾ ਚਾਹੀਦਾ ਹੈ। ਬਜ਼ੁਰਗਾਂ ਦੀ ਸੰਭਾਲ ਧਾਰਮਿਕ ਸੰਸਥਾਵਾਂ ਨੂੰ ਆਪਣੇ ਬੇਸ਼ੁਮਾਰ ਦਾਨ ਵਿੱਚ ਥੋੜਾ ਬਹੁਤ ਫ਼ੰਡ ਖਰਚਿਆ ਜਾਣਾ ਚਾਹੀਦਾ ਹੈ। 

ਸਿਆਸੀ ਪਾਰਟੀਆਂ ਨੂੰ ਇਸ ਸਬੰਧੀ ਵੀ ਆਪਣੇ ਮੈਨੀਫੈਸਟੋ ਵਿੱਚ ਆਪਣੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ। 

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
 

Monday 23 August 2021

ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤ ਬਣੇ ਚਿੰਤਾ ਦਾ ਵਿਸ਼ਾ

 Monday 23rd August at 03:54 PM

ਇਹਨਾਂ ਚਿੰਤਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ ਪ੍ਰੋ. ਦਿਨੇਸ਼ ਸ਼ਾਰਦਾ 
ਇਹ ਫੋਟੋ ਯੂਨਾਈਟਿਡ ਸਟੇਟਸ ਪੀਸ ਇੰਸੀਚਿਊਟ ਦੇ ਧੰਨਵਾਦ ਸਹਿਤ 

ਲੁਧਿਆਣਾ: 23 ਅਗਸਤ 2021: (*ਦਿਨੇਸ਼ ਸ਼ਾਰਦਾ//ਲੋਕ ਮੀਡੀਆ ਮੰਚ)::

ਅੱਜ ਜਦੋਂ ਅਸੀਂ ਭਾਰਤਵਾਸੀ ਰੱਖੜੀ ਦਾ ਪਵਿੱਤਰ ਤਿਉਹਾਰ ਮਨਾ ਰਹੇ ਹਾਂ ਉਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਦੇ ਸੱਤਾ ਵਿੱਚ ਆਉਣ ਨਾਲ ਉਥੋਂ ਦੇ ਨਾਗਰਿਕਾਂ ਦੇ ਹਾਲਾਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਤਾਲਿਬਾਨ ਸ਼ਾਸ਼ਨ ਵਿੱਚ ਔਰਤਾਂ, ਬੱਚਿਆਂ, ਆਮ ਜਨਤਾ ਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਪੂਰੇ ਵਿਸ਼ਵ ਨੂੰ ਇਕਜੁੱਟ ਹੋ ਕੇ ਕਦਮ ਚੁੱਕਣ ਦੀ ਜਰੂਰਤ ਹੈ। ਅੱਜ ਤੋਂ ਲਗਭਗ ਵੀਹ ਸਾਲ ਪਹਿਲਾਂ ਤਾਲਿਬਾਨ ਹਕੂਮਤ ਨੂੰ ਸੱਤਾ ਤੋਂ ਉਖੜਿਆ ਗਿਆ ਸੀ ਅਤੇ ਅੱਜ ਦੇ ਸਮੇਂ ਵਿੱਚ ਤਾਲਿਬਾਨ ਬੰਦੂਕ ਦੀ ਨੋਕ ਤੇ ਅਫਗਾਨਿਸਤਾਨ ਦੀ ਸੱਤਾ ਤੇ ਦੁਬਾਰਾ ਬਿਰਾਜਮਾਨ ਹੋ ਰਿਹਾ ਹੈ। ਪ੍ਰਸ਼ਨ ਇਹ ਹੈ ਕਿ ਵਿਸ਼ਵ ਨੇ ਜੇ ਤਾਲਿਬਾਨ ਦੇ ਸ਼ਾਸ਼ਨ ਨੂੰ ਹੀ ਮੰਜੂਰ ਕਰਨਾ ਸੀ ਤਾਂ ਵੀਹ ਸਾਲ ਪਹਿਲਾਂ ਉਸ ਨੂੰ ਸੱਤਾ ਤੋਂ ਵਾਂਝਿਆਂ ਹੀ ਕਿਉਂ ਕੀਤਾ ਗਿਆ। ਕੀ ਤਾਲਿਬਾਨ ਸ਼ਾਸ਼ਨ ਵਿੱਚ ਅਫਗਾਨ ਨਾਗਰਿਕਾਂ ਦੇ ਅਧਿਕਾਰ ਸੁਰਖਿਅਤ ਹੋ ਸਕਦੇ ਹਨ? ਜਿਸ ਤਰ੍ਹਾਂ ਤਾਲਿਬਾਨ ਅਫਗਾਨਿਸਤਾਨ ਵਿੱਚ ਕੱਟੜਤਾ ਫੈਲਾ ਰਿਹਾ ਹੈ ਤਾਂ ਕੀ ਅਜਿਹੇ ਵਾਤਾਵਰਣ ਵਿਚ ਆਮ ਲੋਕਾਂ ਦਾ ਮਾਨਸਿਕ, ਸਰੀਰਕ ਅਤੇ ਅਧਿਆਤਮਕ ਵਿਕਾਸ ਹੋ ਸਕਦਾ ਹੈ?  

ਅਫਗਾਨਿਸਤਾਨ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਅੰਤ ਹੋ ਗਿਆ ਹੈ। ਸਹੀ ਸ਼ਬਦਾਂ ਵਿੱਚ ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਹੱਤਿਆ ਹੋਈ ਹੈ। ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸਾਰੇ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਅਫਗਾਨ ਨਾਗਰਿਕਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ  ਆਪ ਜੀ ਦੇ ਪ੍ਰਸਿੱਧ ਅਤੇ ਜ਼ਿੰਮੇਵਾਰ  ਨਿਊਜ਼ ਚੈਨਲ  ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤਾਂ ਤੇ ਪੂਰੀ ਨਜਰ ਰੱਖੀ ਜਾਵੇ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

ਦਿਨੇਸ਼ ਸ਼ਾਰਦਾ ਪਬਲਿਕ ਐਡਮਨਿਸਟਰੇਸ਼ਨ ਦੇ ਨਾਲ ਸਬੰਧਤ ਪ੍ਰੋਫੈਸਰ ਹਨ। ਜੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਚਾਹੋ ਤਾਂ ਉਹਨਾਂ ਦੇ ਸੰਪਰਕ ਨੰਬਰ ਹਨ:+91 98550 83264//‎+91 70097 51929

ਨੋਟ: ਇਹ ਲੇਖਕ ਦੇ ਨਿਜੀ ਵਿਚਾਰ ਹਨ। ਸੰਪਾਦਕ ਦਾ ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। 

Friday 13 August 2021

ਇਹ ਹੈ ਜ਼ਿੰਦਗੀ ਦੀਆਂ ਅਸਲੀ ਖਬਰਾਂ ਵਾਲੀ ਅਲੌਕਿਕ ਜਿਹੀ ਰਿਪੋਰਟ

ਧਰਤੀ ਤੇ ਵਿਚਰਦੇ ਫ਼ਰਿਸ਼ਤਿਆਂ ਦੀ ਗੱਲ ਹਰਪ੍ਰੀਤ ਸਿੰਘ ਜਵੰਦਾ ਦੀ ਜ਼ੁਬਾਨੀ 


ਫਰਿਸ਼ਤੇ ਹੁਣ ਵੀ ਉਤਰ ਆਉਂਦੇ ਨੇ। ਇਹ ਫਰਿਸ਼ਤੇ ਉੱਚੇ ਅਸਮਾਨਾਂ ਦੇ ਕਿਸੇ ਅਣਦਿੱਸਦੇ ਸੁਰਗ ਜਾਂ ਰੱਬੀ ਦਰਬਾਰ ਵਿੱਚੋਂ ਨਹੀਂ ਆਉਂਦੇ ਬਲਕਿ ਇਥੇ ਹੀ ਸਾਡੇ ਆਲੇ ਦੁਆਲੇ ਉਹ ਕੁਝ ਕਰ ਦਿਖਾਉਂਦੇ ਹਨ ਜਿਹੜਾ ਚਮਤਕਾਰੀ ਜਿਹਾ ਹੁੰਦਾ ਹੈ। ਇੰਝ ਲੱਗਦਾ ਹੈ ਜਿਵੇਂ ਅੱਖ ਰਹੇ ਹੋਣ ਇਹ ਕੁਝ ਤੁਸੀਂ ਵੀ ਤਾਂ ਕਰ ਸਕਦੇ ਸੀ। ਫਿਰ ਯਾਦ ਕਰਾਉਂਦੇ ਹਨ ਜੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਫਿਰ ਹੁਣ ਧਿਆਨ ਰੱਖਣਾ। ਮੌਕੇ ਤਾਂ ਕਦਮ ਕਦਮ ਤੇ ਮਿਲਦੇ ਹਨ। ਤੁਹਾਨੂੰ ਵੀ ਮਿਲ ਸਕਦਾ ਹੈ। ਅਜਿਹੀ ਪ੍ਰੇਰਨਾ ਦੇਣ ਵਾਲੇ ਫ਼ਰਿਸ਼ਤਿਆਂ ਵਰਗੇ ਇਹਨਾਂ ਲੋਕਾਂ ਬਾਰੇ ਵੇਰਵੇ ਇਕੱਤਰ ਕੀਤਾ ਹੈ ਹਰਪ੍ਰੀਤ ਸਿੰਘ ਜਵੰਦਾ ਨੇ। ਜੇ ਇਹ ਲਿਖਤ ਪੜ੍ਹ ਕੇ ਤੁਹਾਡੇ ਵਿੱਚ ਲੁਕਿਆ ਬੈਠਾ ਕੋਈ ਦੇਵਤਾ ਵੀ ਜਾਗ ਸਕੇ ਤਾਂ ਸਾਨੂੰ ਇਹ ਕੋਸ਼ਿਸ਼ ਸਫਲ ਲੱਗੇਗੀ। -
ਕੋਆਰਡੀਨੇਸ਼ਨ ਸੰਪਾਦਕ


ਆਸਾਮ ਦੇ ਤਿੰਨਸੁਕੀਆ ਜ਼ਿਲੇ ਦੇ ਤੀਹ ਸਾਲਾ ਸਬਜੀ ਵਿਕਰੇਤਾ "ਸੋਬਰਨ" ਨੂੰ ਕੂੜੇ ਦੇ ਢੇਰ ਚੋਂ ਇੱਕ ਖੂਬਸੂਰਤ ਬੱਚੀ ਮਿਲੀ..ਘਰ ਲੈ ਆਇਆ..ਖੁਦ ਨਾਲ ਕਰਾਰ ਕੀਤਾ ਕੇ ਸਾਰੀ ਉਮਰ ਵਿਆਹ ਨਹੀਂ ਕਰਵਾਵੇਗਾ!

