Sunday 25 July 2021

ਟਵੀਟ ’ਚ ਪ੍ਰਧਾਨ ਮੰਤਰੀ ਨੂੰ ਬੇਸ਼ਰਮ ਕਹਿਣ ਵਾਲੇ ਪੱਤਰਕਾਰ ਦੀ ਬਰਖ਼ਾਸਤਗੀ

ਆਜਤੱਕ ਵੱਲੋਂ ਸ਼ਿਆਮ ਮੀਰਾ ਸਿੰਘ ਨੂੰ ਹਟਾਉਣ ਵਿਰੁੱਧ ਰੋਸ ਲਹਿਰ ਤਿੱਖੀ  

[ਲੰਮੇ ਸਮੇਂ ਤੋਂ ਆਪਣੇ ਤਿੱਖੇ ਤੇਵਰਾਂ ਲਈ ਮਸ਼ਹੂਰ ਅਤੇ ਬੇਬਾਕ ਪੱਤਰਕਾਰ ਸ਼ਿਆਮ ਮੀਰਾ ਸਿੰਘ ਨੂੰ ਉਸ ਵਕਤ  ਪੱਤਰਕਾਰੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਜਦੋਂ ‘ਆਜ ਤਕ’ ਨੇ ਕੁਛ ਦਿਨ ਪਹਿਲਾਂ ਉਸ ਨੂੰ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਲਿਖੇ ਦੋ ਟਵੀਟਾਂ ਲਈ ਬਰਖ਼ਾਸਤ ਕਰ ਦਿੱਤਾ। ਸ਼ਿਆਮ ਮੀਰਾ ਸਿੰਘ ਸੋਸ਼ਲ ਮੀਡੀਆ ਉੱਪਰ ਬੇਹੱਦ ਹਰਮਨ ਪਿਆਰੇ ਹਨ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੱਚੀ ਪੱਤਰਕਾਰੀ ਅਤੇ ਨਾਗਰਿਕ ਧਰਮ ਨਿਭਾਉਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ। ਬਰਖ਼ਾਸਤਗੀ ਦੀ ਕਹਾਣੀ ਨੂੰ ਉਨ੍ਹਾਂ ਨੇ ਆਪਣੇ ਸ਼ਬਦਾਂ ’ਚ ਬਿਆਨ ਕੀਤਾ ਹੈ ਜਿਸ ਦਾ ਪੰਜਾਬੀ ਰੂਪ ਇਥੇ ਵੀ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸਦਾ ਪੰਜਾਬੀ ਅਨੁਵਾਦ ਕੀਤਾ ਹੈ ਲੋਕਪੱਖੀ ਕਲਮਕਾਰ ਬੂਟਾ ਸਿੰਘ ਨੇ ਇਸ ਬਰਖਾਸਤਗੀ ਦੇ ਖਿਲਾਫ ਮੀਡੀਆ ਵਾਲੇ ਇੱਕਜੁੱਟ ਹਨ ਅਤੇ ਇਸਦਾ ਵਿਰੋਧ ਵੀ  ਕਰ ਰਹੇ ਹਨ।  --ਸੰਪਾਦਕ]


ਅੱਜ ਤੋਂ ਆਜਤਕ ਨਾਲ ਪੱਤਰਕਾਰੀ ਦਾ ਮੇਰਾ ਸਫ਼ਰ ਖ਼ਤਮ ਹੋਇਆ। ਪ੍ਰਧਾਨ ਮੰਤਰੀ ਮੋਦੀ ਉੱਪਰ ਲਿਖੇ ਮੇਰੇ ਦੋ ਟਵੀਟਾਂ ਦੀ ਵਜਾ੍ਹ ਨਾਲ ਮੈਨੂੰ ਆਜਤਕ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ, ਇਸ ਲਈ ਤੁਸੀਂ ਵੀ ਦੁਖੀ ਨਾ ਹੋਵੋ। ਜਿਨ੍ਹਾਂ ਦੋ ਟਵੀਟ ਦਾ ਹਵਾਲਾ ਦਿੰਦੇ ਹੋਏ ਮੈਨੂੰ ਕੱਢਿਆ ਗਿਆ ਹੈ, ਉਹ ਦੋ ਟਵੀਟ ਇਹ ਹਨ  1. ‘ਜੋ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦਾ ਸਨਮਾਨ ਕਰੋ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੋਦੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਕਰੇ।’ 2. ਇੱਥੇ ਟਵਿੱਟਰ ਉੱਪਰ ਕੁਛ ਲਿਖਦਾ ਹਾਂ ਤਾਂ ਲੋਕ ਮੇਰੀ ਕੰਪਨੀ ਨੂੰ ਟੈਗ ਕਰਨ ਲੱਗ ਜਾਂਦੇ ਹਨ। ਕਹਿੰਦੇ ਹਨ ਇਸ ਨੂੰ ਹਟਾਓ, ਇਸ ਨੂੰ ਹਟਾਉਦੇ ਕਿਉ ਨਹੀਂ.... ਮੈਂ ਅਗਲਾ ਟਵੀਟ ਹੋਰ ਵਧੇਰੇ ਜ਼ੋਰ ਲਗਾ ਕੇ ਲਿਖਦਾ ਹਾਂ। ਪਰ ਇਹ ਲਿਖਣ ਤੋਂ ਪਿੱਛੇ ਨਹੀਂ ਹਟਾਂਗਾ ਕਿ ‘‘ਮੋਦੀ ਇਜ਼ ਅ ਸ਼ੇਮਲੈੱਸ ਪ੍ਰਾਈਮ ਮਨਿਸਟਰ (ਮੋਦੀ ਬੇਸ਼ਰਮ ਪ੍ਰਧਾਨ ਮੰਤਰੀ ਹੈ)।’’

ਇਹ ਦੋ ਗੱਲਾਂ ਹਨ ਜਿਨ੍ਹਾਂ ਕਰਕੇ ਮੈਨੂੰ ਕੱਢਿਆ ਗਿਆ ਜਾਂ ਕਢਵਾਇਆ ਗਿਆ। ਸੱਤ ਮਹੀਨੇ ਪਹਿਲਾਂ ਜਦੋਂ ਮੈਂ ਆਜਤਕ ਜੁਆਇਨ ਕੀਤਾ, ਉਦੋਂ ਵੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਮੈਂ ਕੀ ਲਿਖਣਾ ਹੈ, ਕਿਨ੍ਹਾਂ ਲੋਕਾਂ ਲਈ ਬੋਲਣਾ ਹੈ। ਉਦੋਂ ਤੋਂ ਹੀ ਹੁਕਮਰਾਨ ਪਾਰਟੀ ਦੇ ਹਮਾਇਤੀਆਂ ਵੱਲੋਂ ਕੰਪਨੀ ਨੂੰ ਟੈਗ ਕਰ-ਕਰ ਕੇ ਲਿਖਿਆ ਜਾਣ ਲੱਗਿਆ ਸੀ ਕਿ ‘ਇਸ ਆਦਮੀ (ਮੈਨੂੰ) ਨੂੰ ਆਜਤਕ ਤੋਂ ਕੱਢਿਆ ਜਾਵੇ, ਕਿਉਕਿ ਇਹ ਮੋਦੀ ਦੇ ਵਿਰੋਧ ’ਚ ਲਿਖਦਾ ਹੈ’। ਬੀਤੇ ਕੁਛ ਦਿਨਾਂ ਤੋਂ ਕੰਪਨੀ ਉੱਪਰ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ ਇਕ ਵਰਗ ਵੱਲੋਂ ਇਹ ਦਬਾਓ ਬਣਾਇਆ ਜਾ ਰਿਹਾ ਸੀ। ਆਖ਼ਿਰਕਾਰ ਇਨ੍ਹਾਂ ਦੋ ਟਵੀਟ ਤੋਂ ਬਾਦ ਮੈਨੂੰ ਆਜਤਕ ਤੋਂ ਕੱਢ ਦਿੱਤਾ ਗਿਆ ਹੈ। ਮੈਨੂੰ ਕਿਸੇ ਨਾਲ ਸ਼ਿਕਾਇਤ ਨਹੀਂ ਹੈ। ਜੋ ਮੈਂ ਲਿਖਿਆ ਮੈਂ ਉਸ ਦੇ ਲਈ ਸਟੈਂਡ ਕਰਦਾ ਹਾਂ। ਇਹ ਉਹ ਗੱਲਾਂ ਹਨ ਜੋ ਇਕ ਪੱਤਰਕਾਰ ਦੇ ਰੂਪ ’ਚ ਹੀ ਨਹੀਂ, ਇਕ ਨਾਗਰਿਕ ਦੇ ਰੂਪ ’ਚ ਮੇਰੇ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਮੈਂ ਇਕ ਐਸੇ ਸ਼ੇਮਲੈੱਸ (ਬੇਸ਼ਰਮ) ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ ਜੋ ਇਕ ਖਿਡਾਰੀ ਦੇ ਅੰਗੂਠੇ ਦੀ ਸੱਟ ਉੱਪਰ ਟਵੀਟ ਕਰ ਸਕਦਾ ਹੈ ਪਰ ਵਿਦੇਸ਼ ’ਚ ਸ਼ਹੀਦ ਹੋਏ ਇਕ ਈਮਾਨਦਾਰ ਪੱਤਰਕਾਰ ਉੱਪਰ ਇਕ ਸ਼ਬਦ ਤੱਕ ਨਹੀਂ ਬੋਲਦਾ। ਮੇਰੇ ਤੋਂ ਇਕ ਨਾਗਰਿਕ ਦੇ ਰੂਪ ’ਚ ਇਹ ਉਮੀਦ ਸੀ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ‘ਸ਼ੇਮਲੈੱਸ’ ਕਹਾਂ ਜਿਸ ਦੀ ਲੱਫ਼ਾਜ਼ੀ ਅਤੇ ਭਾਸ਼ਣਬਾਜੀ ਨੇ ਮੇਰੇ ਦੇਸ਼ ਦੇ ਲੱਖਾਂ ਨਾਗਰਿਕਾਂ ਨੂੰ ਕੋਰੋਨਾ ’ਚ ਮਰਨ ਲਈ ਇਕੱਲੇ ਛੱਡ ਦਿੱਤਾ।

ਮੇਰੇ ਤੋਂ ਇਹ ਉਮੀਦ ਸੀ ਕਿ ਐਸੇ ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਨੂੰ ਬੇਸ਼ਰਮ ਕਹਾਂ ਜਿਸ ਦੀ ਵਜਾ੍ਹ ਨਾਲ ਇਸ ਦੇਸ਼ ਦਾ ਇਕ ਬੜਾ ਘੱਟਗਿਣਤੀ ਵਰਗ ਹਰ ਰੋਜ਼ ਭੈਅ ’ਚ ਜਿਉਦਾ ਹੈ, ਜਿਸ ਨੂੰ ਹਰ ਰੋਜ਼ ਡਰ ਲੱਗਦਾ ਹੈ ਕਿ ਸ਼ਾਮ ਨੂੰ ਸਬਜ਼ੀ ਲੈਣ ਜਾਵਾਂਗਾ ਤਾਂ ਘਰ ਵਾਪਸ ਵੀ ਮੁੜ ਸਕਾਂਗਾ ਜਾਂ ਨਹੀਂ ਜਾਂ ਦਾੜੀ ਅਤੇ ਮੁਸਲਮਾਨ ਹੋਣ ਕਾਰਨ ਮਾਰਿਆ ਜਾਵਾਂਗਾ। ਮੇਰੇ ਤੋਂ ਇਹ ਉਮੀਦ ਕੀਤੀ ਗਈ ਸੀ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ ਜੋ ਲਦਾਖ਼ ਵਿਚ ਸ਼ਹੀਦ ਹੋਏ 21 ਸੈਨਿਕਾਂ ਦੀ ਸ਼ਹਾਦਤ ਦੀ ਖ਼ਬਰ ਨੂੰ ਦਬਾ ਦੇਵੇ, ਅਤੇ ਆਪਣੀ ਗੱਦੀ ਬਚਾਉਣ ਲਈ ਇਹ ਕਹਿਕੇ ਦੁਸ਼ਮਣ ਦੇਸ਼ ਨੂੰ ਕਲੀਨਚਿੱਟ ਦੇ ਦੇਵੇ ਕਿ ਸੀਮਾ ਵਿਚ ਕੋਈ ਨਹੀਂ ਘੁਸਿਆ, ਨਾ ਕੋਈ ਝਗੜਾ ਹੋਇਆ ਹੈ। ਦੇਸ਼ ਨੂੰ ਬਾਕੀ ਲੋਕਾਂ ਤੋਂ ਪਤਾ ਲੱਗੇ ਕਿ ਸਾਡੇ ਜਵਾਨਾਂ ਦੀ ਹੱਤਿਆ ਕੀਤੀ ਗਈ ਹੈ। ਕੋਈ ਵੀ ਪਾਰਟੀ, ਵਿਦਿਆਰਥੀ, ਮਜ਼ਦੂਰ, ਅਧਿਆਪਕ, ਸਿੱਖਿਆਹਿਤੈਸ਼ੀ, ਦਲਿਤਾਂ ਦੀਆਂ ਜਥੇਬੰਦੀਆਂ ਆਪਣਾ ਵਿਰੋਧ ਕਰਨ ਲਈ ਸੜਕ ਉੱਪਰ ਆਉਣ ਅਤੇ ਪੁਲਿਸ ਲਾਠੀਆਂ ਨਾਲ ਉਨ੍ਹਾਂ ਦਾ ਲੱਕ ਤੋੜ ਦੇਵੇ। ਤਦ ਮੇਰੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਪੁਲਸੀ ਜ਼ੁਲਮ ਦੇ ਸਿਖ਼ਰ ’ਤੇ ਬੈਠੇ ਪ੍ਰਧਾਨ ਮੰਤਰੀ ਨੂੰ ਕਹਾਂ ਕਿ ਉਹ ‘ਸ਼ੇਮਲੈੱਸ’ ਹੈ। ਹਜ਼ਾਰਾਂ ਕਿਸਾਨ ਦਿੱਲੀ ਦੀਆਂ ਹੱਦਾਂ ਉੱਪਰ ਅੱਠ ਮਹੀਨੇ ਤੋਂ ਸੜਕਾਂ ਉੱਪਰ ਪਏ ਹੋਣ, ਉਨ੍ਹਾਂ ਵਿੱਚੋਂ ਸੈਂਕੜੇ ਬਜ਼ੁਰਗ ਧਰਨੇ ਵਾਲੀ ਜਗਾ੍ਹ ’ਤੇ ਹੀ ਦਮ ਤੋੜ ਦੇਣ, ਅਤੇ ਪ੍ਰਧਾਨ ਮੰਤਰੀ ਕਹੇ ਕਿ ਮੈਂ ਉਨ੍ਹਾਂ ਤੋਂ ਸਿਰਫ਼ ਇਕ ਕਾਲ ਦੂਰ ਹਾਂ, ਤਾਂ ਇਕ ਨਾਗਰਿਕ ਦੇ ਰੂਪ ’ਚ ਮੇਰੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਉਸ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਕਹਾਂ।

