Thursday 30 April 2015

ਇਸਲਾਮਿਕ ਸਟੇਟ ਨੇ ਕੀਤਾ ਟਿਊਨੀਸ਼ੀਆ ਦੇ ਦੋ ਪੱਤਰਕਾਰਾਂ ਦਾ ਕਤਲ

ਆਓ ਮਈ ਦਿਵਸ ਮੌਕੇ ਕਲਮ ਦੇ ਕਿਰਤੀਆਂ ਦੀ ਵੀ ਸਾਰ ਲਈਏ
ਲੁਧਿਆਣਾ: 30 ਅਪ੍ਰੈਲ 2015: (ਰੈਕਟਰ ਕਥੂਰੀਆ//ਲੋਕ ਮੀਡੀਆ ਮੰਚ): 
ਕੋਈ ਵੇਲਾ ਸੀ ਜਦੋਂ ਜ਼ੁਲਮਾਂ  ਦਾ ਸ਼ਿਕਾਰ ਹੋਏ ਬੇਬਸ ਲੋਕਾਂ ਦੀ ਹਾਲਤ ਦੇਖਣ ਕੋਈ ਪੱਤਰਕਾਰ ਪੁੱਜ ਜਾਂਦਾ ਸੀ ਤਾਂ ਉਹਨਾਂ ਦੇ ਚਿਹਰਿਆਂ 'ਤੇ ਰੌਨਕ ਆ ਜਾਂਦੀ ਸੀ। ਡਾਂਗਾਂ ਅਤੇ ਗੋਲੀਆਂ ਦੇ ਬਾਵਜੂਦ ਉਹਨਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ ਸਨ। ਸੰਘਰਸ਼ਾਂਵਿੱਚ ਸ਼ਹਾਦਤ ਦਾ ਜਾਮ ਵੀ ਉਹਨਾਂ ਨੂੰ ਚੰਗਾ ਲੱਗਣ ਲੱਗ ਜਾਂਦਾ ਕਿਓਂਕਿ ਉਹਨਾਂ ਨੂੰ ਯਕੀਨ ਹੁੰਦਾ ਕਿ ਉਹਨਾਂ ਨਾਲ ਹੋਈਆਂ ਵਧੀਕੀਆਂ ਦੀ ਖਬਰ ਉੱਥੇ ਪੁੱਜਿਆ ਰਿਪੋਰਟ ਜਰੁਰ ਦੁਨੀਆ ਤੱਕ ਪਹੁੰਚਾਵੇਗਾ। ਉਸ ਵੇਲੇ ਦੇ ਰਿਪੋਰਟਰ ਅੱਜ ਕਲ੍ਹ ਦੇ ਆਧੁਨਿਕ ਕੈਮਰਿਆਂ, ਮੋਬਾਈਲ  ਫੋਨਾਂ ਅਤੇ ਲੈਪਟੋਪਾਂ  ਨਾਲ ਲੈਸ ਨਹੀਂ ਸਨ ਹੁੰਦੇ ਪਰ ਉਹਨਾਂ ਦਾ ਇਖਲਾਕ਼ ਬਹੁਤ ਬੁਲੰਦ ਹੁੰਦਾ ਸੀ। ਆਮ ਤੌਰ ਤੇ ਓਹ ਕਿਸੇ ਕੋਲੋਂ ਚਾਹ ਦਾ ਕੱਪ ਵੀ ਨਾ ਪੀਂਦੇ ਅਤੇ ਨਾ ਹੀ ਕਿਸੇ ਦੀ ਹਿੰਮਤ ਹੁੰਦੀ ਕਿ ਉਹਨਾਂ ਨੂੰ ਅਜਿਹੀ ਪੇਸ਼ਕਸ਼ ਦੀ ਜੁਰਅਤ ਕਰ ਜਾਵੇ। ਚੰਗੇ ਲੋਕ ਅੱਜ ਵੀ ਨਹੀਂ ਮੁੱਕੇ ਪਰ ਕੁਲ ਮਿਲਾ ਕੇ ਇਸ ਕਿੱਤੇ ਦੀ ਸਾਖ ਡਿੱਗਦੀ ਚਲੀ ਗਈ। ਵੱਡੀਆਂ ਵੱਡੀਆਂ ਅਖਬਾਰਾਂ ਵੱਡੇ ਵੱਡੇ ਇਸ਼ਤਿਹਾਰ ਛਪਦੀਆਂ ਹਨ---ਜੀ ਅਸੀਂ ਪੇਡ ਨਿਊਜ਼ ਨਹੀਂ ਛਾਪਦੇ---ਤੇ ਲੋਕ ਇਹਨਾਂ ਨੂੰ ਪੜ੍ਹ ਕੇ ਮੁਚਕੜੀ ਜਹੀ ਵਿੱਚ ਹੱਸ ਪੈਂਦੇ ਹਨ ਕਿਓਂਕਿ ਉਹਨਾਂ ਨੂੰ ਹਕੀਕਤ ਪਤਾ ਹੁੰਦੀ ਹੈ। ਕਿਸੇ ਪੱਤਰਕਾਰ ਨਾਲ ਕੋਈ ਵਧੀਕੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸੜਕਾਂ ਤੇ ਆ ਕੇ ਰੋਸ ਪ੍ਰਗਟਾਉਣਾ ਪੈਂਦਾ ਹੈ।  