ਕਿੰਨਾ ਸਾਰਾ ਲਾਡ ਪਿਆਰ ਦੇ ਕੇ ਵੱਡੀ ਕੀਤੀ..ਵਧੀਆ ਤਾਲੀਮ ਦਵਾਈ..ਫੇਰ ਜਿਯੋਤੀ ਨਾਮ ਦੀ ਇਹ ਬੱਚੀ 2014 ਵਿਚ ਆਸਾਮ ਸਿਵਿਲ ਸਰਵਿਸਜ਼ ਦੀ ਔਖੀ ਪ੍ਰੀਖਿਆ ਪਾਸ ਕਰ ਕਮਿਸ਼ਨਰ ਇਨਕਮ ਟੈਕਸ ਲੱਗ ਗਈ ਤਾਂ ਪੱਤਰਕਾਰਾਂ ਨੇ ਸੋਬਰਨ ਨੂੰ ਪੁੱਛਿਆ ਕੇ ਤੈਨੂੰ ਯਕੀਨ ਸੀ ਕੇ ਇਹ ਵੱਡੀ ਹੋ ਕੇ ਏਡਾ ਵੱਡਾ ਅਹੁਦਾ ਪ੍ਰਾਪਤ ਕਰੇਗੀ ਤਾਂ ਆਖਣ ਲੱਗਾ ਕੇ ਇਹ ਤਾਂ ਪਤਾ ਨਹੀਂ ਸੀ ਪਰ ਜਦੋਂ ਵੀ ਨਿੱਕੀ ਜਿਹੀ ਦਾ ਮੂੰਹ ਦੇਖਦਾ ਹੁੰਦਾ ਤਾਂ ਇੰਝ ਲੱਗਦਾ ਕੋਲੇ ਦੀ ਖਾਣ ਵਿਚੋਂ ਇੱਕ ਕੀਮਤੀ ਹੀਰਾ ਲੱਭ ਪਿਆ ਹੋਵੇ!

ਪਹਿਲਾ ਮਾਮਲਾ: ਇਸੇ ਤਰਾਂ ਵੀਹ ਕੂ ਸਾਲ ਪਹਿਲਾਂ ਅੰਮ੍ਰਿਤਸਰ ਗੁਮਟਾਲਾ ਰੋਡ ਤੇ ਇੱਕ ਰਿਟਾਇਰਡ ਮਿਲਿਟਰੀ ਅਫਸਰ ਦਾ ਇਕਲੌਤਾ ਮੁੰਡਾ ਸੜਕ ਹਾਦਸੇ ਵਿਚ ਰੱਬ ਨੂੰ ਪਿਆਰਾ ਹੋ ਗਿਆ..ਮਗਰੋਂ ਰਹਿ ਗਈ ਸੋਹਣੀ ਸੁਨੱਖੀ ਨੂੰਹ ਅਤੇ ਦੋ ਮਹੀਨੇ ਦਾ ਪੋਤਰਾ..!

ਅਨੇਕਾਂ ਸਲਾਹਾਂ ਮਿਲ਼ੀਆਂ ਪਰ ਮੇਜਰ ਸਾਬ ਨੇ ਚੜ੍ਹਦੀ ਉਮਰੇ ਵਿਧਵਾ ਹੋ ਗਈ ਨੂੰਹ ਨੂੰ ਆਪਣੀ ਧੀ ਬਣਾ ਕੇ ਨਵੇਂ ਸਿਰਿਓਂ ਸ਼ੁਰੂਆਤ ਕਰਵਾ ਦੰਦਾਂ ਦੀ ਡਾਕਟਰ ਬਣਾ ਦਿੱਤਾ ਅਤੇ ਮੁੜ ਆਪਣੇ ਹੱਥੀਂ ਬਾਪ ਬਣ ਕੇ ਦੂਜੇ ਥਾਂ ਵੀ ਤੋਰਿਆ!

ਦੂਜਾ ਮਾਮਲਾ: ਕਾਫੀ ਅਰਸਾ ਪਹਿਲਾਂ ਡੀ.ਸੀ ਅੰਮ੍ਰਿਤਸਰ ਵੱਲੋਂ ਸੁੱਟੇ ਜਾਂਦੇ ਨਵਜੰਮਿਆਂ ਲਈ ਲਗਾਏ ਪੰਘੂੜੇ ਵਿਚੋਂ ਸੁਵੇਰੇ-ਸੁਵੇਰੇ ਸੈਰ ਕਰਦੇ ਜੋੜੇ ਨੂੰ ਇੱਕ ਬੱਚੀ ਦੇ ਰੋਣ ਦੀ ਅਵਾਜ ਆਈ..ਆਵਦੇ ਪਹਿਲਾਂ ਵੀ ਦੋ ਬਚੇ ਸਨ ਪਰ ਕਾਗਜ ਪੱਤਰ ਪੂਰੇ ਕਰ ਇਹ ਵੀ ਅਪਣਾ ਲਈ..ਸ਼ਕਲੋਂ ਪੱਕੇ ਰੰਗ ਦੀ ਸੀ ਪਰ ਰਿਸ਼ਤੇਦਾਰੀ ਅਤੇ ਆਸ ਪਾਸ ਵਿਚ ਪੱਕੀ ਹਿਦਾਇਤ ਸੀ ਕੇ ਜਿਹੜਾ ਇਸਦੇ ਰੰਗ ਜਾਤ ਪਾਤ ਤੇ ਜਾਂ ਫੇਰ ਪਿਛਲੀ ਜਿੰਦਗੀ ਬਾਰੇ ਕੋਈ ਟਿੱਪਣੀ ਕਰੂ ਉਸ ਨਾਲ ਪੱਕਾ ਤੋੜ-ਵਿਛੋੜਾ ਕਰ ਲਿਆ ਜਾਊ..!

ਦੱਸਦੇ ਜੋ ਆਪ ਖਾਂਦੇ ਪਾਉਂਦੇ ਸਨ ਓਹੀ ਇਸ ਨੂੰ ਦਿੱਤਾ ਜਾਂਦਾ ਸੀ..ਮਗਰੋਂ ਜਦੋਂ ਵਿਆਹ ਵਾਲੇ ਦਿਨ ਤੋਰਨ ਲੱਗੇ ਤਾਂ ਦੱਸਦੇ ਆਸਮਾਨ ਵੀ ਹੰਜੂ ਵਹਾਉਣ ਲੱਗ ਪਿਆ ਸੀ! 

ਤੀਜਾ ਮਾਮਲਾ: ਰੇਲਵੇ ਵਿਚ ਕੰਮ ਕਰਦੇ ਪਿਤਾ ਜੀ ਦੱਸਦੇ ਹੁੰਦੇ ਸੀ ਕੇ ਨਾਨਕ ਸਿੰਘ ਨਾਮ ਦਾ ਇੱਕ ਰੇਲਵੇ ਗਾਰਡ ਗੱਡੀ ਵਿਚ ਕਿਸੇ ਵੱਲੋਂ ਛੱਡੀ ਹੋਈ ਨਵਜੰਮੀਂ ਕੁੜੀ ਨੂੰ ਘਰ ਲੈ ਆਇਆ..ਖੁਦ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਵੀ ਦੋਨਾਂ ਜੀਆਂ ਨੇ ਫੈਸਲਾ ਲਿਆ ਕੇ ਆਪਣਾ ਬਚਾ ਨਹੀਂ ਕਰਨਗੇ..ਕਿਧਰੇ ਸਾਮਣੇ ਆਪਣਾ ਖੂਨ ਵੇਖ ਗੱਡੀਓਂ ਲੱਭੀ ਇਸ ਨਿਕੀ ਜਿੰਨੀ ਪਰੀ ਨਾਲ ਮੋਹ ਪਿਆਰ ਹੀ ਨਾ ਘਟ ਜਾਵੇ..ਮਗਰੋਂ ਸ਼ਾਇਦ ਪੀ.ਸੀ.ਐੱਸ ਜੁਡੀਸ਼ੀਅਲ ਕਰਕੇ ਜੱਜ ਵੀ ਲੱਗੀ ਸੀ!

ਬੜਾ ਔਖਾ ਹੁੰਦਾ ਏ ਕਿਸੇ ਬੇਗਾਨੇ ਖੂਨ ਨੂੰ ਕਲਾਵੇ ਵਿੱਚ ਲੈ ਖੁਦ ਦੀਆਂ ਰਗਾਂ ਵਿਚ ਦੀ ਵਹਾਉਣਾ..ਉਹ ਵੀ ਓਦੋਂ ਜਦੋਂ ਦੁਨੀਆ ਦੇ ਜਿਆਦਾਤਰ ਲੋਕ ਅਕਸਰ ਹੀ ਇੰਤਜਾਰ ਕਰ ਰਹੇ ਹੁੰਦੇ ਕੇ ਇਹ ਕੋਈ ਐਸਾ ਕੰਮ ਕਰੇ ਕੇ ਇਸਨੂੰ ਆਸਰਾ ਦੇਣ ਵਾਲਾ ਕੱਖੋਂ ਹੌਲਾ ਹੋ ਜਾਵੇ ਤੇ ਸਾਨੂੰ ਮੇਹਣੇ ਦੇ ਕੇ ਇਸਦਾ ਗੁਰੂਰ ਤੋੜਨ ਦਾ ਮੌਕਾ ਮਿਲੇ..!

ਵਾਹ ਵਾਹ ਕੈਸੀ ਫਿਦਰਤ ਪਾਈ ਏ ਇਨਸਾਨ ਨੇ..ਗੁਰੂ ਘਰ ਵਿੱਚ ਵੀ ਅੱਖਾਂ ਮੀਟੀ ਖਲੋਤੇ ਕਿੰਨੇ ਸਾਰੇ ਬਗਲੇ ਭਗਤ ਇਹੋ ਮੰਨਤ ਮੰਗ ਰਹੇ ਹੁੰਦੇ ਨੇ ਕੇ ਹੈ ਰੱਬਾ ਗਵਾਂਢੀ ਦੀ ਔਲਾਦ ਪੁੱਠੇ ਪਾਸੇ ਪੈ ਜਾਵੇ..!  

ਸੋ ਦੋਸਤੋ ਕੌਣ ਆਖਦਾ ਏ ਕੇ ਫਰਿਸ਼ਤੇ ਸਿਰਫ ਅੰਬਰੀਂ ਹੀ ਵਾਸਾ ਕਰਿਆ ਕਰਦੇ ਨੇ..!

ਪਾਰਖੂ ਅੱਖ ਨਾਲ ਵੇਖਿਆ ਏਦਾਂ ਦੇ ਕਿੰਨੇ ਸਾਰੇ ਦੇਵ ਪੁਰਸ਼ ਅਕਸਰ ਆਲੇ ਦੁਆਲੇ ਘੁੰਮਦੇ ਨਜਰ ਆ ਹੀ ਜਾਂਦੇ ਨੇ..!

ਪਰ ਇਹਨਾਂ ਦੀ ਵੱਡੀ ਕਮੀਂ ਇਹ ਹੁੰਦੀ ਏ ਕੇ ਇਹ ਕੀਤੇ ਕੰਮਾਂ ਦਾ ਕਦੀ ਢਿੰਡੋਰਾ ਨਹੀਂ ਪਿੱਟਦੇ..ਸ਼ਾਇਦ ਚੰਗੀ ਤਰਾਂ ਜਾਣਦੇ ਹੁੰਦੇ ਨੇ ਕੇ ਉੱਪਰਲੇ ਵੱਲੋਂ ਪਸੰਦ ਕੀਤੀ ਕਿਸੇ ਫਿਲਮ ਵਿਚ ਇਸ਼ਤਿਹਾਰਬਾਜੀ ਅਤੇ ਲਫ਼ਾਫੇਬਾਜੀ ਲਈ ਕੋਈ ਥਾਂ ਨਹੀਂ ਹੁੰਦੀ..!