ਐਸੀਆਂ ਹਜ਼ਾਰ ਗੱਲਾਂ ਅਤੇ ਸੈਂਕੜੇ ਘਟਨਾਵਾਂ ਹਨ ਜਿਨ੍ਹਾਂ ਉੱਪਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ੇਮਲੈੱਸ ਹੀ ਨਹੀਂ, ਮੱਕਾਰ, ਚੋਰ ਅਤੇ ਨਿਰਦੋਸ਼ ਨਾਗਰਿਕਾਂ ਦੇ ਹੱਕਾਂ ਨੂੰ ਕੁਚਲਣ ਵਾਲਾ ਇਕ ਬੁਜ਼ਦਿਲ ਤਾਨਾਸ਼ਾਹ ਕਿਹਾ ਜਾਣਾ ਚਾਹੀਦਾ ਹੈ। ਇਸ ਲਈ ਮੈਨੂੰ ਆਪਣੇ ਕਥਨ ਦਾ, ਆਪਣੇ ਕਹੇ ਦਾ ਕੋਈ ਦੁੱਖ ਨਹੀਂ ਹੈ। ਇਸ ਗੱਲ ਦੀ ਸਮਝ ਮੈਨੂੰ ਨੌਕਰੀ ਦੇ ਪਹਿਲੇ ਦਿਨ ਤੋਂ ਹੀ ਸੀ ਕਿ ਦੇਰ ਸਵੇਰ ਮੇਰੇ ਤੋਂ ਅਸਤੀਫ਼ਾ ਮੰਗਿਆ ਜਾਵੇਗਾ ਜਾਂ ਕਿਸੇ ਵੀ ਮਿੰਟ ਪੀ.ਐੱਮ.ਓ. ਦਫ਼ਤਰ ਦੇ ਇਕ ਫ਼ੋਨ ’ਤੇ ਮੈਨੂੰ ਕੱਢ ਦਿੱਤਾ ਜਾਵੇਗਾ। ਹਰ ਟਵੀਟ ਕਰਦੇ ਹੋਏ ਜ਼ਿਹਨ ’ਚ ਇਹ ਗੱਲ ਆਉਦੀ ਸੀ ਕਿ ਇਸ ਤੋਂ ਬਾਦ ਕਿਤੇ ਐੱਫ.ਆਈ.ਆਰ. ਦਰਜ ਨਾ ਹੋ ਜਾਵੇ, ਕਿਤੇ ਨੋਟਿਸ ਨਾ ਭੇਜ ਦਿੱਤਾ ਜਾਵੇ ... ਕਿਵੇਂ ਨਜਿੱਠਾਂਗਾਂ ਉਸ ਨਾਲ? ਇਹ ਜ਼ੋਖ਼ਮ ਮਨ ’ਚ ਸੋਚ ਕੇ ਵੀ ਲਿਖ ਦਿੰਦਾ ਸੀ....

