Saturday, 23 November 2024

ਆਪਣੇ ਹਿੱਸੇ ਦੀ ਗੱਲ//*ਹਰਨਾਮ ਸਿੰਘ ਡੱਲਾ//ਤੁਸੀਂਂ ਨਿੱਸਲ ਹੋ ਕੇ ਕਿਉਂ ਜਿਊ ਰਹੇ ਹੋ?

 Sent By Harnam Singh Dalla on Saturday 23rd November 2024 at 16:46 Regarding Street Dogs

ਮਿਟੀ ਘੱਟਾ,ਅਵਾਰਾ ਕੁੱਤਿਆਂ ਅਤੇ ਪਸ਼ੂਆਂ ਤੋਂ ਲੋਕਾਂ ਨੂੰ ਕੌਣ ਬਚਾਵੇਗਾ?


ਖਰੜ//ਮੋਹਾਲੀ: 23 ਨਵੰਬਰ 2024: (ਹਰਨਾਮ ਸਿੰਘ ਡੱਲਾ//ਲੋਕ ਮੀਡੀਆ ਮੰਚ)::

ਨਿੱਤ ਵਾਂਗ ਹੀ ਅੱਜ ਸਵੇਰੇ ਸੈਰ ਲਈ ਨਿਕਲਿਆ ਤਾਂ ਥੋੜ੍ਹਾ ਲੇਟ ਹੋ ਗਿਆ ਸਾਂ। ਵੈਸੇ ਸਵੇਰੇ ਪੰਜ ਵਜੇ ਜਾਈਦਾ ਹੈ। ਅੱਜ ਲੇਟ ਜਾਣ ਕਰਕੇ ਸੈਰ ਤਾਂ ਕੀਤੀ ਪਰ ਸੜਕ 'ਤੇ ਚੱਲਦਿਆਂ ਧੂੜ ਨੇ ਨੱਕ ਵਿੱਚ ਦਮ ਕਰ ਦਿੱਤਾ। ਧੂੜ ਤੋਂ ਡਰਦਿਆਂ ਹੀ ਤਾਂ ਸੈਰ ਲਈ ਸਾਂਝਰੇ ਜਾਈਦਾ ਹੈ। ਜਿਉਂ ਜਿਉਂ ਦਿਨ ਚੜ੍ਹੇਗਾ, ਟ੍ਰੈਫਿਕ ਵੀ ਵਧੇਗੀ,ਧੂੜ ਉੱਡੇਗੀ, ਪਰ ਲੋਕਾਂ ਦੇ 'ਨੱਕ ਵਿੱਚ ਦਮ' ਨਹੀਂ ਹੋਵੇਗਾ। 

ਤੁਸੀਂ ਪੁੱਛੋਗੇ ਕਿ ਕਿਉਂ? ਜੇ ਲੋਕਾਂ ਨੂੰ ਤਕਲੀਫ ਹੋਵੇ ਤਾਂ ਲੋਕ ਰੌਲਾ ਜ਼ਰੂਰ  ਪਾਉਂਣਗੇ। ਲਗਦੈ ਸਭ ਠੀਕ ਠਾਕ ਤਾਂ ਹੈ। ਮੈਂਨੂੰ ਹੀ ਬੋਲਣ ਦੀ ਬਿਮਾਰੀ ਲੱਗ ਗਈ ਹੈ! ਸੜਕ ਵੀ ਟੁੱਟੀ ਹੋਈ ਨਹੀਂ ਹੈ। ਮਿੱਟੀ ਘੱਟਾ ਵੀ ਉੱਡਦਾ ਨਹੀਂ ਹੈ। ਲੋਕਲ ਅਫ਼ਸਰ, ਡਾਕਟਰ, ਮਾਸਟਰ, ਪੰਚ, ਸਰਪੰਚ, ਐੱਮ.ਸੀ. ਅਹਿਲਕਾਰ, ਪੱਤਰਕਾਰ, ਕਲਾਕਾਰ, ਤਹਿਸੀਲਦਾਰ, ਨੰਬਰਦਾਰ, ਐੱਮ.ਐੱਸ.ਪੀ. ਮੰਗਦੇ ਕਿਰਸਾਨ ਸਾਰੇ ਸੁਖੀ ਹਨ। ਸੜਕ ਉੱਤੇ ਦੌੜਦੀਆਂ ਕਾਰਾਂ,ਸਕੂਲੀ ਬੱਸਾਂ,ਟਰੈਕਟਰ ਟਰਾਲੀਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੈ। ਸਾਰੇ ਲੋਕ ਨੁਮਾਇੰਦਿਆਂ ਨੂੰ ਵਿਧਾਨ ਸਭਾ ਤੇ ਭੇਜ ਕੇ ਆਪਣਾ ਲੋਕਤੰਤਰ ਦਾ ਫਰਜ਼ ਪੂਰਾ ਕਰਕੇ ਸਾਰੇ ਲੋਕ ਫੁਰਸਤ ਵਿੱਚ ਸਰ੍ਹਾਣੇ ਬਾਂਹ ਧਰਕੇ ਆਰਾਮ ਫਰਮਾ ਰਹੇ ਹਨ। 