ਹਰਪ੍ਰੀਤ ਸਿੰਘ ਜਵੰਦਾ

ਸੋਸ਼ਲ ਮੀਡੀਆ ਤੇ ਵੀ ਇਹ ਲਿਖਤ 9 ਅਗਸਤ 2021 ਨੂੰ ਸਵੇਰੇ 9:38 ਵਜੇ ਪੋਸਟ ਕੀਤੀ ਗਈ ਸੀ 


Sunday 25 July 2021

ਟਵੀਟ ’ਚ ਪ੍ਰਧਾਨ ਮੰਤਰੀ ਨੂੰ ਬੇਸ਼ਰਮ ਕਹਿਣ ਵਾਲੇ ਪੱਤਰਕਾਰ ਦੀ ਬਰਖ਼ਾਸਤਗੀ

ਆਜਤੱਕ ਵੱਲੋਂ ਸ਼ਿਆਮ ਮੀਰਾ ਸਿੰਘ ਨੂੰ ਹਟਾਉਣ ਵਿਰੁੱਧ ਰੋਸ ਲਹਿਰ ਤਿੱਖੀ  

[ਲੰਮੇ ਸਮੇਂ ਤੋਂ ਆਪਣੇ ਤਿੱਖੇ ਤੇਵਰਾਂ ਲਈ ਮਸ਼ਹੂਰ ਅਤੇ ਬੇਬਾਕ ਪੱਤਰਕਾਰ ਸ਼ਿਆਮ ਮੀਰਾ ਸਿੰਘ ਨੂੰ ਉਸ ਵਕਤ  ਪੱਤਰਕਾਰੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਜਦੋਂ ‘ਆਜ ਤਕ’ ਨੇ ਕੁਛ ਦਿਨ ਪਹਿਲਾਂ ਉਸ ਨੂੰ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਲਿਖੇ ਦੋ ਟਵੀਟਾਂ ਲਈ ਬਰਖ਼ਾਸਤ ਕਰ ਦਿੱਤਾ। ਸ਼ਿਆਮ ਮੀਰਾ ਸਿੰਘ ਸੋਸ਼ਲ ਮੀਡੀਆ ਉੱਪਰ ਬੇਹੱਦ ਹਰਮਨ ਪਿਆਰੇ ਹਨ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੱਚੀ ਪੱਤਰਕਾਰੀ ਅਤੇ ਨਾਗਰਿਕ ਧਰਮ ਨਿਭਾਉਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ। ਬਰਖ਼ਾਸਤਗੀ ਦੀ ਕਹਾਣੀ ਨੂੰ ਉਨ੍ਹਾਂ ਨੇ ਆਪਣੇ ਸ਼ਬਦਾਂ ’ਚ ਬਿਆਨ ਕੀਤਾ ਹੈ ਜਿਸ ਦਾ ਪੰਜਾਬੀ ਰੂਪ ਇਥੇ ਵੀ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸਦਾ ਪੰਜਾਬੀ ਅਨੁਵਾਦ ਕੀਤਾ ਹੈ ਲੋਕਪੱਖੀ ਕਲਮਕਾਰ ਬੂਟਾ ਸਿੰਘ ਨੇ ਇਸ ਬਰਖਾਸਤਗੀ ਦੇ ਖਿਲਾਫ ਮੀਡੀਆ ਵਾਲੇ ਇੱਕਜੁੱਟ ਹਨ ਅਤੇ ਇਸਦਾ ਵਿਰੋਧ ਵੀ  ਕਰ ਰਹੇ ਹਨ।  --ਸੰਪਾਦਕ]


ਅੱਜ ਤੋਂ ਆਜਤਕ ਨਾਲ ਪੱਤਰਕਾਰੀ ਦਾ ਮੇਰਾ ਸਫ਼ਰ ਖ਼ਤਮ ਹੋਇਆ। ਪ੍ਰਧਾਨ ਮੰਤਰੀ ਮੋਦੀ ਉੱਪਰ ਲਿਖੇ ਮੇਰੇ ਦੋ ਟਵੀਟਾਂ ਦੀ ਵਜਾ੍ਹ ਨਾਲ ਮੈਨੂੰ ਆਜਤਕ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ, ਇਸ ਲਈ ਤੁਸੀਂ ਵੀ ਦੁਖੀ ਨਾ ਹੋਵੋ। ਜਿਨ੍ਹਾਂ ਦੋ ਟਵੀਟ ਦਾ ਹਵਾਲਾ ਦਿੰਦੇ ਹੋਏ ਮੈਨੂੰ ਕੱਢਿਆ ਗਿਆ ਹੈ, ਉਹ ਦੋ ਟਵੀਟ ਇਹ ਹਨ  1. ‘ਜੋ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦਾ ਸਨਮਾਨ ਕਰੋ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੋਦੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਕਰੇ।’ 2. ਇੱਥੇ ਟਵਿੱਟਰ ਉੱਪਰ ਕੁਛ ਲਿਖਦਾ ਹਾਂ ਤਾਂ ਲੋਕ ਮੇਰੀ ਕੰਪਨੀ ਨੂੰ ਟੈਗ ਕਰਨ ਲੱਗ ਜਾਂਦੇ ਹਨ। ਕਹਿੰਦੇ ਹਨ ਇਸ ਨੂੰ ਹਟਾਓ, ਇਸ ਨੂੰ ਹਟਾਉਦੇ ਕਿਉ ਨਹੀਂ.... ਮੈਂ ਅਗਲਾ ਟਵੀਟ ਹੋਰ ਵਧੇਰੇ ਜ਼ੋਰ ਲਗਾ ਕੇ ਲਿਖਦਾ ਹਾਂ। ਪਰ ਇਹ ਲਿਖਣ ਤੋਂ ਪਿੱਛੇ ਨਹੀਂ ਹਟਾਂਗਾ ਕਿ ‘‘ਮੋਦੀ ਇਜ਼ ਅ ਸ਼ੇਮਲੈੱਸ ਪ੍ਰਾਈਮ ਮਨਿਸਟਰ (ਮੋਦੀ ਬੇਸ਼ਰਮ ਪ੍ਰਧਾਨ ਮੰਤਰੀ ਹੈ)।’’

ਇਹ ਦੋ ਗੱਲਾਂ ਹਨ ਜਿਨ੍ਹਾਂ ਕਰਕੇ ਮੈਨੂੰ ਕੱਢਿਆ ਗਿਆ ਜਾਂ ਕਢਵਾਇਆ ਗਿਆ। ਸੱਤ ਮਹੀਨੇ ਪਹਿਲਾਂ ਜਦੋਂ ਮੈਂ ਆਜਤਕ ਜੁਆਇਨ ਕੀਤਾ, ਉਦੋਂ ਵੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਮੈਂ ਕੀ ਲਿਖਣਾ ਹੈ, ਕਿਨ੍ਹਾਂ ਲੋਕਾਂ ਲਈ ਬੋਲਣਾ ਹੈ। ਉਦੋਂ ਤੋਂ ਹੀ ਹੁਕਮਰਾਨ ਪਾਰਟੀ ਦੇ ਹਮਾਇਤੀਆਂ ਵੱਲੋਂ ਕੰਪਨੀ ਨੂੰ ਟੈਗ ਕਰ-ਕਰ ਕੇ ਲਿਖਿਆ ਜਾਣ ਲੱਗਿਆ ਸੀ ਕਿ ‘ਇਸ ਆਦਮੀ (ਮੈਨੂੰ) ਨੂੰ ਆਜਤਕ ਤੋਂ ਕੱਢਿਆ ਜਾਵੇ, ਕਿਉਕਿ ਇਹ ਮੋਦੀ ਦੇ ਵਿਰੋਧ ’ਚ ਲਿਖਦਾ ਹੈ’। ਬੀਤੇ ਕੁਛ ਦਿਨਾਂ ਤੋਂ ਕੰਪਨੀ ਉੱਪਰ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ ਇਕ ਵਰਗ ਵੱਲੋਂ ਇਹ ਦਬਾਓ ਬਣਾਇਆ ਜਾ ਰਿਹਾ ਸੀ। ਆਖ਼ਿਰਕਾਰ ਇਨ੍ਹਾਂ ਦੋ ਟਵੀਟ ਤੋਂ ਬਾਦ ਮੈਨੂੰ ਆਜਤਕ ਤੋਂ ਕੱਢ ਦਿੱਤਾ ਗਿਆ ਹੈ। ਮੈਨੂੰ ਕਿਸੇ ਨਾਲ ਸ਼ਿਕਾਇਤ ਨਹੀਂ ਹੈ। ਜੋ ਮੈਂ ਲਿਖਿਆ ਮੈਂ ਉਸ ਦੇ ਲਈ ਸਟੈਂਡ ਕਰਦਾ ਹਾਂ। ਇਹ ਉਹ ਗੱਲਾਂ ਹਨ ਜੋ ਇਕ ਪੱਤਰਕਾਰ ਦੇ ਰੂਪ ’ਚ ਹੀ ਨਹੀਂ, ਇਕ ਨਾਗਰਿਕ ਦੇ ਰੂਪ ’ਚ ਮੇਰੇ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਮੈਂ ਇਕ ਐਸੇ ਸ਼ੇਮਲੈੱਸ (ਬੇਸ਼ਰਮ) ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ ਜੋ ਇਕ ਖਿਡਾਰੀ ਦੇ ਅੰਗੂਠੇ ਦੀ ਸੱਟ ਉੱਪਰ ਟਵੀਟ ਕਰ ਸਕਦਾ ਹੈ ਪਰ ਵਿਦੇਸ਼ ’ਚ ਸ਼ਹੀਦ ਹੋਏ ਇਕ ਈਮਾਨਦਾਰ ਪੱਤਰਕਾਰ ਉੱਪਰ ਇਕ ਸ਼ਬਦ ਤੱਕ ਨਹੀਂ ਬੋਲਦਾ। ਮੇਰੇ ਤੋਂ ਇਕ ਨਾਗਰਿਕ ਦੇ ਰੂਪ ’ਚ ਇਹ ਉਮੀਦ ਸੀ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ‘ਸ਼ੇਮਲੈੱਸ’ ਕਹਾਂ ਜਿਸ ਦੀ ਲੱਫ਼ਾਜ਼ੀ ਅਤੇ ਭਾਸ਼ਣਬਾਜੀ ਨੇ ਮੇਰੇ ਦੇਸ਼ ਦੇ ਲੱਖਾਂ ਨਾਗਰਿਕਾਂ ਨੂੰ ਕੋਰੋਨਾ ’ਚ ਮਰਨ ਲਈ ਇਕੱਲੇ ਛੱਡ ਦਿੱਤਾ।

