Sunday 21 April 2019

ਲਾਈਫ ਸਟਾਈਲ ਵਿੱਚ ਤਬਦੀਲੀ ਨਾਲ ਮਿਲ ਸਕਦੀ ਹੈ ਡਿਪਰੈਸ਼ਨ ਤੋਂ ਮੁਕਤੀ

Apr 21, 2019, 7:39 PM
ਡਿਪਰੈਸ਼ਨ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਉਪਾਅ//ਅਰੁਣ ਆਹੂਜਾ
Courtesy Image 
ਅਸੀਂ ਗੱਲ ਕਰ ਰਹੇ ਹਾਂ ਉਸ ਅਹਿਮ ਵਿਸ਼ੇ ਦੀ, ਜਿਸ ਦਾ ਅੱਜਕੱਲ੍ਹ ਹਰ 5ਵਾਂ ਵਿਅਕਤੀ ਸ਼ਿਕਾਰ ਹੋ ਰਿਹਾ ਹੈ। ਦੁਨੀਆਂ ਵਿਚ ਬਹੁਤ ਸਾਰੇ ਲੋਕ ਡਿਪਰੈਸ਼ਨ ਕਰਕੇ ਹੀ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਉਭਰਨਾਂ ਮਨੁੱਖ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਕੀ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਇਸ ਦਾ ਸ਼ਿਕਾਰ ਤਾਂ ਨਹੀਂ? ਡਿਪਰੈਸ਼ਨ ਇਕ ਮਾਨਸਿਕ ਸਥਿਤੀ ਹੈ, ਜਿਸ ਵਿਚ ਵਿਅਕਤੀ ਲੰਬੇ ਸਮੇਂ ਤੱਕ ਨਾਖ਼ੁਸ਼ ਰਹਿੰਦਾ ਹੈ। ਇਸ ਨਾਲ ਜ਼ਿੰਦਗੀ ਵਿਚ ਰੁਚੀ ਖ਼ਤਮ ਹੋਣ ਲੱਗ ਜਾਂਦੀ ਹੈ ਤੇ ਆਪਣੇ ਕੰਮਕਾਜ ਤੋਂ ਦਿਲ ਭਰ ਜਾਂਦਾ ਹੈ। ਇਸ ਦੀ ਕੋਈ ਉਮਰ ਨਹੀਂ। ਇਹ ਕਿਸੇ ਵੀ ਉਮਰ ਵਿਚ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਨਾ ਹੀ ਇਸ ਦਾ ਕੋਈ ਇਕ ਕਾਰਨ ਹੁੰਦਾ ਹੈ। ਕਈ ਮਿਲੇ-ਜੁਲੇ ਕਾਰਨ ਇਸ ਨੂੰ ਆਪਣੀ ਜ਼ਿੰਦਗੀ ਵਿਚ ਲੈ ਆਉਂਦੇ ਹਨ। ਉਦਾਹਰਨ ਦੇ ਤੌਰ ਤੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਸਫਲ ਹੋਣ ਦੇ ਮਕਸਦ ਨੂੰ ਲੈ ਕੇ ਗੰਭੀਰ ਹੋ ਜਾਂਦੇ ਹਨ। ਕਾਮਯਾਬੀ ਦਾ ਸਿਧਾਂਤ ਹੀ ਸੰਘਰਸ਼ ਅਤੇ ਮਿਹਨਤ ਹੈ, ਜੇਕਰ ਕਿਸੇ ਕਾਰਨ ਕਰਕੇ ਵਿਅਕਤੀ ਦੀ ਸਫਲਤਾ ਦੇ ਰਾਹ ਵਿਚ ਵੱਡੇ ਰੋੜੇ ਬਣ ਜਾਂਦੇ ਹਨ ਤੇ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਇਸ ਵਿਚ ਸਫਲ ਨਹੀਂ ਹੋ ਸਕਦਾ, ਤਾਂ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਦੁਨੀਆ ਵਿਚ ਬਹੁਤ ਬਦਕਿਸਮਤ ਹੈ ਤੇ ਇਹ ਨਿਰਾਸ਼ਾ ਉਸ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਲੈਂਦੀ ਹੈ। 
ਲੇਖਕ 
ਪਰੰਤੂ ਇਹ ਗੱਲ ਠੀਕ ਨਹੀਂ ਹੈ ਕਿਸੇ ਕੰਮ ਵਿਚ ਅਸਫਲ ਹੋਣ ਨਾਲ ਕਿਸੇ ਦੀ ਜ਼ਿੰਦਗੀ ਰੁਕ ਨਹੀਂ ਜਾਂਦੀ, ਇਹ ਚੱਲਦੀ ਰਹਿੰਦੀ ਹੈ। ਸਮੇਂ ਨਾਲ ਸਾਨੂੰ ਆਪਣੇ ਆਪ ਨੂੰ ਇਸ ਵਿਚੋਂ ਉਭਾਰਨ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਸ ਵਿਚ ਅਸਮਰਥ ਰਹੇ ਤਾਂ ਇਹ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਹੈ। ਇਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਵਿਅਕਤੀ ਕਦੋਂ ਡਿਪਰੈਸ਼ਨ ਦੀ ਸਥਿਤੀ ਵਿਚ ਪਹੁੰਚਦਾ ਹੈ ਪਰੰਤੂ ਅਸੀਂ  ਦੱਸਾਂਗੇ ਕੁਝ ਅਜਿਹੇ ਲੱਛਣ, ਜਿਨ੍ਹਾਂ ਤੋਂ ਸਾਫ਼ ਹੋ ਜਾਵੇਗਾ ਕੀ ਤੁਸੀਂ ਅਸਲ ਵਿਚ ਡਿਪਰੈਸ਼ਨ ਵੱਲ ਜਾ ਰਹੇ ਹੋ ਜਾਂ ਇਹ ਮਾਤਰ ਕਿਸੇ ਤਣਾਅ ਦਾ ਹਿੱਸਾ ਹੈ। ਜੇਕਰ ਤੁਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ ਅਤੇ ਗੱਲ-ਗੱਲ ਤੇ ਗ਼ੁੱਸਾ ਕਰ ਰਹੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲਕਸ਼ਣ ਹੋ ਸਕਦਾ ਹੈ। ਲੱਗਪਗ ਹਰੇਕ ਵਿਅਕਤੀ ਦੀ ਗੱਲ ਤੋਂ ਚਿੜਚਿੜਾਪਣ ਹੋਣਾ ਜਾਂ ਕਿਸੇ ਵਿਅਕਤੀ ਦੀ ਗੱਲ ਦਾ ਜਵਾਬ ਦੇਣ ਵਿਚ ਤੁਸੀਂ ਆਪਣੇ ਆਪ ਨੂੰ ਗ਼ੁੱਸੇ ਨਾਲ ਭਰਿਆ ਪਾਉਂਦੇ ਹੋ ਜਾਂ ਭਾਰ ਮਹਿਸੂਸ ਕਰਦੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੈ। ਜੇਕਰ ਤੁਸੀਂ ਕਈ ਘੰਟਿਆਂ ਤੱਕ ਸੌਂ ਨਹੀਂ ਪਾ ਰਹੇ ਜਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਤੁਹਾਡੀ ਅੱਖ ਖੁੱਲ ਜਾਂਦੀ ਹੈ। ਜੇਕਰ ਤੁਸੀਂ ਥੋੜ੍ਹਾ ਜਿਹਾ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਥੱਕਿਆ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੈ। ਤੁਸੀਂ ਇਸ ਦੀ ਤੁਲਨਾ ਆਪਣੇ ਬੀਤੇ ਦਿਨਾਂ ਨਾਲ ਆਸਾਨੀ ਨਾਲ ਕਰ ਸਕਦੇ ਹੋ। ਛੋਟੇ ਤੋਂ ਛੋਟੇ ਕੰਮ ਨੂੰ ਪੂਰਾ ਕਰਨ ਵਿਚ ਤੁਸੀਂ ਜੇਕਰ ਬਹੁਤ ਜ਼ਿਆਦਾ ਸਮਾਂ ਲੈ ਰਹੇ ਹੋ ਜਾਂ ਉਸ ਨੂੰ ਕਰਨ ਵਿਚ ਤੁਸੀਂ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦੇ ਹੋ, ਉਦਾਹਰਨ ਦੇ ਤੌਰ ਤੇ ਕਾਰ ਨੂੰ ਹੋਲੀ ਚਲਾਉਣਾ ਜਾਂ ਛੋਟੀ-ਛੋਟੀ ਗੱਲ ਨੂੰ ਲੈ ਕੇ ਗ਼ਲਤ ਖ਼ਿਆਲ ਆਉਣਾ ਜਾਂ ਡਰਦੇ ਰਹਿਣਾ ਡਿਪਰੈਸ਼ਨ ਦਾ ਲਕਸ਼ਣ ਹੋ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਲਕਸ਼ਣਾ ਨੂੰ ਕੁਝ ਸਮੇਂ ਤੋਂ ਮਹਿਸੂਸ ਕਰ ਰਹੇ ਹੋ ਤਾਂ ਇਹ ਥੋੜ੍ਹੇ ਬਹੁਤ ਤਣਾਅ ਕਰਕੇ ਹੋ ਸਕਦਾ ਹੈ ਪਰੰਤੂ ਜੇਕਰ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਇਹ ਸੱਭ ਕੁਝ ਝੱਲ ਰਹੇ ਹੋ ਤਾਂ ਤੁਹਾਨੂੰ ਤੁਰੰਤ ਇਕ ਚੰਗੇ ਕਾਉਂਸਲਰ ਦੀ ਲੋੜ ਹੈ। ਤਣਾਅ ਦਾ ਇਕ ਸਪਸ਼ਟ ਕਾਰਨ ਹੁੰਦਾ ਹੈ ਪਰੰਤੂ ਡਿਪਰੈਸ਼ਨ ਦੇ ਕਈ ਕਾਰਨ ਹੋ ਸਕਦੇ ਹਨ। ਡਿਪਰੈਸ਼ਨ ਦਾ ਸੱਭ ਤੋਂ ਅਹਿਮ ਲਕਸ਼ਣ ਹੈ ਖ਼ੁਦਕੁਸ਼ੀ ਬਾਰੇ ਵਿਚਾਰਨਾ। ਜੇਕਰ ਤੁਹਾਡਾ ਕੋਈ ਸਾਥੀ ਅਜਿਹੀ ਗੱਲ ਕਰਦਾ ਹੈ ਤਾਂ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰਕੇ ਉਸ ਨੂੰ ਚੰਗੇ ਮਾਹਿਰ ਕਾਉਂਸਲਰ ਕੋਲ ਲਿਜਾਣਾ ਚਾਹੀਦਾ ਹੈ। ਡਿਪਰੈਸ਼ਨ ਦੀ ਬਿਮਾਰੀ ਅੱਜ ਦੀ ਨਹੀਂ ਬਲਕਿ ਇਹ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਦਾ ਪ੍ਰਭਾਵ ਅੱਜ 21ਵੀਂ ਸਦੀ ਵਿਚ 10 ਗੁਣਾ ਵੱਧ ਗਿਆ ਹੈ। ਸਿਆਣੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਮਿਆਂ ਦੌਰਾਨ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਨਾਂਅ ਤੱਕ ਨਹੀਂ ਸੀ, ਪਰੰਤੂ ਅੱਜ ਹਰ ਤੀਜੇ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਹੋਣਾ ਗੂੜ੍ਹੀ ਚਿੰਤਾ ਦਾ ਵਿਸ਼ਾ ਹੈ, ਜੋ ਡਿਪਰੈਸ਼ਨ ਦਾ ਹੀ ਇਕ ਹਿੱਸਾ ਮੰਨਿਆ ਜਾ ਸਕਦਾ ਹੈ। ਯਾਦ ਰੱਖੋ ਕਿ ਦੁਨੀਆ ਵਿਚ ਅਜਿਹੀ ਕੋਈ ਸਥਿਤੀ ਜਾਂ ਕਹਿ ਲਵੋ ਦਿੱਕਤ ਨਹੀਂ, ਜਿਸ ਦਾ ਹੱਲ ਨਾ ਹੋਵੇ। ਇਸ ਦੁਨੀਆ ਵਿਚ ਸਭ ਕੁਝ ਮੁਮਕਿਨ ਹੈ। ਆਪਣੇ ਆਪ ਨੂੰ ਲੰਬੇ ਸਮੇਂ ਤੱਕ ਨਿਰਾਸ਼ ਨਾ ਰਹਿਣ ਦਵੋਂ। ਡਿਪਰੈਸ਼ਨ ਦੀ ਅਗਲੀ ਸਟੇਜ ਵਿਚ ਪਹੁੰਚਣ ਤੋਂ ਪਹਿਲਾ ਹੀ ਤੁਸੀਂ ਚੰਗੇ ਕਾਉਂਸਲਰ ਤੋਂ ਮੈਡੀਕਲ ਸਹਾਇਤਾ ਲਵੋ ਤੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਹੋਇਆ ਰੱਖੋਂ। ਜੇਕਰ ਡਿਪਰੈਸ਼ਨ ਦੇ ਲੱਛਣਾਂ ਦੌਰਾਨ ਤੁਸੀਂ ਕਿਸੇ ਨਸ਼ੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਮੈਡੀਕਲ ਸਹਾਇਤਾ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰੋਂ। ਰੋਜ਼ ਸਵੇਰੇ ਉੱਠ ਕੇ ਸੈਰ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਹਾਡੇ ਫੇਫੜਿਆਂ ਵਿਚ ਤਾਜ਼ਾ ਹਵਾ ਜਾਵੇਗੀ ਤੇ ਯੋਗਾ ਜਾਂ ਕਸਰਤ ਕਰਨ ਨਾਲ ਤੁਹਾਡੇ ਸਰੀਰ ਵਿਚ ਮੈਟਾਬੋਲਿਜ਼ਮ ਵਧੇਗਾ। ਜਿਸ ਨਾਲ ਤੁਸੀਂ ਦਿਨ ਵਿਚ ਆਪਣੇ ਆਪ ਨੂੰ ਤਰੋਤਾਜ਼ਾ ਤੇ ਬਿਮਾਰੀਆਂ ਤੋਂ ਮੁਕਤ ਮਹਿਸੂਸ ਕਰੋਗੇ। 

ਅਰੁਣ ਆਹੂਜਾ (ਫ਼ਤਹਿਗੜ੍ਹ ਸਾਹਿਬ)