ਮੈਂ ਉਹੀ ਗੱਲਾਂ ਕਹੀਆਂ ਜੋ ਮੇਰੇ ਤੋਂ ਇਕ ਪੱਤਰਕਾਰ ਦੇ ਰੂਪ ’ਚ ਨਹੀਂ, ਇਕ ਸਿਟੀਜ਼ਨ ਦੇ ਰੂਪ ’ਚ ਵੀ ਉਮੀਦ ਕੀਤੀ ਗਈ ਸੀ, ਜਿਸ ਦੀ ਉਮੀਦ ਸਿਰਫ਼ ਮੇਰੇ ਤੋਂ ਨਹੀਂ ਕੀਤੀ ਜਾਂਦੀ, ਸਗੋਂ ਇਕ ਦਰਜੀ ਤੋਂ ਵੀ ਕੀਤੀ ਜਾਂਦੀ ਹੈ ਕਿ ਵਰ੍ਹਿਆਂ ਤੋਂ ਕਮਾਈ ਇਸ ਦੇਸ਼ ਦੀ ਸੁਤੰਤਰਤਾ ਨੂੰ ਲੁੱਟਣ ’ਤੇ ਤੁਸੀਂ ਬੋਲੋਗੇ। ਇਹ ਉਮੀਦ ਮੇਰੇ ਤੋਂ ਹੀ ਨਹੀਂ ਕੀਤੀ ਜਾਂਦੀ, ਪ੍ਰਾਇਮਰੀ ਸਕੂਲ ’ਚ ਪੜ੍ਹਾਉਣ ਵਾਲੇ ਟੀਚਰ ਤੋਂ ਵੀ ਕੀਤੀ ਜਾਂਦੀ ਹੈ, ਯੂਨੀਵਰਸਿਟੀਆਂ ਦੇ ਕੁਲਪਤੀ, ਮਕਾਨ ਬਣਾਉਣ ਵਾਲੇ ਰਾਜ ਮਿਸਤ੍ਰੀ, ਸੜਕ ਉੱਪਰ ਟੈਂਪੂ ਚਲਾਉਣ ਵਾਲੇ ਡਰਾਈਵਰ, ਪੜ੍ਹਨ ਵਾਲੇ ਵਿਦਿਆਰਥੀਆਂ, ਕੰਪਨੀਆਂ ’ਚ ਕੰਮ ਕਰਨ ਵਾਲੇ ਹਰ ਕਰਮਚਾਰੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਹਰ ਰੋਜ਼ ਹੋ ਰਹੇ ਹਜੂਮੀ ਕਤਲਾਂ ਉੱਪਰ ਉਹ ਬੋਲਣਗੇ। ਮੈਂ ਆਪਣੇ ਹਿੱਸੇ ਦਾ ਕਰਜ ਚੁਕਾਇਆ, ਜਿੱਥੇ ਰਿਹਾ ਹਰ ਜਗਾ੍ਹ ਕੋਸ਼ਿਸ਼ ਕੀਤੀ ਕਿ ਆਮ ਇਨਸਾਨਾਂ ਦੀ ਬਿਹਤਰੀ ਲਈ ਕੁਝ ਲਿਖ ਸਕਾਂ।