ਮੇਰੇ ਤੋਂ ਇਹ ਉਮੀਦ ਸੀ ਕਿ ਐਸੇ ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਨੂੰ ਬੇਸ਼ਰਮ ਕਹਾਂ ਜਿਸ ਦੀ ਵਜਾ੍ਹ ਨਾਲ ਇਸ ਦੇਸ਼ ਦਾ ਇਕ ਬੜਾ ਘੱਟਗਿਣਤੀ ਵਰਗ ਹਰ ਰੋਜ਼ ਭੈਅ ’ਚ ਜਿਉਦਾ ਹੈ, ਜਿਸ ਨੂੰ ਹਰ ਰੋਜ਼ ਡਰ ਲੱਗਦਾ ਹੈ ਕਿ ਸ਼ਾਮ ਨੂੰ ਸਬਜ਼ੀ ਲੈਣ ਜਾਵਾਂਗਾ ਤਾਂ ਘਰ ਵਾਪਸ ਵੀ ਮੁੜ ਸਕਾਂਗਾ ਜਾਂ ਨਹੀਂ ਜਾਂ ਦਾੜੀ ਅਤੇ ਮੁਸਲਮਾਨ ਹੋਣ ਕਾਰਨ ਮਾਰਿਆ ਜਾਵਾਂਗਾ। ਮੇਰੇ ਤੋਂ ਇਹ ਉਮੀਦ ਕੀਤੀ ਗਈ ਸੀ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ ਜੋ ਲਦਾਖ਼ ਵਿਚ ਸ਼ਹੀਦ ਹੋਏ 21 ਸੈਨਿਕਾਂ ਦੀ ਸ਼ਹਾਦਤ ਦੀ ਖ਼ਬਰ ਨੂੰ ਦਬਾ ਦੇਵੇ, ਅਤੇ ਆਪਣੀ ਗੱਦੀ ਬਚਾਉਣ ਲਈ ਇਹ ਕਹਿਕੇ ਦੁਸ਼ਮਣ ਦੇਸ਼ ਨੂੰ ਕਲੀਨਚਿੱਟ ਦੇ ਦੇਵੇ ਕਿ ਸੀਮਾ ਵਿਚ ਕੋਈ ਨਹੀਂ ਘੁਸਿਆ, ਨਾ ਕੋਈ ਝਗੜਾ ਹੋਇਆ ਹੈ। ਦੇਸ਼ ਨੂੰ ਬਾਕੀ ਲੋਕਾਂ ਤੋਂ ਪਤਾ ਲੱਗੇ ਕਿ ਸਾਡੇ ਜਵਾਨਾਂ ਦੀ ਹੱਤਿਆ ਕੀਤੀ ਗਈ ਹੈ। ਕੋਈ ਵੀ ਪਾਰਟੀ, ਵਿਦਿਆਰਥੀ, ਮਜ਼ਦੂਰ, ਅਧਿਆਪਕ, ਸਿੱਖਿਆਹਿਤੈਸ਼ੀ, ਦਲਿਤਾਂ ਦੀਆਂ ਜਥੇਬੰਦੀਆਂ ਆਪਣਾ ਵਿਰੋਧ ਕਰਨ ਲਈ ਸੜਕ ਉੱਪਰ ਆਉਣ ਅਤੇ ਪੁਲਿਸ ਲਾਠੀਆਂ ਨਾਲ ਉਨ੍ਹਾਂ ਦਾ ਲੱਕ ਤੋੜ ਦੇਵੇ। ਤਦ ਮੇਰੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਪੁਲਸੀ ਜ਼ੁਲਮ ਦੇ ਸਿਖ਼ਰ ’ਤੇ ਬੈਠੇ ਪ੍ਰਧਾਨ ਮੰਤਰੀ ਨੂੰ ਕਹਾਂ ਕਿ ਉਹ ‘ਸ਼ੇਮਲੈੱਸ’ ਹੈ। ਹਜ਼ਾਰਾਂ ਕਿਸਾਨ ਦਿੱਲੀ ਦੀਆਂ ਹੱਦਾਂ ਉੱਪਰ ਅੱਠ ਮਹੀਨੇ ਤੋਂ ਸੜਕਾਂ ਉੱਪਰ ਪਏ ਹੋਣ, ਉਨ੍ਹਾਂ ਵਿੱਚੋਂ ਸੈਂਕੜੇ ਬਜ਼ੁਰਗ ਧਰਨੇ ਵਾਲੀ ਜਗਾ੍ਹ ’ਤੇ ਹੀ ਦਮ ਤੋੜ ਦੇਣ, ਅਤੇ ਪ੍ਰਧਾਨ ਮੰਤਰੀ ਕਹੇ ਕਿ ਮੈਂ ਉਨ੍ਹਾਂ ਤੋਂ ਸਿਰਫ਼ ਇਕ ਕਾਲ ਦੂਰ ਹਾਂ, ਤਾਂ ਇਕ ਨਾਗਰਿਕ ਦੇ ਰੂਪ ’ਚ ਮੇਰੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ।

ਐਸੀਆਂ ਹਜ਼ਾਰ ਗੱਲਾਂ ਅਤੇ ਸੈਂਕੜੇ ਘਟਨਾਵਾਂ ਹਨ ਜਿਨ੍ਹਾਂ ਉੱਪਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਹੀ ਨਹੀਂ, ਮੱਕਾਰ, ਚੋਰ ਅਤੇ ਨਿਰਦੋਸ਼ ਨਾਗਰਿਕਾਂ ਦੇ ਹੱਕਾਂ ਨੂੰ ਕੁਚਲਣ ਵਾਲਾ ਇਕ ਬੁਜ਼ਦਿਲ ਤਾਨਾਸ਼ਾਹ ਕਿਹਾ ਜਾਣਾ ਚਾਹੀਦਾ ਹੈ। ਇਸ ਲਈ ਮੈਨੂੰ ਆਪਣੇ ਕਥਨ ਦਾ, ਆਪਣੇ ਕਹੇ ਦਾ ਕੋਈ ਦੁੱਖ ਨਹੀਂ ਹੈ। ਇਸ ਗੱਲ ਦੀ ਸਮਝ ਮੈਨੂੰ ਨੌਕਰੀ ਦੇ ਪਹਿਲੇ ਦਿਨ ਤੋਂ ਹੀ ਸੀ ਕਿ ਦੇਰ ਸਵੇਰ ਮੇਰੇ ਤੋਂ ਅਸਤੀਫ਼ਾ ਮੰਗਿਆ ਜਾਵੇਗਾ ਜਾਂ ਕਿਸੇ ਵੀ ਮਿੰਟ ਪੀ.ਐੱਮ.ਓ. ਦਫ਼ਤਰ ਦੇ ਇਕ ਫ਼ੋਨ ’ਤੇ ਮੈਨੂੰ ਕੱਢ ਦਿੱਤਾ ਜਾਵੇਗਾ। ਹਰ ਟਵੀਟ ਕਰਦੇ ਹੋਏ ਜ਼ਿਹਨ ’ਚ ਇਹ ਗੱਲ ਆਉਦੀ ਸੀ ਕਿ ਇਸ ਤੋਂ ਬਾਦ ਕਿਤੇ ਐੱਫ.ਆਈ.ਆਰ. ਦਰਜ ਨਾ ਹੋ ਜਾਵੇ, ਕਿਤੇ ਨੋਟਿਸ ਨਾ ਭੇਜ ਦਿੱਤਾ ਜਾਵੇ ... ਕਿਵੇਂ ਨਜਿੱਠਾਂਗਾਂ ਉਸ ਨਾਲ? ਇਹ ਜ਼ੋਖ਼ਮ ਮਨ ’ਚ ਸੋਚ ਕੇ ਵੀ ਲਿਖ ਦਿੰਦਾ ਸੀ....

ਮੈਂ ਉਹੀ ਗੱਲਾਂ ਕਹੀਆਂ ਜੋ ਮੇਰੇ ਤੋਂ ਇਕ ਪੱਤਰਕਾਰ ਦੇ ਰੂਪ ’ਚ ਨਹੀਂ, ਇਕ ਸਿਟੀਜ਼ਨ ਦੇ ਰੂਪ ’ਚ ਵੀ ਉਮੀਦ ਕੀਤੀ ਗਈ ਸੀ, ਜਿਸ ਦੀ ਉਮੀਦ ਸਿਰਫ਼ ਮੇਰੇ ਤੋਂ ਨਹੀਂ ਕੀਤੀ ਜਾਂਦੀ, ਸਗੋਂ ਇਕ ਦਰਜੀ ਤੋਂ ਵੀ ਕੀਤੀ ਜਾਂਦੀ ਹੈ ਕਿ ਵਰ੍ਹਿਆਂ ਤੋਂ ਕਮਾਈ ਇਸ ਦੇਸ਼ ਦੀ ਸੁਤੰਤਰਤਾ ਨੂੰ ਲੁੱਟਣ ’ਤੇ ਤੁਸੀਂ ਬੋਲੋਗੇ। ਇਹ ਉਮੀਦ ਮੇਰੇ ਤੋਂ ਹੀ ਨਹੀਂ ਕੀਤੀ ਜਾਂਦੀ, ਪ੍ਰਾਇਮਰੀ ਸਕੂਲ ’ਚ ਪੜ੍ਹਾਉਣ ਵਾਲੇ ਟੀਚਰ ਤੋਂ ਵੀ ਕੀਤੀ ਜਾਂਦੀ ਹੈ, ਯੂਨੀਵਰਸਿਟੀਆਂ ਦੇ ਕੁਲਪਤੀ, ਮਕਾਨ ਬਣਾਉਣ ਵਾਲੇ ਰਾਜ ਮਿਸਤ੍ਰੀ, ਸੜਕ ਉੱਪਰ ਟੈਂਪੂ ਚਲਾਉਣ ਵਾਲੇ ਡਰਾਈਵਰ, ਪੜ੍ਹਨ ਵਾਲੇ ਵਿਦਿਆਰਥੀਆਂ, ਕੰਪਨੀਆਂ ’ਚ ਕੰਮ ਕਰਨ ਵਾਲੇ ਹਰ ਕਰਮਚਾਰੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਹਰ ਰੋਜ਼ ਹੋ ਰਹੇ ਹਜੂਮੀ ਕਤਲਾਂ ਉੱਪਰ ਉਹ ਬੋਲਣਗੇ। ਮੈਂ ਆਪਣੇ ਹਿੱਸੇ ਦਾ ਕਰਜ ਚੁਕਾਇਆ, ਜਿੱਥੇ ਰਿਹਾ ਹਰ ਜਗਾ੍ਹ ਕੋਸ਼ਿਸ਼ ਕੀਤੀ ਕਿ ਆਮ ਇਨਸਾਨਾਂ ਦੀ ਬਿਹਤਰੀ ਲਈ ਕੁਝ ਲਿਖ ਸਕਾਂ।