9180543-07793

Saturday 20 April 2019

SCD ਕਾਲਜ ਵਿਰੁੱਧ ਐਫ ਆਈ ਆਰ ਦਾ ਮਾਮਲਾ ਹੋਰ ਗਰਮਾਇਆ

ਲੋਕ ਸੁਰੱਖਿਆ ਮੰਚ ਲੁਧਿਆਣਾ ਵਲੋਂ CP ਨੂੰ ਦਿੱਤਾ ਗਿਆ ਮੰਗ ਪੱਤਰ
ਲੁਧਿਆਣਾ: 20 ਅਪ੍ਰੈਲ 2019; (ਲੋਕ ਮੀਡੀਆ ਮੰਚ ਬਿਊਰੋ):: 
ਹਿੰਦੂਤਵੀ ਸੰਗਠਨਾਂ ਅਤੇ ਖੱਬੇਪੱਖੀ ਸੰਗਠਨਾਂ ਦਰਮਿਆਨ ਪਹਿਲਾਂ ਤੋਂ ਹੀ ਖਿੱਚੀ ਜਾ ਚੁੱਕੀ ਲਕੀਰ ਹੁਣ ਨਾਟਕ ਦੇ ਮੁੱਦੇ ਨੂੰ ਲੈ ਕੇ ਹੋਰ ਗੂਹੜੀ ਹੋ ਰਹੀ ਹੈ। ਚੋਣਾਂ ਦਾ ਮੌਸਮ ਹੈ ਇਸ ਲਈ ਬਾਕੀ ਦੀਆਂ ਸਿਆਸੀ ਪਾਰਟੀਆਂ ਚੁੱਪ ਹਨ। ਸ਼ਾਇਦ ਇਹਨਾਂ ਦਾ ਕਾਲਜਾਂ 'ਤੇ ਦਰਜ ਹੁੰਦੇ ਮਾਮਲਿਆਂ, ਵਿਦਿਆਰਥੀਆਂ ਦੀ ਹਰਾਸਮੈਂਟ, ਕਾਲਜਾਂ ਦੀਆਂ ਸਰਗਰਮੀਆਂ ਨਾਲ ਕੋਈ ਸਰੋਕਾਰ ਹੀ ਨਹੀਂ ਹੈ। ਜੇ ਕੋਈ ਬੋਲਿਆ ਹੈ ਤਾਂ ਸਿਰਫ ਡਾਕਟਰ ਅਰੁਣ ਮਿੱਤਰਾ ਦੀ ਅਗਵਾਈ ਹੇਠ ਲੁਧਿਆਣਾ ਦੀ ਸੀਪੀਆਈ, ਨਾਗਰਿਕ ਸੁਰੱਖਿਆ ਮੰਚ ਅਤੇ ਡਾਕਟਰ ਗੁਲਜ਼ਾਰ ਪੰਧੇਰ ਦੀ ਅਗਵਾਈ ਹੇਠਲੇ ਕੁਝ ਲੇਖਕ। ਦੂਜੇ ਪਾਸੇ ਖੁਦ ਨੂੰ ਹਿੰਦੂਤਵ ਦਾ ਪ੍ਰਤੀਨਿਧੀ ਅਖਵਾਉਣ ਵਾਲੀ ਬੀਜੇਪੀ, ਵੱਖ ਵੱਖ ਸ਼ਿਵ ਸੈਨਾਵਾਂ, ਖੁਦ ਨੂੰ ਸੈਕੂਲਰ ਅਖਵਾਉਣ ਵਾਲੀਆਂ ਕਾਂਗਰਸ, ਸੀਪੀਐਮ, ਆਰ ਐਮ ਪੀ ਆਈ, ਐਮ ਸੀ ਪੀ ਆਈ, ਆਮ ਆਦਮੀ ਪਾਰਟੀ ਅਤੇ ਪੰਥਕ ਧਿਰ ਵੱਜੋਂ ਜਾਂਦੇ ਜਾਂਦੇ ਅਕਾਲੀ ਦਲਾਂ ਨੇ ਵੀ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਅਧਿਆਪਕ ਸੰਗਠਨ ਵੀ ਰਸਮੀ ਤੌਰ ਤੇ ਕੀਤੀ ਗਈ ਨਿੰਦਾ-ਨਿਖੇਧੀ ਤੋਂ ਬਾਅਦ ਹੁਣ ਚੁੱਪ ਰਹਿਣ ਵਿੱਚ ਹੀ ਭਲਾ ਸਮਝ ਰਹੇ ਹਨ। ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਮਾਹੌਲ ਬੜਾ ਸਹਿਮ ਭਰਿਆ ਬਣ ਰਿਹਾ ਹੈ। ਆਖਿਰ ਇਸ ਸਹਿਮ ਲਈ ਕੌਣ ਜ਼ਿੰਮੇਦਾਰ ਹੈ? 