ਕਿਉਕਿ ਉਮਰ ਅਤੇ ਤਜ਼ਰਬਿਆਂ ’ਚ ਮੈਂ ਬੱਚਾ ਹਾਂ। ਕਰੀਅਰ ਦੇ ਸ਼ੁਰੁਆਤੀ ਪੜਾਅ ’ਤੇ ਹਾਂ। ਜਿੱਥੇ ਅੱਗੇ ਦਾ ਮੈਨੂੰ ਪਤਾ ਨਹੀਂ.... ਸ਼ੁਰੂਆਤ ’ਚ ਹੀ ਮੇਰੇ ਲਿਖੇ ਦੇ ਬਦਲੇ ਮੇਰਾ ਰੋਜ਼ਗਾਰ ਖੋਹ ਲਿਆ ਗਿਆ ਤਾਂ ਅੰਦਰੋਂ ਕਦੇ ਕਦੇ ਭਾਵੁਕ ਹੋ ਜਾਂਦਾ ਹਾਂ। ਇੰਞ ਲੱਗਦਾ ਹੈ ਜਿਵੇਂ ਕੋਈ ਨਿੱਕੀ ਜਹੀ ਚਿੜੀ ਕਿਸੇ ਜੰਗਲ ’ਚ ਆਈ ਅਤੇ ਉਡਣ ਤੋਂ ਪਹਿਲਾਂ ਹੀ ਉਸ ਦੇ ਖੰਭ ਕੁਤਰ ਦਿੱਤੇ ਗਏ ਹੋਣ। ਪਰ ਇਹ ਵੀ ਜ਼ਰੂਰੀ ਹੈ। ਉਸ ਨੰਨ੍ਹੀ ਚਿੜੀ ਕੋਲ ਇਹ ਬਦਲ ਸੀ ਕਿ ਕੁਛ ਦਿਨ ਬਿਨਾਂ ਉਡੇ ਹੀ ਆਪਣੇ ਆਲ੍ਹਣੇ ’ਚ ਰਹੇ, ਚੁੱਪ ਬੈਠੇ, ਕਿਤੇ ਵੀ ਉਡਣ ਨਾ ਜਾਵੇ। ਪਰ ਉਸ ਚਿੜੀ ਨੇ ਆਪਣੇ ਖੰਭ ਕੁਤਰੇ ਜਾਣਾ ਸਵੀਕਾਰ ਕਰ ਲਿਆ, ਲੇਕਿਨ ਇਹ ਨਹੀਂ ਕਿ ਉਹ ਉਡਣਾ ਛੱਡ ਦੇਵੇਗੀ। ਜ਼ਮੀਨ ’ਤੇ ਪਏ ਉਸ ਦੇ ਖੰਭ ਇਸ ਗੱਲ ਦੇ ਰੂਪ ’ਚ ਦਰਜ ਕੀਤੇ ਜਾਣਗੇ ਕਿ ਕੋਈ ਐਸਾ ਰਾਜ ਸੀ ਜਿਸ ਵਿਚ ਪੰਛੀਆਂ ਦੇ ਖੰਭ ਕੁਤਰ ਦਿੱਤੇ ਜਾਂਦੇ ਸਨ। ਜੇ ਉਹ ਚਿੜੀ ਉਡਣਾ ਬੰਦ ਕਰਕੇ ਆਲ੍ਹਣੇ ’ਚ ਹੀ ਬੈਠੀ ਰਹਿੰਦੀ ਤਾਂ ਇਹ ਖੰਭ ਕਦੇ ਦਰਜ ਨਾ ਹੁੰਦੇ ਅਤੇ ਖੰਭ ਕੁਤਰਨ ਵਾਲੇ ਰਾਜ ਦਾ ਨੰਗਾ ਚਿਹਰਾ ਕਦੇ ਨਜ਼ਰ ਨਾ ਆਉਦਾ। ਐਸੀਆਂ ਨੰਨ੍ਹੀਆਂ ਚਿੜੀਆਂ ਦੇ ਕੁਤਰੇ ਹੋਏ ਖੰਭ, ਉਸ ਜੰਗਲ ਉੱਪਰ ਰਾਜ ਕਰਨ ਵਾਲੇ ਰਾਜਾ ਦੇ ਚਿਹਰਾ ਦਰਜ ਕਰਨ ਦੇ ਲਈ ਕਾਗਜ਼ਾਤ ਹਨ। ਇਸ ਲਈ ਮੈਨੂੰ ਦੁੱਖ ਨਹੀਂ, ਅਫ਼ਸੋਸ ਨਹੀਂ.... ਸੰਤੁਸ਼ਟੀ ਜ਼ਰੂਰ ਹੈ ਕਿ ਮੈਂ ਆਪਣਾ ਹਿੱਸਾ ਚੁਕਾ ਕੇ ਜਾ ਰਿਹਾ ਹਾਂ। ਬਾਕੀ ਆਪਣੇ ਹਰ ਚੰਗੇ ਮਾੜੇ ’ਚ ਇਨ੍ਹਾਂ ਸਤਰਾਂ ਤੋਂ ਹਿੰਮਤ ਮਿਲਦੀ ਰਹਿੰਦੀ ਹੈ ਕਿ

