Saturday 4 April 2020

ਤਰਕਸ਼ੀਲ ਸੁਸਾਇਟੀ ਵਲੋਂ ਵੀ ਦੀਵੇ ਜਗਾਉਣ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ

4th April 4 at 2020 at 5:09 PM
ਦੀਵੇ ਜਗਾਕੇ ਕਰੋਨਾ ਭਜਾਉਣ ਦੇ ਬਿਆਨ ਪੂਰੀ ਤਰਾਂ ਗੈਰ ਵਿਗਿਆਨਕ 
ਲੁਧਿਆਣਾ: 4 ਅਪਰੈਲ 2020: (ਲੋਕ ਮੀਡੀਆ ਮੰਚ ਬਿਊਰੋ):: 
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਟੈਲੀਵਿਜ਼ਨ ਉਪਰ ਦੇਸ਼ ਵਾਸੀਆਂ ਨੂੰ ਦਿਤੇ ਸੰਦੇਸ਼ ਵਿੱਚ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਬਤੀਆਂ ਬੰਦ ਕਰਕੇ ਦੀਵੇ, ਟਾਰਚ ਜਗਾ ਕੇ ਕਰੋਨਾ ਭਜਾਉਣ ਦੇ ਗੈਰ ਵਿਗਿਆਨਕ ਬਿਆਨ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਹਾਸੋਹੀਣਾ ਕਰਾਰ ਦਿੱਤਾ ਹੈ। ਸੁਸਾਇਟੀ ਦੇ ਜ਼ੋਨ ਲੁਧਿਆਣਾ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਵਿੱਤ ਮੁੱਖੀ ਆਤਮਾ ਸਿੰਘ, ਇਕਾਈ ਮੁੱਖੀ ਬਲਵਿੰਦਰ ਸਿੰਘ ਸਮੇਤ ਸਤੀਸ਼ ਸੱਚਦੇਵਾ, ਧਰਮਪਾਲ ਸਿੰਘ ਵਲੋਂ ਤਿਖੀ ਆਲੋਚਨਾ ਕੀਤੀ ਹੈ। ਪ੍ਰੈਸ ਨੂੰ ਦਿਤੇ ਬਿਆਨ ਰਾਹੀਂ ਆਗੂਆਂ ਨੇ ਕਿਹਾ ਕਿ ਕਰੋਨਾ ਬਿਮਾਰੀ ਨਾਲ ਪੂਰੀ ਦੁਨੀਆ ਦੇ ਦੇਸ਼ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਨਵੇਂ ਹਸਪਤਾਲ ਬਣਾਉਣ ਦੇ ਐਲਾਨ ਕਰ ਰਹੇ ਹਨ, ਮਰੀਜ਼ਾਂ ਲਈ ਵੈਂਟੀਲੈਂਟਰਾਂ ਦੀ ਘਾਟ ਪੂਰੀ ਕਰਨ ਲਈ ਪ੍ਰਬੰਧ ਕਰ ਰਹੇ ਹਨ, ਬੇਰੋਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦੇ ਐਲਾਨ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦੀਵੇ ਜਗਾਉਣ ਨਾਲ ਕਰੋਨਾ ਭਜਾਉਣ ਦੇ ਬਿਆਨ ਦੇ ਕੇ ਅੰਧ ਵਿਸ਼ਵਾਸ਼ ਨੂੰ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਕਹਿਣਾ ਕਿ “ਕਰੋਨਾ ਦੀ ਚਾਇਨ ( ਲੜੀ ) ਤੋੜਨ ਲਈ ਇਹੋ ਰਾਮ ਬਾਣ ਇਲਾਜ ਹੈ “ ਨੂੰ ਅੰਧਵਿਸ਼ਵਾਸੀ ਕਰਾਰ ਦਿੱਤਾ। ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਗੈਰ ਵਿਗਿਆਨਕ ਕੰਮ ਨੂੰ ਨਾ ਕਰਨ। ਆਗੂਆਂ ਨੇ ਪ੍ਰਧਾਨ ਮੰਤਰੀ ਤੋਂ ਵੀ ਮੰਗ ਕੀਤੀ ਕਿ ਦੇਸ਼ ਦੀ ਇਸ ਸੰਕਟ ਦੀ ਘੜੀ ਵਿੱਚ ਅੰਧਵਿਸ਼ਵਾਸਾਂ ਨੂੰ ਵਧਾਉਣ ਦੀ ਥਾਂ ਦੇਸ਼ ਦੇ ਲੋਕਾਂ ਲਈ ਲੜ ਰਹੇ ਡਾਕਟਰਾਂ/ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਦਾ ਸਮਾਨ ਮਹੱਈਆ ਕਰਨ ਦੀ ਗੱਲ ਕਰਨ। ਬੇਰੋਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦਾ ਐਲਾਨ ਕਰਨ। ਦੇਸ਼ ਵਾਸੀਆਂ ਨੂੰ ਇਹ ਦਸਣ ਦੀ ਖੇਚਲ ਕਰਨ ਕਿ ਨਵੇਂ ਹਸਪਤਾਲ ਕਿੰਨੇ ਬਣਾਉਣ ਦੀ ਯੋਜਨਾ ਹੈ? ਕਿੰਨੇ ਵੈਂਟੀਲੇਟਰਾਂ ਦੀ ਜ਼ਰੂਰਤ ਹੈ ਅਤੇ ਕਿੰਨੇ ਇਸ ਆਫ਼ਤ ਲਈ ਹੋਰ ਖਰੀਦੇ ਹਨ? ਮਜ਼ਦੂਰਾਂ ਲਈ ਖਾਧ ਖ਼ੁਰਾਕ ਅਤੇ ਆਰਥਿਕ ਸਹਾਇਤਾ ਕਿਵੇਂ ਪੁਜਦੀ ਕੀਤੀ ਜਾਵੇਗੀ? ਉਹਨਾਂ ਅੱਗੇ ਕਿਹਾ ਕਿ ਥਾਲੀਆਂ, ਤਾੜੀਆਂ, ਟੱਲੀਆਂ ਤੇ ਘੰਟੀਆਂ ਬਜਾਉਣਾ ਇਸ ਸਮੱਸਿਆ ਦਾ ਇਲਾਜ ਨਹੀਂ ਤੇ ਨਾ ਹੀ ਇਸ ਤਰ੍ਹਾਂ ਕਰਨ ਨਾਲ ਭੁੱਖੇ ਢਿੱਡ ਬੈਠੇ ਲੋਕਾਂ ਦਾ ਮਨੋਬਲ ਉੱਚਾ ਹੋਣਾ ਹੈ। ਆਗੂਆਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਖ਼ਜ਼ਾਨੇ ਦਾ ਮੂੰਹ ਸਿਹਤ ਸੇਵਾਵਾਂ ਅਤੇ ਗਰੀਬਾਂ ਵਲ ਕੀਤਾ ਜਾਵੇ।