ਪੁਲਿਸ ਅਧਿਕਾਰੀ ਵੀ ਇਸ ਮਾਮਲੇ ਬਾਰੇ ਕੁਝ ਆਖਣ ਤੋਂ ਟਾਲ ਮਟੋਲ ਕਰ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਇਸ ਲਈ ਕਾਹਲੀ ਵਿੱਚ ਕੁਝ ਨਹੀਂ ਆਖਿਆ ਜਾ ਸਕਦਾ। ਚੇਤੇ ਰਹੇ ਕਿ ਇਹ ਮਾਮਲਾ 15 ਅਪ੍ਰੈਲ 2019 ਨੂੰ ਦਰਜ ਹੋਇਆ ਸੀ। ਇਸ ਮੁੱਦੇ ਨੂੰ ਉਠਾਉਣ ਵਾਲੇ ਸੰਗਠਨ ਬਜਰੰਗ ਦਲ ਨਾਲ ਵੀ ਫਿਲਹਾਲ ਕੋਈ ਹਿੰਦੂ ਸੰਗਠਨ ਖੁੱਲ ਕੇ ਨਹੀਂ ਆਇਆ। ਜੇ ਆਇਆ ਹੈ ਤਾਂ ਸਾਡੀ ਜਾਣਕਾਰੀ ਵਿੱਚ ਨਹੀਂ। ਸ਼ਾਇਦ ਇਸਦਾ ਕਾਰਨ ਸਿਆਸੀ ਪਹੁੰਚ ਹੋਵੇ ਕਿਓਂਕਿ ਕਈ ਹਿੰਦੂਤਵੀ ਸੰਗਠਨ ਬੀਜੇਪੀ ਨਾਲ ਹਨ, ਕਈ ਕਾਂਗਰਸ ਨਾਲ ਅਤੇ ਕਈ ਸਿਰਫ ਅਤੇ ਸਿੱਧਾ ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਪੂਰੀ ਤਰਾਂ ਆਰ ਐਸ ਐਸ ਨਾਲ। ਉਹ ਸਿਆਸੀ ਪੱਖੋਂ "ਨਿਰਲੇਪ" ਰਹਿੰਦੇ ਹਨ। ਇਸ ਸਾਰੀ ਸਥਿਤੀ ਦੇ ਬਾਵਜੂਦ ਮਾਹੌਲ ਵਿੱਚ ਸਹਿਮ ਭਰ ਰਿਹਾ ਹੈ। ਕਾਲਜਾਂ ਦੇ ਵਿਦਿਆਰਥੀ ਕੈਮਰੇ ਸਾਹਮਣੇ ਨਹੀਂ ਆਉਂਦੇ ਪਰ ਝੁੰਡ ਬਣਾ ਕੇ ਆਪਸ ਵਿੱਚ ਇਸੇ ਮੁੱਦੇ 'ਤੇ ਗੱਲਾਂ ਕਰਦੇ ਹਨ। ਕਾਲਜ ਦੇ ਇੱਕ ਦੋ ਪ੍ਰੋਫੈਸਰਾਂ ਅਤੇ ਉਹਨਾਂ ਦੇ ਪ੍ਰਭਾਵ ਹੇਠਲੇ ਕੁਝ ਕੁ ਵਿਦਿਆਰਥੀਆਂ ਨੂੰ ਛੱਡ ਕੇ ਕਾਲਜ ਦੀ ਬਹੁ ਗਿਣਤੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮ ਸਿੰਘ ਸੰਧੂ ਦੇ ਨਾਲ ਹੈ। ਹੁਣ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਉਹਨਾਂ ਨਾਲ ਆਪਣੀ ਬਹੁਤ ਨੇੜਤਾ ਜਤਾਉਣ ਵਾਲੇ "ਮਹਾਂਰਥੀ ਲੇਖਕ" ਕਿਓਂ ਚੁੱਪ ਹਨ ਖਾਸ ਕਰ ਉਹ ਬੁੱਧੀਜੀਵੀ ਜਿਹੜੇ ਕਿ ਕਾਲਜ ਦੀਆਂ ਸਟੇਜਾਂ ਉੱਤੇ ਅਕਸਰ ਸਭ ਤੋਂ ਮੂਹਰੇ ਹੁੰਦੇ ਹਨ। 