ਕਿਉਕਿ ਉਮਰ ਅਤੇ ਤਜ਼ਰਬਿਆਂ ’ਚ ਮੈਂ ਬੱਚਾ ਹਾਂ। ਕਰੀਅਰ ਦੇ ਸ਼ੁਰੁਆਤੀ ਪੜਾਅ ’ਤੇ ਹਾਂ। ਜਿੱਥੇ ਅੱਗੇ ਦਾ ਮੈਨੂੰ ਪਤਾ ਨਹੀਂ.... ਸ਼ੁਰੂਆਤ ’ਚ ਹੀ ਮੇਰੇ ਲਿਖੇ ਦੇ ਬਦਲੇ ਮੇਰਾ ਰੋਜ਼ਗਾਰ ਖੋਹ ਲਿਆ ਗਿਆ ਤਾਂ ਅੰਦਰੋਂ ਕਦੇ ਕਦੇ ਭਾਵੁਕ ਹੋ ਜਾਂਦਾ ਹਾਂ। ਇੰਞ ਲੱਗਦਾ ਹੈ ਜਿਵੇਂ ਕੋਈ ਨਿੱਕੀ ਜਹੀ ਚਿੜੀ ਕਿਸੇ ਜੰਗਲ ’ਚ ਆਈ ਅਤੇ ਉਡਣ ਤੋਂ ਪਹਿਲਾਂ ਹੀ ਉਸ ਦੇ ਖੰਭ ਕੁਤਰ ਦਿੱਤੇ ਗਏ ਹੋਣ। ਪਰ ਇਹ ਵੀ ਜ਼ਰੂਰੀ ਹੈ। ਉਸ ਨੰਨ੍ਹੀ ਚਿੜੀ ਕੋਲ ਇਹ ਬਦਲ ਸੀ ਕਿ ਕੁਛ ਦਿਨ ਬਿਨਾਂ ਉਡੇ ਹੀ ਆਪਣੇ ਆਲ੍ਹਣੇ ’ਚ ਰਹੇ, ਚੁੱਪ ਬੈਠੇ, ਕਿਤੇ ਵੀ ਉਡਣ ਨਾ ਜਾਵੇ। ਪਰ ਉਸ ਚਿੜੀ ਨੇ ਆਪਣੇ ਖੰਭ ਕੁਤਰੇ ਜਾਣਾ ਸਵੀਕਾਰ ਕਰ ਲਿਆ, ਲੇਕਿਨ ਇਹ ਨਹੀਂ ਕਿ ਉਹ ਉਡਣਾ ਛੱਡ ਦੇਵੇਗੀ। ਜ਼ਮੀਨ ’ਤੇ ਪਏ ਉਸ ਦੇ ਖੰਭ ਇਸ ਗੱਲ ਦੇ ਰੂਪ ’ਚ ਦਰਜ ਕੀਤੇ ਜਾਣਗੇ ਕਿ ਕੋਈ ਐਸਾ ਰਾਜ ਸੀ ਜਿਸ ਵਿਚ ਪੰਛੀਆਂ ਦੇ ਖੰਭ ਕੁਤਰ ਦਿੱਤੇ ਜਾਂਦੇ ਸਨ। ਜੇ ਉਹ ਚਿੜੀ ਉਡਣਾ ਬੰਦ ਕਰਕੇ ਆਲ੍ਹਣੇ ’ਚ ਹੀ ਬੈਠੀ ਰਹਿੰਦੀ ਤਾਂ ਇਹ ਖੰਭ ਕਦੇ ਦਰਜ ਨਾ ਹੁੰਦੇ ਅਤੇ ਖੰਭ ਕੁਤਰਨ ਵਾਲੇ ਰਾਜ ਦਾ ਨੰਗਾ ਚਿਹਰਾ ਕਦੇ ਨਜ਼ਰ ਨਾ ਆਉਦਾ। ਐਸੀਆਂ ਨੰਨ੍ਹੀਆਂ ਚਿੜੀਆਂ ਦੇ ਕੁਤਰੇ ਹੋਏ ਖੰਭ, ਉਸ ਜੰਗਲ ਉੱਪਰ ਰਾਜ ਕਰਨ ਵਾਲੇ ਰਾਜਾ ਦੇ ਚਿਹਰਾ ਦਰਜ ਕਰਨ ਦੇ ਲਈ ਕਾਗਜ਼ਾਤ ਹਨ। ਇਸ ਲਈ ਮੈਨੂੰ ਦੁੱਖ ਨਹੀਂ, ਅਫ਼ਸੋਸ ਨਹੀਂ.... ਸੰਤੁਸ਼ਟੀ ਜ਼ਰੂਰ ਹੈ ਕਿ ਮੈਂ ਆਪਣਾ ਹਿੱਸਾ ਚੁਕਾ ਕੇ ਜਾ ਰਿਹਾ ਹਾਂ। ਬਾਕੀ ਆਪਣੇ ਹਰ ਚੰਗੇ ਮਾੜੇ ’ਚ ਇਨ੍ਹਾਂ ਸਤਰਾਂ ਤੋਂ ਹਿੰਮਤ ਮਿਲਦੀ ਰਹਿੰਦੀ ਹੈ ਕਿ

‘‘ਹਜ਼ਾਰ ਬਰਕ ਗਿਰੇ ਲਾਖ ਆਂਧੀਆਂ ਉੱਠੇਂ

ਵੋ ਫੂਲ ਖਿਲ ਕੇ ਰਹੇਂਗੇ ਜੋ ਖਿਲਨੇ ਵਾਲੇ ਹੈ।’’

ਮੂਲ ਲੇਖਕ:ਸ਼ਿਆਮ ਮੀਰਾ ਸਿੰਘ 

ਪੰਜਾਬੀ ਅਨੁਵਾਦ: ਬੂਟਾ ਸਿੰਘ 

Friday 23 July 2021

ਮੋਹਾਲੀ ਪ੍ਰੈਸ ਕਲੱਬ ਨੇ ਵੀ ਪੈਗੇਸਿਸ ਜਾਸੂਸੀ ਕਾਂਡ ਵਿਰੁੱਧ ਰੋਸ ਪ੍ਰਗਟਾਇਆ

ਏਡੀਸੀ ਮੈਡਮ ਕੋਮਲ ਮਿੱਤਲ ਨੂੰ ਦਿੱਤਾ ਰੋਸ ਵਾਲਾ ਮੰਗ-ਪੱਤਰ 


ਮੋਹਾਲੀ
: 22 ਜੁਲਾਈ 2021: (ਗੁਰਜੀਤ ਸਿੰਘ ਬਿੱਲਾ//ਲੋਕ ਮੀਡੀਆ ਮੰਚ)::

ਐਮਰਜੈਂਸੀ ਅਤੇ ਅਜਿਹੀਆਂ ਹੋਰ ਗੱਲਾਂ ਨੂੰ ਵੱਡੀ ਛਲਾਂਗ ਨਾਲ ਪਿਛੇ ਛੱਡਦਿਆਂ ਪੈਗੇਸਿਸ ਕਾਂਡ ਨੇ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ। ਇਸਦਾ ਰੋਸ ਮੋਹਾਲੀ ਵਿੱਚ ਵੀ  ਹੈ। ਇਸਨੂੰ ਭਾਰਤ ਦਾ ਵਾਟਰਗੇਟ ਕਾਂਡ ਵੀ ਦੱਸਿਆ ਜਾ ਰਿਹਾ ਹੈ। ਮੀਡੀਆ ਨਾਲ ਸਬੰਧਤ ਸਮੂਹ ਭਾਈਚਾਰਾ ਇਸ ਨੂੰ ਲੈ ਕੇ ਸਖਤ ਨਾਰਾਜ਼ ਹੈ। 

ਮੋਦੀ ਸਰਕਾਰ ਵਲੋਂ ਇਜ਼ਰਾਈਲ ਦੇਸ਼ ਦੀ ਐਨਐਸਓ ਕੰਪਨੀ ਵੱਲੋਂ ਪੈਗੇਸਿਸ ਸਕਾਈਵੇਅ ਦੁਆਰਾ ਦੇਸ਼ ਦੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੇ ਫੋਨ ਟੈਪਿੰਗ ਮਾਮਲੇ ਨੂੰ ਲੈ ਕੇ ਹਰ ਪਾਸੇ ਭਾਰੀ ਰੋਸ ਹੈ। ਇਸ  ਸਬੰਧੀ ਪੰਜਾਬ ਦੇ   ਸਮੂਹ ਪੱਤਰਕਾਰਾਂ ਵੱਲੋਂ ਆਪਣਾ ਰੋਸ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪ੍ਰਗਟਾਇਆ ਵੀ ਗਿਆ ਹੈ।  ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਵੀ ਭੇਜਿਆ ਗਿਆ ਹੈ। 

ਇਸ ਮੈਮੋਰੈਂਡਮ ਵਿੱਚ  ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਦੇਸ਼ ਦੇ ਜਿਨ੍ਹਾਂ ਪੱਤਰਕਾਰਾਂ ਅਤੇ ਸੰਪਾਦਕਾਂ ਦੇ ਫੋਨ ਟਾਈਪਿੰਗ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਫੋਨ ਟੈਪਿੰਗ ਨੂੰ ਤੁਰੰਤ ਬੰਦ ਕੀਤਾ ਜਾਵੇ। ਪੱਤਰਕਾਰਾਂ ਨੇ ਕਿਹਾ ਕਿਉਂਕਿ  ਪ੍ਰੈੱਸ ਮੀਡੀਆ ਲੋਕਤੰਤਰ ਦੇ ਚੌਥਾ ਥੰਮ੍ਹ  ਹੈ ਇਸ ਲਈ ਅਜਿਹੀ ਹਰਕਤ ਅਸਲ ਵਿੱਚ ਪ੍ਰੈਸ ਦੀ ਆਜ਼ਾਦੀ ਤੇ ਸ਼ਰ੍ਹੇਆਮ ਆਮ ਹਮਲਾ ਹੈ। ਮੀਡੀਆ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਲਈ ਸਭਨਾਂ ਨੂੰ ਅਜੇ ਆਉਣਾ ਚਾਹੀਦਾ ਹੈ।

ਇਸ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਲਈ ਜੋ ਜੋ ਵੀ ਜ਼ਰੂਰੀ ਹੈ  ਚਾਹੀਦਾ ਹੈ। ਅੱਜ ਵਾਲੇ ਮੈਮੋਰੰਡਮ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਦੇਸ਼ ਦੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਹੱਕ ਅਤੇ ਵਿਰੋਧ  ਵਿੱਚ ਖ਼ਬਰਾਂ ਪ੍ਰਕਾਸ਼ਤ ਕਰ ਕੇ ਦੇਸ਼ ਦੇ ਨਾਗਰਿਕਾਂ ਤਕ ਸਾਰੀ ਜਾਣਕਾਰੀ ਪਹੁੰਚਾਉਣੀ ਹੁੰਦੀ ਹੈ। ਇਹ ਮੀਡੀਆ ਦੀ ਡਿਊਟੀ ਬਣਦੀ ਹੀ। ਇਸ ਲਈ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਘਿਨੌਣੀ ਕਾਰਵਾਈ ਤੇ ਤੁਰੰਤ ਪਾਬੰਦੀ ਲਾਈ ਜਾਵੇ।

ਇਸ ਸਬੰਧ ਵਿਚ ਅੱਜ ਮੋਹਾਲੀ ਪ੍ਰੈੱਸ ਕਲੱਬ ਵੱਲੋਂ  ਏਡੀਸੀ ਸ੍ਰੀਮਤੀ ਕੋਮਲ ਮਿੱਤਲ ਰਾਹੀਂ  ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਗਿਆ ਹੈ। ਇਸ ਮੌਕੇ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਪੱਤਰਕਾਰ ਹਰਬੰਸ ਸਿੰਘ ਬਾਗੜੀ, ਨਾਹਰ ਸਿੰਘ ਧਾਲੀਵਾਲ, ਰਾਜ ਕੁਮਾਰ ਅਰੋਡ਼ਾ, ਮੰਗਤ ਸਿੰਘ ਸੈਦਪੁਰ, ਜਗਵਿੰਦਰ ਸਿੰਘ ਖਰੜ  ਸਾਹਿਬਦੀਪ ਸਿੰਘ ਮੁਹਾਲੀ, ਹਿਤੇਸ਼ ਸ਼ਰਮਾ, ਹਨੀਕੇਸ਼ ਆਦਿ ਪੱਤਰਕਾਰ ਸ਼ਾਮਲ ਸਨ।


Friday 25 June 2021

26 ਜੂਨ 1975 : ਭਾਰਤੀ ਇਤਿਹਾਸ ਦਾ ਕਾਲਾ ਪੰਨਾ

 Friday:25th June 2021 at 07:10 PM WhatsApp 

ਇੰਨਕਲਾਬੀ ਕੇਂਦਰ ਨੇ ਕੀਤਾ ਐਮਰਜੈਂਸੀ ਅਤੇ ਹੁਣ ਦੇ ਦੌਰ ਦਾ ਲੇਖਾ ਜੋਖਾ 


ਲੁਧਿਆਣਾ
: 25 ਜੂਨ 2021: (ਕੰਵਲਜੀਤ ਖੰਨਾ//ਲੋਕ ਮੀਡੀਆ ਮੰਚ)::