‘‘ਹਜ਼ਾਰ ਬਰਕ ਗਿਰੇ ਲਾਖ ਆਂਧੀਆਂ ਉੱਠੇਂ

ਵੋ ਫੂਲ ਖਿਲ ਕੇ ਰਹੇਂਗੇ ਜੋ ਖਿਲਨੇ ਵਾਲੇ ਹੈ।’’

ਮੂਲ ਲੇਖਕ:ਸ਼ਿਆਮ ਮੀਰਾ ਸਿੰਘ 

ਪੰਜਾਬੀ ਅਨੁਵਾਦ: ਬੂਟਾ ਸਿੰਘ 

Friday 23 July 2021

ਮੋਹਾਲੀ ਪ੍ਰੈਸ ਕਲੱਬ ਨੇ ਵੀ ਪੈਗੇਸਿਸ ਜਾਸੂਸੀ ਕਾਂਡ ਵਿਰੁੱਧ ਰੋਸ ਪ੍ਰਗਟਾਇਆ

ਏਡੀਸੀ ਮੈਡਮ ਕੋਮਲ ਮਿੱਤਲ ਨੂੰ ਦਿੱਤਾ ਰੋਸ ਵਾਲਾ ਮੰਗ-ਪੱਤਰ 


ਮੋਹਾਲੀ
: 22 ਜੁਲਾਈ 2021: (ਗੁਰਜੀਤ ਸਿੰਘ ਬਿੱਲਾ//ਲੋਕ ਮੀਡੀਆ ਮੰਚ)::

ਐਮਰਜੈਂਸੀ ਅਤੇ ਅਜਿਹੀਆਂ ਹੋਰ ਗੱਲਾਂ ਨੂੰ ਵੱਡੀ ਛਲਾਂਗ ਨਾਲ ਪਿਛੇ ਛੱਡਦਿਆਂ ਪੈਗੇਸਿਸ ਕਾਂਡ ਨੇ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ। ਇਸਦਾ ਰੋਸ ਮੋਹਾਲੀ ਵਿੱਚ ਵੀ  ਹੈ। ਇਸਨੂੰ ਭਾਰਤ ਦਾ ਵਾਟਰਗੇਟ ਕਾਂਡ ਵੀ ਦੱਸਿਆ ਜਾ ਰਿਹਾ ਹੈ। ਮੀਡੀਆ ਨਾਲ ਸਬੰਧਤ ਸਮੂਹ ਭਾਈਚਾਰਾ ਇਸ ਨੂੰ ਲੈ ਕੇ ਸਖਤ ਨਾਰਾਜ਼ ਹੈ। 

ਮੋਦੀ ਸਰਕਾਰ ਵਲੋਂ ਇਜ਼ਰਾਈਲ ਦੇਸ਼ ਦੀ ਐਨਐਸਓ ਕੰਪਨੀ ਵੱਲੋਂ ਪੈਗੇਸਿਸ ਸਕਾਈਵੇਅ ਦੁਆਰਾ ਦੇਸ਼ ਦੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੇ ਫੋਨ ਟੈਪਿੰਗ ਮਾਮਲੇ ਨੂੰ ਲੈ ਕੇ ਹਰ ਪਾਸੇ ਭਾਰੀ ਰੋਸ ਹੈ। ਇਸ  ਸਬੰਧੀ ਪੰਜਾਬ ਦੇ   ਸਮੂਹ ਪੱਤਰਕਾਰਾਂ ਵੱਲੋਂ ਆਪਣਾ ਰੋਸ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪ੍ਰਗਟਾਇਆ ਵੀ ਗਿਆ ਹੈ।  ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਵੀ ਭੇਜਿਆ ਗਿਆ ਹੈ। 