ਕਿਸੇ ਵਿਧਾਨਕਾਰ ਤੋਂ ਨਹੀਂ ਪੁੱਛਿਆ ਜਾ ਰਿਹਾ ਕਿ ਸੜਕਾਂ ਉੱਤੇ ਮਿੱਟੀ ਘੱਟਾ ਕਿਉਂ ਉੱਡ ਰਿਹਾ ਹੈ ? ਜੋ ਸੜਕਾਂ ਟੁੱਟ ਗਈਆਂ ਹਨ, ਇਹ ਕਦੋਂ ਬਣਨਗੀਆਂ ? ਐਕਸੀਡੈਂਟ ਹੋ ਰਹੇ ਹਨ,ਲੋਕ ਮਰ ਵੀ ਜਾਂਦੇ ਹਨ ਤੇ ਜ਼ਖ਼ਮੀ ਹੋ ਕੇ ਨਕਾਰਾ ਵੀ ਹੋ ਰਹੇ ਹਨ। ਅਫ਼ਸਰਾਂ ਤੇ ਵਿਧਾਨਕਾਰਾਂ ਤੋਂ ਕੋਈ ਨਹੀਂ ਪੁੱਛ ਰਿਹਾ ਕਿ ਤੁਸੀਂ ਸ਼ਰਧਾਂਜਲੀ ਦੇਣ ਸਮੇਂ 'ਭਾਣਾ ਮੰਨਣ ਦਾ ਬਲ ਬਖਸ਼ਣੇ' ਦੀ ਅਰਦਾਸ ਕਰਦੇ ਹੋ ਤਾਂ ਸੜਕਾਂ ਬਣਾਉਂਣ ਦਾ ਬਲ ਵੀ ਪ੍ਰਾਪਤ ਕਰਨ ਲਈ ਸੱਚੇ ਰੱਬ ਨੂੰ ਅਰਦਾਸ ਕਿਉਂ ਨਹੀਂ ਕਰ ਲੈਂਦੇ। 

ਮੈਂ ਢੀਠ ਹੋ ਕੇ ਲਿਖੀ ਜਾ ਰਿਹਾ ਹਾਂ। ਸੁਣਦਾ ਕੌਣ ਹੈ? ਪੰਚਾਇਤਾਂ ਵਾਲੇ ਵੀ ਟੁੱਟੀਆਂ ਸੜਕਾਂ, ਸਕੂਲਾਂ, ਹਸਪਤਾਲਾਂ, ਨਫ਼ਰਤ ਫੈਲਾ ਕੇ ਬੱਚਿਆਂ ਦੇ ਗੈਂਗ ਬਣਨ ਤੋਂ ਰੋਕਣ ਲਈ ਕੋਈ ਕਾਰਗਰ ਮੰਗ ਨਹੀਂ ਕਰਦੇ, ਵਹੀਰਾਂ ਘੱਤ ਕੇ ਧਾਰਮਿਕ ਕਹਾਉਣ ਦੀ ਦੌੜ ਵਿੱਚ ਸ਼ਾਮਲ ਹੋ ਕੇ ਨੁਕਸਾਨ ਕਰਵਾ ਬਹਿੰਦੇ ਹਨ ਜਾਂ ਕਰ ਜਾਂਦੇ ਹਨ। ਸ਼ਹਿਰਾਂ ਦੀਆਂ ਕਲੋਨੀਆਂ ਅਤੇ ਪਿੰਡਾਂ ਵਿੱਚ ਰਹਿੰਦੇ ਰਾਜਨੀਤਕ ਪਾਰਟੀਆਂ ਦੇ ਸਥਾਨਕ ਆਗੂ ਆਪੋ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਿਭਾਉਣ ਤੱਕ ਸਿਮਟ ਕੇ ਰਹਿ ਗਏ ਹਨ, ਕਿਉਂ? 