ਇਹ ਸਭ ਕੁਝ ਮੈਨੂੰ ਯਾਦ ਆਇਆ ਟਿਊਨੀਸ਼ੀਆ ਤੋਂ ਆਈਆਂ ਖਬਰਾਂ ਪੜ੍ਹ ਕੇ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਟਿਊਨੀਸ਼ੀਆ ਦੇ ਦੋ ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਪੱਤਰਕਾਰਾਂ ਨੂੰ ਪਿਛਲੇ ਸਾਲ ਅਗਵਾ ਕੀਤਾ ਗਿਆ ਸੀ। ਅਗਵਾ ਵਾਲੇ ਸਮੇਂ ਤੋਂ ਹੀ ਉਹਨਾਂ ਦੇ ਪਰਿਵਾਰ ਅਤੇ ਸਾਥੀ ਕਿਸੇ ਅਜਿਹੀ ਅਨਹੋਣੀ ਦੀ ਆਸ਼ੰਕਾ ਵਿੱਚ ਬਾਰ ਬਾਰ ਮਰ ਰਹੇ ਸਨ। ਲਿਬੀਆ ਸਰਕਾਰ ਨੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਟਿਊਨੀਸ਼ੀਆ ਦੇ ਅਧਿਕਾਰੀਆਂ ਮੁਤਾਬਿਕ ਟਿਊਨੀਸ਼ੀਆਈ ਸਰਕਾਰ ਇਸ ਮਾਮਲੇ 'ਤੇ ਤੁਰੰਤ ਚਰਚਾ ਕਰਨ ਲਈ ਇਕ ਵਫ਼ਦ ਨੂੰ ਲਿਬੀਆ ਭੇਜੇਗੀ। ਸੋਫੀਆਨ ਚੌਰਾਬੀ ਤੇ ਨਾਧਿਰ ਕਤਾਰੀ ਨਾਮਕ ਦੋ ਪੱਤਰਕਾਰਾਂ ਨੂੰ ਅੱਠ ਮਹੀਨੇ ਪਹਿਲਾ ਇਸਲਾਮਿਕ ਸਟੇਟ ਨੇ ਅਗਵਾ ਕਰ ਲਿਆ ਸੀ । ਇਸ ਖਬਰ ਨਾਲ ਉਹਨਾਂ ਦੇ ਪਰਿਵਾਰ ਵੀ ਸਦਮੇ ਵਿੱਚ ਹਨ ਅਤੇ ਅਤੇ ਸਾਥੀ ਵੀ। ਭਾਵੇਂ ਲਿਬੀਆ ਦੇ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਇਨ੍ਹਾਂ ਦੋ ਪੱਤਰਕਾਰਾਂ ਦੀ ਹੱਤਿਆ ਕਰਨ ਵਾਲੇ ਇਸ ਸਮੂਹ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਗ੍ਰਿਫਤਾਰੀ ਨਾਲ ਹਮੇਸ਼ਾਂ ਲਈ ਤੁਰ ਗਏ ਪੱਤਰਕਾਰ ਕਦੇ ਵਾਪਿਸ ਨਹੀਂ ਆਉਣਗੇ। 