26 ਜੂਨ 1975 ਨੂੰ ਇੰਦਰਾ ਗਾਂਧੀ ਦੀ ਅਗਵਾਈ`ਚ ਕੇਂਦਰੀ ਸੱਤਾ ਤੇ ਕਾਬਜ ਕਾਂਗਰਸੀ ਹਕੂਮਤ ਨੇ ਪੂਰੇ ਦੇਸ਼`ਚ ਸੰਕਟ ਕਾਲ ਦੇ ਨਾਂ ਤੇ ਜਮਹੂਰੀ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ। ਇਹ ਅਜਿਹਾ ਸਮਾਂ ਸੀ ਜਦੋਂ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ ਉੱਠੇ ਵਿਆਪਕ ਲੋਕ ਰੋਹ ਨੇ ਕਾਂਗਰਸ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਕਾਂਗਰਸ ਹਕੂਮਤ ਦੇ ਇਸ ਐਲਾਨ ਨੇ ਪੂਰੇ ਦੇਸ਼ ਅੰਦਰ ਹਰ ਸਿਆਸੀ ਵਿਰੋਧੀ ਨੂੰ ਫੜ੍ਹਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਸਾਰੇ ਜਮਹੂਰੀ ਹੱਕ ਖਤਮ ਕਰ ਦਿੱਤੇ ਸਨ। ਮੀਡੀਆ ਵਿਸ਼ੇਸ਼ਕਰ ਅਖਬਾਰਾਂ ਨੂੰ ਬੁਰੀ ਤਰ੍ਹਾਂ ਸੈਂਸਰ ਦੀ ਭੇਂਟ ਚਾੜ੍ਹ ਦਿੱਤਾ ਗਿਆ ਸੀ। ਇੰਦਰਾ ਗਾਂਧੀ ਦੇ ਫਰਜ਼ੰਦ ਸੰਜੇ ਗਾਂਧੀ ਨੇ ਦਿੱਲੀ ਵਿਖੇ ਤੁਰਕਮਾਨ ਗੇਟ`ਚ ਲੋਕਾਂ ਦੇ ਘਰ ਢਾਹ ਦਿੱਤੇ, ਜਬਰੀ ਨਸਬੰਦੀ ਕੀਤੀ ਗਈ। ਵਿਸ਼ਾਲ ਪੱਧਰ`ਤੇ ਹਰ ਵਿਰੋਧ ਨੂੰ ਜਾਬਰ ਢੰਗ ਨਾਲ ਕੁਚਲ ਦਿੱਤਾ ਗਿਆ। ਭਾਰਤੀ ਰਾਜਨੀਤੀ ਦੇ ਇਤਿਹਾਸ ਦਾ ਉਹ ਕਾਲਾ ਅਧਿਆਏ ਲੋਕਾਂ ਦੇ ਚੇਤਿਆਂ`ਚੋਂ ਗੁੰਮ ਨਹੀਂ ਹੋਇਆ। ਇਸ ਫਾਸ਼ੀ ਹਮਲੇ ਦਾ ਜਿਸ ਨੇ ਵੀ ਜਿਸ ਤਰ੍ਹਾਂ ਵੀ ਵਿਰੋਧ ਕੀਤਾ, ਨੂੰ ਜੇਲ੍ਹ`ਚ ਸੁੱਟ ਦਿੱਤਾ ਗਿਆ। ਜਦ ਅਖੌਤੀ ਆਜਾਦੀ ਹਾਸਲ ਕਰਨ ਤੋਂ 28 ਸਾਲ ਬਾਅਦ ਵੀ ਲੋਕਾਂ ਦੀਆਂ ਆਸਾਂ,ਉਮੰਗਾਂ ਨੂੰ ਪੂਰਿਆਂ ਨਹੀਂ ਕੀਤਾ ਗਿਆ ਤਾਂ ਜਵਾਲਾ ਮੁਖੀ ਫਟਣਾ ਹੀ ਸੀ।ਇਸ ਜਵਾਲਾ ਮੁਖੀ ਦੇ ਸੇਕ ਤੋਂ ਬਚਣ ਲਈ ਮੜ੍ਹੀ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ`ਚ ਇੰਦਰਾ ਕਾਂਗਰਸ ਮੂਧੇ ਮੂੰਹ ਡਿੱਗੀ ਸੀ। 1975 ਦਾ ਉਹ ਕਾਲਾ ਦੌਰ ਜਦੋਂ ਨਾਗਰਿਕਾਂ ਦੀਆਂ ਸਾਰੀਆਂ ਆਜਾਦੀਆਂ ਖੋਹਕੇ ਪੂਰੇ ਦੇਸ਼ ਨੂੰ ਖੁੱਲੀ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਸੀ। ਇਹ ਰਾਜ ਕਰਦੀ ਹਕੂਮਤ ਦੇ ਮੱਥੇ ਤੇ ਕਲੰਕ ਹੈ। ਸਰਕਾਰ ਵੱਲੋਂ ਬਣਾਏ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਲਿਖਣ, ਸਰਕਾਰ ਵੱਲੋਂ ਉਸ ਖਿਲ਼ਾਫ ਬੋਲਣ ਵਾਲਿਆਂ ਨੂੰ ਮੀਸਾ, ਪੋਟਾ, ਐਸਮਾ ਜਿਹੇ ਕਾਨੂੰਨਾਂ ਤਹਿਤ ਸੀਖਾਂ ਪਿੱਛੇ ਸੁੱਟਣਾ ਦੇਸ਼ ਵਾਸੀਆਂ ਨੂੰ ਸੰਵਿਧਾਨ ਰਾਹੀਂ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਮਿਲੇ ਬੁਨਿਆਦੀ ਹੱਕ ਨੂੰ ਕੁਚਲਣਾ ਘੋਰ ਤਾਨਾਸ਼ਾਹੀ ਕਦਮ ਸੀ। ਲੋਕ ਤੰਤਰ ਦੀ ਆੜ`ਚ ਤਾਨਾਸ਼ਾਹੀ ਕਦਮ ਅਸਲ`ਚ ਸਾਮਰਾਜੀਆਂ, ਵੱਡੇ ਪੂੰਜੀਪਤੀਆਂ ਦੀ ਲੁੱਟ ਨੂੰ ਜਾਰੀ ਰੱਖਣ ਅਤੇ ਹੋਰ ਤੇਜ਼ ਕਰਨ ਦੇ ਹਿਟਲਰ ਸ਼ਾਹੀ ਕਦਮ ਸਨ। ਇਹ ਕਦਮ ਅੱਜ ਵੀ ਜਾਰੀ ਹਨ। ਕਾਂਗਰਸ ਨੇ 1984`ਚ ਅਪਰੇਸ਼ਨ ਨੀਲਾ ਤਾਰਾ ਰਾਹੀਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖ ਧਾਰਮਿਕ ਘੱਟ ਗਿਣਤੀ ਦੀ ਆਸਥਾਵਾਂ ਤੇ ਭਾਵਨਾਵਾਂ ਦਾ ਦਮਨ ਕੀਤਾ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਕਰਵਾਇਆ  ਇਸੇ ਕਾਂਗਰਸ ਹਕੂਮਤ ਨੇ ਅਪਰੇਸ਼ਨ ਗਰੀਨ ਹੰਟ ਰਾਹੀਂ ਜੰਗਲਾਂ`ਚ ਵਸਦੇ ਆਦਿ ਵਾਸੀਆਂ ਤੋਂ ਉਨ੍ਹਾਂ ਦੇ ਜਲ, ਜੰਗਲ, ਜਮੀਨ ਖੋਹਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਜੰਗਲਾਂ`ਚ ਕਤਲੇਆਮ ਮਚਾਕੇ ਰੱਖਿਆ ਹੈ। ਹਜਾਰਾਂ ਬੇਗੁਨਾਹ ਝੂਠੇ ਪੁਲਿਸ ਕੇਸਾਂ`ਚ ਵਰ੍ਹਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਕਾਂਗਰਸ ਹਕੂਮਤ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਫਾਸ਼ੀ ਹਕੂਮਤ ਵੱਡੇ ਪੂਜੀਪਤੀਆਂ,ਕਾਰਪੋਰਟਾਂ ਦੇ ਮੁਨਾਫਿਆਂ ਨੂੰ ਜਰਬਾਂ ਦੇਣ ਲਈ ਪੂਰੇ ਜੋਰ ਨਾਲ ਸਰਗਰਮ ਹੈ।ਹਿੰਦੂ ਰਾਸ਼ਟਰ ਬਨਾਉਣ ਲਈ ਧਾਰਮਿਕ ਘੱਟ ਗਿਣਤੀਆਂ ਖਾਸ ਕਰ ਮੁਸਲਿਮ ਭਾਈਚਾਰੇ ਦਾ ਘਾਣ ਆਮ ਵਰਤਾਰਾ ਬਣ ਚੁੱਕਾ ਹੈ।ਕਸ਼ਮੀਰ ਨੂੰ  ਧਾਰਾ 370 ਤੇ 35 ਏ ਰੱਦ ਕਰਨ ਰਾਹੀਂ ਇਸ ਦੇ ਦੋ ਟੁਕੜੇ ਕਰ ਹਕੂਮਤੀ ਖੁੱਦੋ ਬਨਾਉਣ ਦਾ ਕੁਕਰਮ, ਨਿਆਂ ਪਾਲਿਕਾ ਸਮੇਤ ਐਨ.ਆਈ.ਏ, ਸੀਬੀਆਈ, ਈਡੀ,ਚੋਣ ਕਮਿਸ਼ਨ ਨੂੰ ਆਪਣੀ ਕਠਪੁਤਲੀ ਬਣਾ ਰਾਜ ਭਾਰ ਚਲਾਉਣ ਦਾ ਅਮਲ ਵੀ ਤਾਂ ਅਣਐਲਾਨੀ ਐਮਰਜੈਂਸੀ ਹੀ ਹੈ। ਭੀਮਾ ਕੋਰੇਗਾਉਂ ਸਾਜਿਸ਼ ਕੇਸ ਦੀ ਆੜਚ ਦੇਸ਼ ਭਰ ਦੇ 22 ਦੇ ਕਰੀਬ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਨਾਮਵਰ ਵਕੀਲਾਂ, ਦਲਿਤ ਚਿੰਤਕਾਂ, ਕਵੀਆਂ ਨੂੰ ਤਿੰਨ-ਤਿੰਨ ਵਰ੍ਹਿਆਂ ਤੋਂ ਜੇਲ੍ਹਾਂ ਚ ਡੱਕਕੇ ਰੱਖਣ, ਸਾਰੀਆਂ ਸਹੂਲਤਾਂ ਤੋਂ ਵਾਂਝਿਆਂ ਕਰਨਾ, ਨਾਗਰਿਕਤਾ ਸੋਧ ਕਾਨੂੰਨ ਖਿਲ਼ਾਫ ਉੱਠੇ ਵਿਰੋਧ ਨੂੰ ਯੁਏਪੀਏ ਤਹਿਤ ਨੱਪਣਾ ਇਸੇ ਕੜੀ ਦਾ ਹਿੱਸਾ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਭਾਜਪਾਈਆਂ ਵੱਲੋਂ ਸਜਿਸ਼ ਤਹਿਤ ਕਰਵਾਏ ਗਏ ਦਿੱਲੀ ਦੰਗਿਆਂ ਦੇ ਮਨਘੜਤ ਪਰਚਿਆਂ ਦੀ ਆੜਚ ਸ਼ਫੂਰਾ ਜਰਗਰ, ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ, ਉਮਰ ਖਾਲਿਦ, ਆਸਿਫ ਇਕਬਾਲ ਨੂੰ ਜੇਲ੍ਹ ਦੀ ਕਾਲ ਕੋਠੜੀ ਬੰਦ ਕਰਨਾ (ਭਾਵੇਂ ਕਿ ਦਿੱਲੀ ਹਾਈਕੋਰਟ ਦੇ ਤਾਜਾ ਇਤਿਹਾਸਕ ਫੈਸਲੇ ਨੇ ਮੋਦੀ ਹਕੂਮਤ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ) ਲੋਕ ਸਭਾ'ਚ ਗ੍ਰਹਿ ਮੰਤਰਾਲੇ ਵੱਲੋਂ ਪੇਸ਼ ਕੀਤੇ ਅੰਕੜਿਆਂ ਮੁਤਾਬਿਕ 2015 ਤੋਂ 2019 ਤੱਕ ਦੇ ਸਮੇਂ'ਚ ਗੈਰਕਾਨੂੰਨੀ ਗਤੀਵਿਧੀਆਂ(ਰੋਕਥਾਮ) ਐਕਟ (ਯੁਏਪੀਏ) ਤਹਿਤ ਹੋਈਆਂ ਗ੍ਰਿਫਤਾਰੀਆਂਚ 72 % ਵਾਧਾ ਹੋਇਆ ਹੈ। ਸਾਮਰਾਜੀ ਸ਼ਕਤੀਆਂ ਤੇ ਕਾਰਪੋਰੇਟ ਜਗਤ ਦੀ ਗੁਲਾਮੀ ਕਰਦਿਆਂ ਪਹਿਲਾਂ ਕਾਂਗਰਸ ਨੇ 1975 ਚ ਦੇਸ਼ ਭਰ'ਚ ਐਮਰਜੈਂਸੀ ਲਗਾਕੇ ਤੇ ਮੋਦੀ ਨੇ ਹੁਣ ਪੂਰੇ ਮੁਲਕ'ਚ ਅਸਿੱਧੀ ਐਮਰਜੈਂਸੀ ਮੜ੍ਹਕੇ ਸਾਰੇ ਹੱਕ ਹਕੂਕ ਕੁਚਲ ਦਿੱੱਤੇ ਹਨ। ਕਰੋਨਾ ਦੀ ਆੜ ਹੇਠ ਲਿਆਂਦੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਅਤੇ ਖੇਤੀ ਵਿਰੋਧੀ ਕਾਨੂੰਨ ਪਾਸ ਕੀਤੇ। ਲੰਮੇ ਸਮੇਂ ਤੋਂ ਕਾਲੇ ਕਾਨੂੰਨਾਂ ਖਿਲ਼ਾਫ ਚੱਲ ਰਿਹਾ ਕਿਸਾਨ ਅੰਦੋਲਨ ਤੇ ਉਸ ਪ੍ਰਤੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਦਾ ਢੀਠ ਰਵੱਈਆ ਇਸ ਦੀ ਜੱਗ ਜਾਹਿਰ ਤਾਨਾਸ਼ਾਹੀ ਦਾ ਨੰਗਾ ਚਿੱਟਾ ਸਬੂਤ ਹੈ। ਕੇਂਦਰ ਸ਼ਾਸ਼ਿਤ ਪ੍ਰਦੇਸ਼ ਲਕਸ਼ਦੀਪ'ਚ ਬੀਜੇਪੀ ਵੱਲੋਂ ਥਾਪੇ ਉਪ ਰਾਜਪਾਲ ਪ੍ਰਫੁੱਲ ਪਟੇਲ ਦੇ ਲੋਕ ਵਿਰੋਧੀ ਕਦਮਾਂ ਵਿਰੁੱਧ ਟਿੱਪਣੀ ਕਰਨ 'ਤੇ ਫਿਲਮ ਅਭਿਨੇਤਰੀ ਆਇਸ਼ਾ ਸੁਲਤਾਨਾ ਤੇ ਯੂਏਪੀਏ ਤਹਿਤ ਪਰਚਾ ਦਰਜ ਕਰਨਾ ਐਮਰਜੈਂਸੀ ਜਿਹੇ ਤਾਨਾਸ਼ਾਹ ਕਦਮ ਨਹੀਂ ਤਾਂ ਹੋਰ ਕੀ ਹੈ?

26 ਜੂਨ ਦਾ ਦਿਨ ਪੂਰੇ ਦੇਸ਼ ਦੇ ਲੋਕਾਂ ਤੋਂ ਉਸ ਕਾਲੇ ਦੌਰਚ ਹਕੂਮਤੀ ਕਿਰਦਾਰ ਦੀ ਨਿਸ਼ਾਨਦੇਹੀ ਕਰਦਿਆਂ ਮੌਜੂਦਾ ਮੋਦੀ ਦੀ ਅਗਵਾਈ ਵਾਲੀ ਫਿਰਕੂਫਾਸ਼ੀ ਹਕੂਮਤ ਖਿਲਾਫ ਜਮਹੂਰੀ ਹੱਕਾਂ ਦੀ ਜੰਗ ਨੂੰ ਮਸ਼ਾਲਚੀ ਬਣ ਤੇਜ ਕਰਨ ਦਾ ਦਿਨ ਹੈ। ਆਓ ਇਸ ਕਾਲੇ ਦਿਨ ਤੇ ਹੱਕ ਸੱਚ ਦੀ ਆਵਾਜ ਨੂੰ ਬੁਲੰਦ ਕਰੀਏ! ਸਾਰੇ ਦੱਬੇ ਕੁਚਲਿਆਂ ਨੂੰ  ਮੋਦੀ ਹਕੂਮਤ ਖਿਲਾਫ਼ ਸੰਘਰਸ਼ ਕਰਦੇੇ ਹੋਏ ਲੋਕ ਦੋਖੀ ਪਰਬੰਧ ਨੂੰ ਬਦਲਣ ਦੇ ਰਾਹ ਤੁਰਨ ਦਾ ਹੋਕਾ ਦੇਈਏ।

ਇਹ ਬਿਆਨ ਜਾਰੀ ਕੀਤਾ ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾ ਕਮੇਟੀ, ਵੱਲੋਂ ਕਾਮਰੇਡ ਕੰਵਲਜੀਤ ਖੰਨਾ ਨੇ

Saturday 20 March 2021

26 ਜਨਵਰੀ ਦੀਆਂ ਘਟਨਾਵਾਂ ਬਾਰੇ ਕਰਤੀ ਧਰਤੀ ਵੱਲੋਂ ਵਿਸ਼ੇਸ਼ ਪੋਸਟ

 ਟਰਾਲੀ ਟਾਈਮਜ਼ ਦੇ ਨਾਲ ਨਾਲ ਇੱਕ ਹੋਰ ਮੀਡੀਆ ਉਪਰਾਲਾ 


ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ:(ਕਾਰਤਿਕਾ ਸਿੰਘ//ਲੋਕ ਮੀਡੀਆ ਮੰਚ)::

ਅੰਦੋਲਨਾਂ ਦਾ ਦੁਨੀਆ ਭਰ ਵਿੱਚ ਇੱਕ ਲੰਮਾ ਇਤਿਹਾਸ ਹੈ। ਇਹਨਾਂ ਅੰਦੋਲਨਾਂ ਵਿੱਚ ਸ਼ਾਮਲ ਲੋਕਾਂ ਨੇ ਅਥਾਹ ਕੁਰਬਾਨੀਆਂ ਵੀ ਦਿੱਤੀਆਂ ਹਨ ਅਤੇ  ਵੀ ਕੀਤੀਆਂ ਹਨ। ਜੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਨਾ ਹੋਏ ਹੁੰਦੇ ਤਾਂ ਹੁਣ ਵਾਲਾ ਸਿਆਸੀ ਦ੍ਰਿਸ਼ ਵੀ ਮੌਜੂਦ ਨਹੀਂ ਸੀ ਹੋਣਾ। ਅੰਦੋਲਨਕਾਰੀਆਂ ਕੋਈ ਕੁਝ ਵੀ ਆਖੀ ਜਾਏ ਪਰ ਅਸਲ ਵਿੱਚ ਇਹ ਸਾਰੇ ਲੋਕ ਇੱਕ ਪਰਿਵਾਰ ਵਾਂਗ ਬਣ ਜਾਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ 26 ਜਨਵਰੀ 2021 ਨੂੰ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲੇ ਵਾਲੀਆਂ ਘਟਨਾਵਾਂ ਵਾਪਰੀਆਂ ਤਾਂ ਅੰਦੋਲਨਕਾਰੀਆਂ ਦੇ ਇਸ ਸਾਰੇ ਪਰਿਵਾਰ ਵਿੱਚ ਉਦਾਸੀ ਛਾ ਗਈ। ਉਸ ਵੇਲੇ ਮਨਾਂ ਵਿੱਚ ਚੱਲ ਰਹੇ ਉਤਰਾਵਾਂ ਝੜਾਅਵਾਂ ਨੂੰ ਬਹੁਤ ਹੀ ਸੰਖੇਪ ਢੰਗ ਨਾਲ ਕਲਮਬੱਧ ਕੀਤਾ ਹੈ ਉੱਤਰਾਖੰਡ ਦੀ ਨਵਨੀਤ ਕੌਰ ਨੇ ਜਿਸ ਵਿੱਚ ਉਹ ਮਨ ਦੇ ਸੰਸਿਆਂ ਦਾ ਜ਼ਿਕਰ ਵੀ ਕਰਦੀ ਹੈ। ਮਨ ਨਾਲ  ਵਿਚਾਰਾਂ ਦਾ ਵੀ ਅਤੇ ਅੰਦੋਲਨ ਨਾਲ ਪ੍ਰਤੀਬੱਧਤਾ ਦਾ ਵੀ। ਮਨ ਦੀ ਇਹ ਅਵਸਥਾ ਸਿਆਸੀ ਗਿਣਤੀਆਂ ਮਿਣਤੀਆਂ ਅਤੇ ਨਫ਼ੇ ਨੁਕਸਾਨਾਂ ਤੋਂ ਕੋਹਾਂ ਦੂਰ ਹੈ ਜਿਸ ਵਿੱਚ ਸਿਰਫ ਇੱਕੋ ਰਿਸ਼ਤਾ ਹੈ। ਕਿਸਾਨੀ ਨਾਲ ਦਰਦ ਦਾ ਰਿਸ਼ਤਾ। ਮਨੁੱਖਤਾ ਵਾਲਾ ਰਿਸ਼ਤਾ। ਸੱਚ ਵਾਲਾ ਰਿਸ਼ਤਾ।ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਤੇਜ਼ੀ ਨਾਲ ਅਤੇ ਅਚਾਨਕ ਹੀ ਸਾਹਮਣੇ ਆਏ ਕਰਤੀ ਧਰਤੀ ਨਾਮ ਦੇ ਨਵੇਂ ਪਰਚੇ ਨੇ ਜਿਸਦੇ ਹੁਣ ਤੱਕ ਘਟੋਘਟ ਤਿੰਨ ਅੰਕ ਸਾਹਮਣੇ ਆ ਚੁੱਕੇ ਹਨ। ਟਰਾਲੀ ਟਾਈਮਜ਼  ਤੇਜ਼ੀ ਨਾਲ ਉਭਰ ਰਹੇ ਇਸ ਪਰਚੇ ਨੇ ਵੀ ਆਪਣੀ ਵੱਖਰੀ ਥਾਂ ਅਤੇ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ।  ਹਰ ਪੰਦਰਵਾੜੇ ਨੂੰ ਛਪਣ ਵਾਲੇ ਇਸ ਪਰਚੇ ਨੂੰ ਗੁਰਮੁਖੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਛਾਪਿਆ ਜਾਂਦਾ ਹੈ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਇੱਕ ਪ੍ਰਸਿੱਧ ਸਿਆਸੀ ਲੀਡਰ ਅਤੇ ਬੁੱਧੀਜੀਵੀ ਦੀਆਂ ਬੇਟੀਆਂ ਆਪਣੀਆਂ ਸਹੇਲੀਆਂ ਦੇ ਨਾਲ ਇਸਦਾ *ਸੰਚਾਲਨ ਕਰਦੀਆਂ ਹਨ। ਇਹ ਕੁੜੀਆਂ ਹਨ ਜਿਹੜੀਆਂ  ਇਨਾਮਾਂ  ਸ਼ਨਾਮਾਂ ਤੋਂ ਦੂਰ ਰਹਿੰਦੀਆਂ ਹਨ:ਲਓ ਪੜ੍ਹੋ ਉੱਤਰਾਖੰਡ ਵਾਲੀ ਨਵਨੀਤ ਕੌਰ ਦੀ ਪੋਸਟ:

ਤੇ ਫੇਰ ਮੈਂ ਵਾਪਿਸ ਆ ਗਈ


ਮੈਂ 20 ਦਿਨ ਪਹਿਲਾਂ ਉੱਤਰਾਖੰਡ ਤੋਂ ਆਪਣੀ ਭੈਣ ਅਤੇ ਮਾਂ ਨਾਲ਼ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਈ ਸੀ। ਇੱਥੇ ਆਉਣ ਤੋਂ ਬਾਅਦ ਮੈਂ ਇੱਥੋਂ ਵਾਪਿਸ ਨਹੀਂ ਜਾ ਸਕੀ। ਜਦੋਂ ਮੇਰੇ ਭਰਾ ਨੇ ਇਸ ਅੰਦੋਲਨ ਦੀ ਸ਼ਰੂਆਤ ਵਿੱਚ ਮੈਨੂੰ ਇਹਨਾਂ ਤਿੰਨ ਖੇਤੀ ਕਾਨੂੰਨਾਂ ਬਾਰੇ ਦੱਸਿਆ, ਮੈਂ ਉਦੋਂ ਤੋ ਹੀ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਸੀ। 26 ਜਨਵਰੀ ਤੱਕ ਅੰਦੋਲਨ ਸ਼ਾਂਤਮਈ ਚੱਲ ਰਿਹਾ ਸੀ। 26 ਜਨਵਰੀ ਨੂੰ ਜਦੋਂ ਲੋਕ ਭਟਕ ਕੇ ਦਿੱਲੀ ਵੱਲ ਨੂੰ ਚਲੇ ਗਏ ਅਤੇ ਪੂਰੇ ਮੀਡੀਆ ਨੇ ਇਸ ਅੰਦੋਲਨ ਦਾ ਰੂਪ ਬਦਲ ਦਿੱਤਾ, ਇਹਦੇ ਨਾਲ਼ 26 ਜਨਵਰੀ ਦੇ ਮਾਰਚ ਦੀਆ ਘਟਨਾਵਾਂ ਤੋਂ ਬਾਅਦ ਗਾਜ਼ੀਪੁਰ ਵਿੱਚ ਇੱਕ ਦੁੱਖ ਭਰੀ ਖਾਮੋਸ਼ੀ ਛਾਈ ਰਹੀ। ਸ਼ਾਮ ਨੂੰ ਕੁਝ ਲੋਕ ਵਾਪਿਸ ਗਾਜ਼ੀਪੁਰ ਤੋਂ ਆਪਣੇ ਘਰਾਂ ਵੱਲ ਜਾ ਰਹੇ ਸਨ ਤਾਂ ਮੈਂ ਤੇ ਮੇਰੀ ਸਹੇਲੀ ਰਾਜਪਾਲ ਕੌਰ (ਹਰਿਆਣਾ ਤੋਂ) ਨੇ ਬਹੁਤ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਅੰਦੋਲਨ ਵਿੱਚ ਰੁਕਣ ਲਈ ਕਿਹਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਉਹਨਾਂ ਦੇ ਜਾਣ ਨਾਲ਼ ਕਮਜ਼ੋਰ ਪੈ ਜਾਵੇਗਾ। ਪਰ ਫਿਰ ਵੀ ਲੋਕ ਅਲੱਗ-ਅਲੱਗ ਕਾਰਣਾਂ ਕਰਕੇ ਵਾਪਿਸ ਜਾਂਦੇ ਰਹੇ। ਅਤੇ ਰਾਤ ਤੱਕ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਗਈ। 


27 ਜਨਵਰੀ ਦਾ ਦਿਨ ਵੀ ਏਸੇ ਤਰ੍ਹਾਂ ਅਟਕਲਾਂ ਵਿੱਚ ਗੁਜ਼ਰਿਆ। ਦਿਨ ਭਰ ਜਿੱਥੇ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਅੰਦੋਲਨ ਦੇ ਖਿਲਾਫ਼ ਪ੍ਰਚਾਰ ਹੁੰਦਾ ਰਿਹਾ, ਗਾਜ਼ੀਪੁਰ ਦੇ ਲੋਕ ਹੋਰ ਚੌਕੰਨੇ ਹੋਣ ਲੱਗੇ। ਰਾਤ ਨੂੰ ਬਹੁਤ ਲੋਕਾਂ ਨੇ ਪਹਿਰਾ ਦਿੱਤਾ, ਅਤੇ ਅਸੀਂ ਔਰਤਾਂ ਨੇ ਵੀ ਬੈਠ ਕੇ ਰਾਤ ਕੱਢੀ। ਪਰ 28 ਜਨਵਰੀ ਦੀ ਸ਼ਾਮ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜਦੋਂ ਆਤਮ ਸਮਰਪਣ ਦੀ ਗੱਲ ਆਖੀ ਤਾਂ ਅੰਦੋਲਨ ਵਾਲੀ ਥਾਂ ਉੱਤੇ ਹੜਬੜੀ ਜਿਹੀ ਮੱਚ ਗਈ। ਬਹੁਤ ਸਾਰੇ ਲੋਕਾਂ ਨੂੰ ਇਹ ਅੰਦੋਲਨ ਸਮਾਪਤ ਹੁੰਦਾ ਨਜ਼ਰ ਆਇਆ। ਇਸੇ ਉਧੇੜ-ਬੁਣ ਵਿੱਚ ਸਾਨੂੰ ਅਤੇ ਹੋਰ ਮਹਿਲਾ ਅੰਦੋਲਨਕਾਰੀਆਂ ਨੂੰ ਪਰਿਵਾਰ ਵਾਲਿਆਂ ਨੇ ਸੁਰੱਖਿਆ ਕਾਰਣਾਂ ਦੇ ਮੱਦੇਨਜ਼ਰ ਵਾਪਸ ਜਾਣ ਨੂੰ ਕਿਹਾ। ਮੈਂ ਇੱਥੇ ਰੁਕਣਾ ਚਾਹੁੰਦੀ ਸੀ ਅਤੇ ਸਾਰਿਆਂ ਦੇ ਨਾਲ਼ ਇਸ ਅੰਦੋਲਨ ਲਈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਨਾ ਚਾਹੁੰਦੀ ਸੀ, ਪਰ ਅੰਦੋਲਨ ਵਿੱਚ ਮੌਜੂਦ ਜਾਣਕਾਰਾਂ ਦੀ ਹਿਦਾਇਤ ਅਨੁਸਾਰ (ਸੁਰੱਖਿਆ ਕਾਰਣਾਂ ਕਰਕੇ) ਮੈਂ, ਮੇਰੀ ਭੈਣ, ਮੇਰੀ ਮਾਂ ਅਤੇ ਕੁਝ ਹੋਰ ਲੋਕ ਸ਼ਾਮ ਦੇ ਲੱਗਭਗ 7.00 ਵਜੇ ਗਾਜ਼ੀਪੁਰ ਤੋਂ ਉੱਤਰਾਖੰਡ ਲਈ ਇੱਕ ਟਰਾਲੀ ਵਿੱਚ ਨਿਕਲੇ। ਰਸਤੇ ਵਿੱਚ ਸਭ ਚੁੱਪ ਸਨ ਅਤੇ ਸਹਿ ਯਾਤਰੀ ਸਾਨੂੰ ਲਗਾਤਾਰ ਚੁੱਪ ਰਹਿਣ ਦੀ ਅਤੇ ਰਸਤੇ ਵਿੱਚ ਕਿਸੇ ਨੂੰ ਵੀ ਸਾਡੇ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਗੱਲ ਨਾ ਦੱਸਣ ਦੀ ਹਿਦਾਇਤ ਦੇ ਰਹੇ ਸਨ। ਪਰ ਜਦੋਂ ਮੈਨੂੰ ਅੱਧੀ ਰਾਤ ਗਾਜ਼ੀਪੁਰ ਬਾਡਰ ਤੋਂ ਆਪਣੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਕਿ ਅੰਦੋਲਨ ਚੱਲੇਗਾ ਅਤੇ ਟਿਕੈਤ ਸਮਰਪਣ ਨਹੀਂ ਦੇਣਗੇ, ਤਾਂ ਟਰਾਲੀ ਵਿੱਚ ਸਵਾਰ ਇੱਕ ਬਜ਼ੁਰਗ ਨੇ ਵਾਪਿਸ ਗਾਜ਼ੀਪੁਰ ਜਾਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਵੀ ਵਾਪਿਸ ਆਉਣਾ ਚਾਹੁੰਦੀ ਸੀ ਤਾਂ ਅਸੀ ਟ੍ਰੈਕਟਰ ਵਾਲੇ ਨੂੰ ਰਸਤੇ ਵਿੱਚੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਸਾਨੂੰ ਚੜ੍ਹਾਉਣ ਨੂੰ ਕਿਹਾ। ਟ੍ਰੈਕਟਰ-ਚਾਲਕ ਰਾਤ ਨੂੰ ਮੈਨੂੰ ਬੱਸ ਚੜ੍ਹਾਉਣ ਤੋਂ ਹਿਚਕਚਾ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਾਂ ਵੀ ਮੇਰੇ ਵਾਪਿਸ ਜਾਣ ਤੇ ਰਾਜ਼ੀ ਹੈ। ਫਿਰ ਆਖਿਰਕਾਰ ਰਸਤੇ ਵਿੱਚ ਦਿੱਲੀ ਵਾਲੇ ਪਾਸਿਉਂ ਆਉਣ ਵਾਲੀ ਉੱਤਰ ਪ੍ਰਦੇਸ਼ ਰਾਜ ਸੜਕ ਪਰਿਵਾਹਨ ਨਿਗਮ ਦੀ ਬੱਸ ਲੈ ਕੇ ਮੈਂ ਅਤੇ ਉਹ ਬਜ਼ੁਰਗ ਰਾਤ ਨੂੰ 2.00 ਵਜੇ ਵਾਪਿਸ ਗਾਜ਼ੀਪੁਰ ਅੱਪੜੇ। ਉਸ ਰਾਤ ਮੈਂ ਇੱਥੇ ਇਕੱਲੀ ਔਰਤ ਸੀ। ਮੈਂ ਉਸ ਦਿਨ ਤੋਂ ਲਗਾਤਾਰ ਇੱਥੇ ਹਾਂ, ਅੱਗੇ ਵੀ ਰਹਾਂਗੀ, ਕਿਉਂਕਿ ਮੈਨੂੰ ਦੇਖਕੇ ਇੱਥੇ ਹੋਰ ਔਰਤਾਂ ਆਉਣਗੀਆਂ ਅਤੇ ਉਹਨਾਂ ਨੂੰ ਦੇਖਕੇ ਕੁਝ ਹੋਰ। ਇਸ ਤਰ੍ਹਾਂ ਨਾਲ਼ ਸਾਡਾ ਅੰਦੋਲਨ ਵੀ ਅੱਗੇ ਵਧੇਗਾ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ ਅਤੇ ਹਿੱਸੇਦਾਰੀ ਵੀ ਵਧੇਗੀ।

ਕਰਤੀ ਧਰਤੀ ਦੀ ਸੰਚਾਲਨ ਟੀਮ ਵਾਲੇ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ:

ਬਾਨੀ ਕਰਤੀ:ਸੰਗੀਤ ਤੂਰ

ਡਿਜ਼ਾਈਨ ਕਰਤੀ:ਨਵਜੀਤ ਕੌਰ 

ਮੁੱਖ ਕਰਤੀ:ਸਰਗਮ ਤੂਰ 

ਈਮੇਲ ਸੰਪਰਕ:kartidhartimagazine@gmail.com