ਪਿੰਡਾਂ ਵਾਲੇ ਸਵੇਰ ਤੋਂ ਕਮੀਜ਼ ਪਜਾਮੇ‌ ਪ੍ਰੈੱਸ ਕਰਵਾ ਕੇ ਸਰਪੰਚ ਦੇ ਦਰ 'ਤੇ, ਸਰਪੰਚ ਠਾਣੇਦਾਰ ਤੇ ਬੀ ਡੀ ਓ ਜਾਂ ਕਿਸੇ 'ਕਮਾਊ' ਮਹਿਕਮੇ ਦੇ ਅਫਸਰਾਂ ਦੀ ਚਾਕਰੀ ਕਰਦੇ ਦੇਖਦੇ ਹਾਂ। ਇਸ ਤਰਾਂ ਲੋਕ ਨੁਮਾਇੰਦੇ ਲੋਕਾਂ ਦੀ ਬਾਂਹ ਛੱਡ ਕੇ ਰੱਬ ਜਾਣੇ 'ਜੰਗਾਲੇ ਭ੍ਰਿਸ਼ਟਤੰਤਰ' ਦਾ ਜਰਜਰਾ ਪੁਰਜਾ ਪਤਾ ਨਹੀਂ ਕਿਉਂ ਬਣ ਜਾਂਦੇ ਹਨ। 

ਕੌਣ ਜ਼ਿੰਮੇਵਾਰ ਹੈ ਇਸ ਵਰਤਾਰੇ ਲਈ? ਮੈਂ ਇਕੱਲਾ ਤਾਂ ਨਹੀਂ, ਤੁਸੀਂ ਸਾਰੇ ਹੀ ਤਾਂ ਹੋ। ਤੁਹਾਨੂੰ ਵੀ ਬੋਲਣਾ ਚਾਹੀਦਾ ਹੈ। ਸਵੇਰੇ ਧਰਮ‌ ਅਸਥਾਨਾਂ ਦੀ ਸ਼ੋਭਾ ਤੁਸੀਂ ਹੋ। ਉਹਨਾਂ ਨੂੰ ਸਾਫ਼ ਸੁਥਰੇ ਤੇ ਪੂਜਣਯੋਗ ਤੁਸੀਂ ਬਣਾਉਂਦੇ ਹੋ। ਫਿਰ ਸੜਕਾਂ,ਸਕੂਲ,ਦਫ਼ਤਰ ਕਿਸ ਨੇ ਸਾਫ ਸੁਥਰੇ ਬਣਾਉਂਣੇ ਹਨ? 

ਸੜਕਾਂ ਜਿਹੜੀਆਂ ਤੁਹਾਡੀਆਂ ਜਾਨਾਂ ਦਾ ਜੰਜਾਲ ਬਣ ਗਈਆਂ ਹਨ। ਸਕੂਲ ਜਿੱਥੋਂ ਤੁਸੀਂ ਬੱਚਿਆਂ ਨੂੰ ਕੁਝ ਬਣਾਉਂਣ ਲਈ ਭੇਜਦੇ ਹੋ,ਉਹ ਗੈਂਗਵਾਰੀ ਜਾਂ ਦੰਗਈ ਬਣਦੇ ਜਾ ਰਹੇ ਹਨ। ਦਫ਼ਤਰ ਜਿੱਥੋਂ ਤੁਹਾਨੂੰ ਪ੍ਰਬੰਧਕੀ ਸੇਵਾ ਮਿਲਣੀ ਹੁੰਦੀ ਹੈ,ਉੱਥੇ ਪ੍ਰੇਸ਼ਾਨੀ ਖੱਟ ਕੇ ਘਰ ਮੁੜਦੇ ਹੋਏ ਜਾਂ ਪੈਸਾ ਖਰਚ ਕੇ (ਵੱਢੀ ਦੇ ਕੇ) ਸੇਵਾ ਵਸੂਲਦੇ ਹੋ, ਇਹ ਕਿਸ ਦਾ ਕਸੂਰ ਹੈ? 

ਤੁਸੀਂਂ ਨਿੱਸਲ ਹੋ ਕੇ ਕਿਉਂ ਜਿਊ ਰਹੇ ਹੋ? ਅਸੀਂ ਸਾਰੇ ਬੰਦੇ ਹੀ ਹਾਂ 'ਨਰ' ਤੇ 'ਮਾਦਾ' ਬੰਦੇ। ਪਰ ਅਸੀਂ ਵਟ ਕਿਵੇਂ ਜਾਂਦੇ ਹਾਂ ? ਵੱਖੋ ਵੱਖਰੇ ਧਰਮਾਂ ਵਿੱਚ ਜਾਂ ਜਾਤਾਂ ਵਿੱਚ। ਅਸੀਂ ਮਾਨਵ ਨਹੀਂ ਰਹਿੰਦੇ। ਤੇ ਇੱਕ ਹੋਰ ਸ਼੍ਰੈਣੀ ਦਾ 'ਦਿਓ' ਸਾਨੂੰ ਵੰਡੇ ਲੋਕਾਂ ਨੂੰ ਵਰਤ ਕੇ‌ ਆਪਣਾ ਉੱਲੂ ਸਿੱਧਾ ਹੀ ਨਹੀਂ ਕਰਦਾ ਬਲਕਿ ਸਾਡੀ ਕਿਰਤ ਦੀ ਲੁੱਟ ਕਰਕੇ ਮੌਜਾਂ ਮਾਣਦਾ ਹੈ। 