ਇਹ ਪੱਤਰਕਾਰ ਹੀ ਹਨ ਜਿਹੜੇ ਆਪਣੇ ਸੁੱਖ ਆਰਾਮ ਨੂੰ ਤਿਆਗ ਕੇ ਲੋਕਾਂ ਲੈ ਕੰਮ ਕਰਦੇ ਹਨ।  ਵੱਡੇ ਵੱਡੇ ਚੈਨਲ ਅਤੇ ਵੱਡੀਆਂ ਵੱਡੀਆਂ ਅਖਬਾਰਾਂ ਏਅਰ ਕੰਡੀਸ਼ਨਰਾਂ ਵਾਲੇ ਕਮਰਿਆਂ  ਬੈਠੇ ਮਾਲਕਾਂ ਜਾਂ ਉਹਨਾਂ ਦੇ ਭਾਈਵਾਲਾਂ ਨਾਲ ਨਹੀਂ ਬਲਕਿ ਉਹਨਾਂ ਜਾਂਬਾਜ਼ ਪੱਤਰਕਾਰਾਂ ਦੇ ਸਿਰ ਹੀ ਚੱਲਦੇ ਹਨ ਜਿਹੜੇ ਮੀਂਹ ਹੋਵੇ ਜਾਂ ਨ੍ਹੇਰੀ ਇੱਕ ਫੋਨ ਆਉਂਦਿਆਂ ਹੀ ਕਵਰੇਜ ਲਈ ਨਿਕਲ ਤੁਰਦੇ ਹਨ। ਕਈ ਵਾਰ ਕਵਰੇਜ ਏਹੋ ਜਹੇ ਮਾਮਲਿਆਂ ਦੀ ਹੁੰਦੀ ਹੈ ਜਿੱਥੋਂ ਉਹ ਕਦੇ ਘਰ ਨਹੀਂ ਪਰਤਦੇ ਜਿਵੇਂ ਕਿ ਟਿਊਨੀਸ਼ੀਆ ਵਿੱਚ ਹੋਇਆ ਹੈ। ਨਿਖੇਧੀਆਂ ਹੋਣਗੀਆਂ, ਸ਼ਾਇਦ ਉਹਨਾਂ ਨੂੰ ਕੋਈ ਮੁਆਵਜ਼ਾ ਜਾਂ ਐਵਾਰਡ ਵੀ ਮਿਲ ਜਾਵੇ ਪਰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦਾ ਪਿਤਾ ਕਦੇ ਨਹੀਂ ਮਿਲ ਸਕੇਗਾ। ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦਾ ਉਹ ਸਪੁੱਤਰ ਕਦੇ ਨਹੀਂ ਮਿਲੇਗਾ।  ਕਿਸੇ ਪਤਨੀ ਦਾ ਸੁਆਗ, ਕਿਸੇ ਭੈਣ ਦਾ ਭਰਾ ਹਮੇਸ਼ਾਂ ਲਈ ਖੋਹ ਲਿਆ ਗਿਆ। ਆ ਰਹੀਆਂ ਖਬਰਾਂ ਮੁਤਾਬਿਕ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਹੁਣ ਸਿਰਫ ਇਹਨਾਂ ਹੱਤਿਆਵਾਂ ਦੀ ਪੁਸ਼ਟੀ ਹੀ ਹੋਈ ਹੈ। ਇਹ ਹੋਏ ਜਾਂ ਬਹੁਤ ਪਹਿਲਾਂ--ਇਹ ਗੱਲ ਜਿਆਦਾ ਮਹੱਤਵ ਨਹੀਂ ਰੱਖਦੀ ਕਿ ਇਹ ਕਤਲ ਹੁਣੇ ਜਹੇ ਹੋਏ ਜਾਂ ਬਹੁਤ ਪਹਿਲਾਂ। ਮੁੱਦਾ ਇਹ ਹੈ ਕਿ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਮੀਡੀਆ ਲਗਾਤਾਰ ਖਤਰਿਆਂ ਵਿੱਚ ਹੈ ਅਤੇ ਪਛਾਣ ਪੱਤਰ ਲੈਣ ਵਰਗੇ ਹੱਕੀ ਅਧਿਕਾਰਾਂ ਦੇ ਮਾਮਲੇ ਵਿੱਚ ਬਲੈਕਮੇਲ ਕੀਤਾ ਜਾ ਰਿਹਾ ਹੈ। ਅੱਜਕਲ੍ਹ ਸਭਿਅਕ ਯੁਗ ਗਈ।  