ਇਸ ਮੈਮੋਰੈਂਡਮ ਵਿੱਚ  ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਦੇਸ਼ ਦੇ ਜਿਨ੍ਹਾਂ ਪੱਤਰਕਾਰਾਂ ਅਤੇ ਸੰਪਾਦਕਾਂ ਦੇ ਫੋਨ ਟਾਈਪਿੰਗ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਫੋਨ ਟੈਪਿੰਗ ਨੂੰ ਤੁਰੰਤ ਬੰਦ ਕੀਤਾ ਜਾਵੇ। ਪੱਤਰਕਾਰਾਂ ਨੇ ਕਿਹਾ ਕਿਉਂਕਿ  ਪ੍ਰੈੱਸ ਮੀਡੀਆ ਲੋਕਤੰਤਰ ਦੇ ਚੌਥਾ ਥੰਮ੍ਹ  ਹੈ ਇਸ ਲਈ ਅਜਿਹੀ ਹਰਕਤ ਅਸਲ ਵਿੱਚ ਪ੍ਰੈਸ ਦੀ ਆਜ਼ਾਦੀ ਤੇ ਸ਼ਰ੍ਹੇਆਮ ਆਮ ਹਮਲਾ ਹੈ। ਮੀਡੀਆ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਲਈ ਸਭਨਾਂ ਨੂੰ ਅਜੇ ਆਉਣਾ ਚਾਹੀਦਾ ਹੈ।

ਇਸ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਲਈ ਜੋ ਜੋ ਵੀ ਜ਼ਰੂਰੀ ਹੈ  ਚਾਹੀਦਾ ਹੈ। ਅੱਜ ਵਾਲੇ ਮੈਮੋਰੰਡਮ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਦੇਸ਼ ਦੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਹੱਕ ਅਤੇ ਵਿਰੋਧ  ਵਿੱਚ ਖ਼ਬਰਾਂ ਪ੍ਰਕਾਸ਼ਤ ਕਰ ਕੇ ਦੇਸ਼ ਦੇ ਨਾਗਰਿਕਾਂ ਤਕ ਸਾਰੀ ਜਾਣਕਾਰੀ ਪਹੁੰਚਾਉਣੀ ਹੁੰਦੀ ਹੈ। ਇਹ ਮੀਡੀਆ ਦੀ ਡਿਊਟੀ ਬਣਦੀ ਹੀ। ਇਸ ਲਈ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਘਿਨੌਣੀ ਕਾਰਵਾਈ ਤੇ ਤੁਰੰਤ ਪਾਬੰਦੀ ਲਾਈ ਜਾਵੇ।

ਇਸ ਸਬੰਧ ਵਿਚ ਅੱਜ ਮੋਹਾਲੀ ਪ੍ਰੈੱਸ ਕਲੱਬ ਵੱਲੋਂ  ਏਡੀਸੀ ਸ੍ਰੀਮਤੀ ਕੋਮਲ ਮਿੱਤਲ ਰਾਹੀਂ  ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਗਿਆ ਹੈ। ਇਸ ਮੌਕੇ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਪੱਤਰਕਾਰ ਹਰਬੰਸ ਸਿੰਘ ਬਾਗੜੀ, ਨਾਹਰ ਸਿੰਘ ਧਾਲੀਵਾਲ, ਰਾਜ ਕੁਮਾਰ ਅਰੋਡ਼ਾ, ਮੰਗਤ ਸਿੰਘ ਸੈਦਪੁਰ, ਜਗਵਿੰਦਰ ਸਿੰਘ ਖਰੜ  ਸਾਹਿਬਦੀਪ ਸਿੰਘ ਮੁਹਾਲੀ, ਹਿਤੇਸ਼ ਸ਼ਰਮਾ, ਹਨੀਕੇਸ਼ ਆਦਿ ਪੱਤਰਕਾਰ ਸ਼ਾਮਲ ਸਨ।