ਉਸ ਨੂੰ ਕਾਰਪੋਰੇਟ,ਸਰਮਾਏਦਾਰ ਜਾਂ ਪੂੰਜੀਵਾਦੀ ਕਿਹਾ ਜਾਂਦਾ ਹੈ। ਤੁਹਾਨੂੰ ਸਮਝ ਤਾਂ ਜ਼ਰੂਰ ਪੈ ਰਹੀ ਹੋਵੇਗੀ,ਪਰ ਤੁਸੀਂ ਮੰਨਣ ਲਈ ਤਿਆਰ ਨਹੀਂ ਹੋ। ਕਾਰਪੋਰੇਟ ਵੱਲ ਕਦਮ ਪੁੱਟਦਿਆਂ ਤੁਹਾਡੇ ਪੈਰ ਭਾਰੇ ਹੋ ਜਾਂਦੇ ਹਨ। ਕਾਰਪੋਰੇਟ ਜੋ ਤੁਹਾਡੀ ਕਿਰਤ ਉੱਤੇ ਵੀ ਕਾਬਜ਼ ਹੈ ਧਰਮ ਉੱਤੇ ਵੀ ਤੇ ਪੈਸੇ ਨਾਲ ਰਾਜ ਸਿੰਘਾਸਣ ਉੱਤੇ ਵੀ। ਤੁਸੀਂ ਕੀ ਕਰੋਗੇ ? ਵਟੇ ਜੁ ਹੋਏ ਹੋ।

ਲਗਦੈ ਮੈਂ ਸੈਰ ਕਰਦਾ ਦੂਰ ਕਿਸੇ ਫਲਸਫੇ ਦੇ ਸਫ਼ਰ ਦੇ ਲੰਮੇ ਪੈਂਡੇ ਦੀ ਲਪੇਟ ਵਿੱਚ ਆ ਗਿਆ ਹਾਂ। ਹਾਂ ਸੱਚ, ਜਦੋਂ ਸਵੇਰੇ ਮੈਂ ਮਿੱਟੀ ਘੱਟਾ ਫੱਕ ਰਿਹਾ ਸੀ ਤਾਂ ਕੁੱਤਿਆਂ ਦੇ ਘੇਰੇ ਵਿੱਚ ਇੱਕ ਅੱਠ ਕੁ ਸਾਲ ਦਾ ਬੱਚਾ ਕੰਧ ਅਤੇ ਬਿਜਲੀ ਦੇ ਖੰਭੇ ਦੀ ਸੁਰੱਖਿਆ ਵਿੱਚ ਸਹਿਮਿਆਂ ਖੜ੍ਹਾ ਸੀ। ਦਰਅਸਲ ਉਹ ਸਵੇਰੇ ਪਿੰਡ ਦੇ ਦਲਿਤਾਂ ਦੀ ਬਸਤੀ ਲਾਗੇ ਬਦਬੂ ਮਾਰਦੀਆਂ ਰੂੜੀਆਂ ਉੱਤੇ ਕੂੜਾ ਢੇਰੀ ਕਰਨ ਆਇਆ ਸੀ। ਦਸ ਕੁ ਕੁੱਤੇ ਉਨ੍ਹਾਂ ਰੂੜੀਆਂ ਦੇ ਢੇਰ ਕੋਲ ਖੜ੍ਹੇ ਸਨ। ਮੈਂ‌ ਨਹੀਂ ਕਹਿੰਦਾ 'ਦਰਵੇਸ਼ਾਂ' ਨੇ ਉਸ ਬੱਚੇ ਦਾ ਨੁਕਸਾਨ ਕਰ ਦੇਣਾ ਸੀ ਜਾਂ ਨੋਚ ਲੈਣਾ ਸੀ,ਉਹ ਡਰਿਆ ਹੋਇਆ ਜ਼ਰੂਰ ਸੀ। 