ਇਸਲਾਮਿਕ ਸਟੇਟ ਵਾਲੇ ਸਿਰ ਕਲਮ ਕਰਦੇ ਹਾਂ ਜਾਂ ਗੋਲੀ ਮਾਰ ਦੇਂਦੇ ਹਨ ਪਰ ਸਭਿਅਕ ਸਮਾਜ ਵਿੱਚ ਉਹਨਾਂ ਨੂੰ ਕਿਸੇ ਸੜਕ ਹਾਦਸੇ ਵਿੱਚ ਜਾਂ ਕਿਸੇ ਐਂਟੀ ਸੋਸ਼ਲ ਐਲੀਮੈਂਟ ਕੋਲੋਂ ਹਮਲਾ ਕਰਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।  ਇਹ ਗੱਲ ਵੱਖਰੀ ਹੈ ਕਿ ਅਜਿਹੇ ਮਾਮਲੇ ਅਕਸਰ ਦੱਬੇ ਰਹਿ ਜਾਂਦੇ ਹਨ। 
ਉਹਨਾਂ ਨੂੰ ਅਸਲੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇੱਕ ਮੁਠ ਹੋਈਏ, ਇੱਕਜੁੱਟ ਹੋਈਏ। ਕਲ੍ਹ ਮਈ ਦਿਵਸ ਹੈ। ਆਓ ਕਲਮ ਦੇ ਕਿਰਤੀਆਂ ਨੂੰ ਇੱਕ ਕਰਕੇ ਸੰਕਲਪ ਕਰੀਏ ਕਿ ਅਸੀਂ ਵੀ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਹੈ। 

Wednesday 15 April 2015

ਗਰਕੀਆਂ ਜ਼ਮੀਰਾਂ 'ਤੇ ਚੋਟ ਮਾਰਦੀ ਅਜੈ ਤਨਵੀਰ ਦੀ ਗਜ਼ਲ

ਇਹ ਹਾਕਮ ਦੇ ਨਿਸ਼ਾਨੇ 'ਤੇ ਹਮੇਸ਼ਾਂ ਵਾਂਗ ਹੁਣ ਵੀ ਹਨ,
ਜਿਨ੍ਹਾਂ ਵਿੱਚ ਜੰਮਦੇ ਬਾਗੀ, ਇਹ ਹਨ ਓਹ ਬਸਤੀਆਂ ਯਾਰੋ।
ਸੋਸ਼ਲ ਮੀਡੀਆ ਨੇ ਪੰਜਾਬੀ ਸਾਹਿਤ ਨੂੰ ਵੀ ਘਰ ਘਰ ਤੱਕ ਪਹੁੰਚਾਉਣ ਵਿੱਚ ਵੀ ਬਹੁਤ ਯੋਗਦਾਨ ਪਾਇਆ ਹੈ। ਇੱਕ ਖੂਬਸੂਰਤ  ਰਚਨਾ ਮਿਲੀ ਫੇਸਬੁਕ 'ਤੇ।ਅਜੈ ਤਨਵੀਰ ਦੀ ਲਿਖੀ ਇਸ ਗਜ਼ਲ ਨਾਲ ਜਦੋਂ ਗੁਰਪਾਲ ਲਿਟ ਦੀ ਕਲਾ ਮਿਲੀ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਗਈ। ਜ਼ਰਾ ਦੇਖੋ ਇਸਦਾ ਇੱਕ ਇੱਕ ਸ਼ਿਅਰ ਕੀ ਆਖਦਾ ਹੈ।
ਇਸ ਗਜ਼ਲ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।