ਇਸ ਮੁੱਦੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਤੱਕ ਪਹੁੰਚਣ ਵਾਲੇ "ਲੋਕ ਸੁੱਰਖਿਆ ਮੰਚ" ਨੇ ਅੱਜ ਇੱਥੇ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਕੀਤੇ ਗਏ "ਮਿਊਜ਼ੀਅਮ" ਨਾਮਕ ਡਰਾਮੇ ਨੂੰ ਦਿਖਾਉਣ ਤੇ ਬਜਰੰਗ ਦੱਲ ਦੇ ਦਬਾਅ ਹੇਠ ਪ੍ਰਿੰਸੀਪਲ, ਇੱਕ ਅਧਿਆਪਕ ਅਤੇ 12 ਵਿਦਿਆਰਥੀਆਂ ਤੇ ਦਰਜ ਐਫ਼ ਆਈ ਆਰ ਨੂੰ ਖ਼ਤਮ ਕਰਨ ਦੀ ਮੰਗ ਫਿਰ ਬੜੇ ਜ਼ੋਰਦਾਰ ਢੰਗ ਨਾਲ ਕੀਤੀ। ਮੰਚ ਦਾ ਇੱਕ ਡੈਪੂਟੇਸ਼ਨ ਅੱਜ ਕਮਿਸ਼ਨਰ ਪੁਲਿਸ ਦੀ ਗੈਰ ਹਾਜ਼ਰੀ ਵਿੱਚ ਏ ਡੀ ਸੀ ਪੀ ਹੈਡਕੁਆਰਟਰ ਅਤੇ ਸਿਕਿਊਰਟੀ ਸ਼੍ਰੀ ਦੀਪਕ ਪਾਰੀਕ ਨੂੰ ਮਿਲਿਆ। ਮੰਚ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਉੱਪਰ ਲਿਖੇ ਗਏ ਇਸ ਡਰਾਮੇ ਵਿੱਚ ਰੂੜ੍ਹੀਵਾਦੀਆਂ ਵਲੋਂ ਔਰਤਾਂ ਦੇ ਅਧਿਕਾਰਾਂ ਦੇ ਹਨਨ ਤੇ ਸੁਆਲ ਉਠਾਇਆ ਗਿਆ ਹੈ। ਇਸ ਵਿੱਚ ਪੁਰਾਤਨ ਸਮੇਂ ਵਿੱਚ ਵੀ ਔਰਤਾਂ ਨਾਲ ਹੁੰਦੇ ਧੱਕੇੇ ਬਾਰੇ ਦਰਸਾਇਆ ਗਿਆ ਹੈ। ਉੱਥੇ ਹਾਜ਼ਰ ਲੋਕਾਂ ਨੇ ਦੱਸਿਆ ਹੈ ਕਿ ਨਾਟਕ ਵਿੱਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਸੀ ਪਰ ਬਜਰੰਗ ਦਲੀਆਂ ਵੱਲੋਂ ਬਿਨਾ ਇਸਨੂੰ ਦੇਖੇ ਪੂਰਬ ਨਿਯੋਜਿਤ ਸਾਜ਼ਿਸ਼ ਦੇ ਤਹਿਤ ਇਸਤੇ ਵਾ ਵੇਲਾ ਖੜਾ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਵੀ ਬਿਨਾ ਜਾਂਚ ਕੀਤੇ ਐਫ਼ ਆਈ ਨੰਬਰ 118 ਮਿਤੀ 15 ਅਪ੍ਰੈਲ ਨੂੰ ਕੇਸ ਦਰਜ ਕਰ ਲਿਆ। ਮੰਚ ਨੇ ਮੰਗ ਕੀਤੀ ਹੈ ਕਿ ਨਾਟਕ ਦੌਰਾਨ ਹੋ ਹੱਲਾ ਕਰਕੇ ਰੁਕਵਾਉਣ ਵਾਲਿਆਂ ਅਤੇ ਝੂਠੀ ਸ਼ਿਕਾਇਤ ਕਰਨ ਵਲਿਆਂ ਦੇ ਵਿਰੁੱਧ ਕੇਸ ਦਰਜ ਕੀਤਾ ਜਾਏ। ਡੈਪੂਟੇਸ਼ਨ ਵਿੱਚ ਡਾ: ਅਰੁਣ ਮਿੱਤਰਾ, ਪ੍ਰੋਫੈਸਰ ਜੈਪਾਲ ਸਿੰਘ, ਡਾ: ਗੁਰਚਰਨ ਕੌਰ ਕੋਚਰ, ਜਸਵੰਤ ਸਿੰਘ ਜ਼ੀਰਖ, ਐਮ ਐਸ ਭਾਟੀਆ, ਐਡਵੋਕੇਟ ਨਵਲ ਛਿੱਬੜ, ਡਾ: ਗੁਲਜ਼ਾਰ ਪੰਧੇਰ, ਐਡਵੋਕੇਟ ਅਵਤਾਰ ਕੌਰ, ਜੀਤ ਕੁਮਾਰੀ, ਬਰਜਿੰਦਰ ਕੌਰ, ਵੀਨਾ ਸਚਦੇਵਾ, ਐਡਵੋਕੇਟ ਕਰਮਜੀਤ ਸਿੰਘ, ਐਡਵੋਕੇਟ ਬੀ ਪੀ ਸਿੰਘ ਗਿੱਲ, ਗੁਰਨਾਮ ਸਿੱਧੂ, ਸਤੀਸ਼ ਸਚਦੇਵਾ, ਪ੍ਰੋ. ਏ ਕੇ ਮਲੇਰੀ ਅਤੇ ਆਨੋਦ ਕੁਮਾਰ ਸ਼ਾਮਿਲ  ਸਨ। 
ਇਸੇ ਦੌਰਾਨ ਲੋਕ ਪੱਖੀ ਸੰਗਠਨਾਂ ਨਾਲ ਜੁੜੇ ਹੋਏ ਖੱਬੇ ਪੱਖੀ ਕਲਾਕਾਰ ਅਤੇ ਲੇਖਕ ਅਮੋਲਕ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਇਸ ਨਾਟਕ ਵਿੱਚ ਅਜਿਹਾ ਕੁਝ ਵੀ ਨਹੀਂ ਜਿਹੜਾ ਇਤਰਾਜ਼ ਯੋਗ ਹੋਵੇ ਅਤੇ ਸੱਚ ਤੋਂ ਦੂਰ ਹੋਵੇ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਇਹ ਨਾਟਕ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਖੇਡਿਆ ਹੈ ਅਤੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਖੇਡਾਂਗੇ। ਲੱਗਦਾ ਹੈ ਲੋਕ ਪੱਖੀ ਖੱਬੇ ਪੱਖੀ ਸੰਗਠਨ ਹੁਣ ਇਸਦਾ ਮੰਚਨ ਹਰ ਪਿੰਡ-ਹਰ ਕਸਬੇ ਵਿੱਚ ਕਰਨ ਦੀ ਯੋਜਨਾ ਉਲੀਕ ਰਹੇ ਹਨ। 
ਸਬੰਧਤ ਖਬਰਾਂ:
SCD ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ

ਨਾਟਕ ਵਿਵਾਦ ਨੂੰ ਲੈ ਕੇ ਸਹਿਮ ਭਰੀ ਚੁੱਪੀ ਨੂੰ ਤੋੜਿਆ ਜਮਹੂਰੀ ਅਧਿਕਾਰ ਸਭਾ ਨੇ