ਜਦੋਂ ਮੈਂ ਉਸ ਮਾਸੂਮ ਬੱਚੇ ਨੂੰ ਪੁੱਛਿਆ 'ਕਿਧਰ ਜਾਣਾ ਹੈ ਬੇਟਾ ਤੂੰ'। ਕੁਦਰਤੀ ਉਸ ਨੇ ਉੱਧਰ ਹੀ ਜਾਣਾ ਸੀ, ਜਿਧਰ ਮੈਂ ਜਾਣਾ ਸੀ। ਮੈਂ ਖੜ੍ਹ ਕੇ ਉਸ ਨੂੰ ਨਾਲ ਲੈ ਲਿਆ ਅਤੇ ਕਿਹਾ, 'ਬੇਟਾ ਤੂੰ ਅੱਗੋਂ ਆਪਣੇ ਮੰਮੀ ਪਾਪਾ ਨੂੰ ਕੂੜਾ ਸੁੱਟਣ ਲਈ ਭੇਜੀਂ'। ਉਸ ਬਹੁਤ ਹੀ ਸੁੰਦਰ ਬੱਚੇ ਨੇ ਮੈਂਨੂੰ ਉੱਤਰ ਦਿੱਤਾ, 'ਅੰਕਲ ਯੇ ਦੁਪਿਹਰ ਕੋ ਯਹਾਂ ਨਹੀਂ‌ ਹੋਤੇ'। 

ਫਿਰ ਮੈਂਨੂੰ ਲਗਿਆ ਕਿ ਇਸ ਬੱਚੇ ਦੇ ਮਨ ਵਿੱਚ ਕੁੱਤਿਆਂ ਦੇ ਵੱਢ ਲੈਣ ਦਾ ਡਰ ਤਾਂ ਜ਼ਰੂਰ ਸੀ। ਜੋ ਮੇਰੀ ਮੌਜੂਦਗੀ ਕਰਕੇ ਖਤਮ ਹੋ ਗਿਆ ਸੀ। ਮੇਰੇ ਸਾਹਮਣੇ ਇੱਕ ਨਹੀਂ, ਸੈਂਕੜੇ ਹਾਦਸੇ ਖੜ੍ਹੇ ਸਨ ਜਿਹੜੇ ਐਸੇ ਬੱਚਿਆਂ,ਬੁੱਢਿਆਂ ਤੇ ਬੇਖ਼ਬਰ ਨੌਜਵਾਨਾਂ ਦੀ ਬਲੀ ਲੈ ਚੁੱਕੇ ਹਨ। ਕੁੱਤੇ ਵੀ 'ਰੱਬ ਦਾ ਜੀਵ' ਹਨ। ਪਰ ਜਿਹੜਾ ਜੀਵ ਮਨੁੱਖੀ ਜਾਨ ਦਾ ਖੌਅ ਬਣ ਚੁੱਕਾ ਹੈ ਉਸ ਬਾਰੇ ਧਾਰਮਿਕ ਤੌਰ  'ਤੇ ਚੁੱਪੀ ਵੱਟ ਜਾਣਾਂ ਕਦੇ ਤੁਹਾਡੇ ਉੱਤੇ ਵੀ ਭਾਰੂ ਪੈ ਸਕਦ ਹੈ। 

ਇਸੇ ਤਰਾਂ ਅਵਾਰਾ ਪਸ਼ੂਆਂ ਨੂੰ ਅਸੀਂ ਧਾਰਮਿਕ ਹੋਣ ਕਰਕੇ‌ ਉਨ੍ਹਾਂ ਵਲੋਂ ਲਈਆਂ ਜਾਂਦੀਆਂ ਮਨੁੱਖੀ ਜਾਨਾਂ ਬਾਰੇ ਚੁੱਪ ਵੱਟ ਜਾਂਦੇ ਹਾਂ। ਅਸੀਂ ਗਊਆਂ ਅਤੇ ਅਵਾਰਾ ਢੱਠਿਆਂ ਲਈ ਵੀ ਸਰਕਾਰੀ ਟੈਕਸ ਬਤੌਰ ਸੈੱਸ ਦਿੰਦੇ‌ ਹਾਂ। ਇਸ ਤੋਂ ਇਲਾਵਾ ਗਊ ਸਾਲਾ ਨੂੰ ਆਸਥਾ ਵਸ ਲੋਕ ਧੰਨ ਵੀ ਦਾਨ ਕਰਦੇ ਹਨ,ਪਰ ਅਵਾਰਾ ਪਸ਼ੂਆਂ ਦੇ ਝੁੰਡ ਸੜਕਾਂ‌, ਖੇਤਾਂ ਤੇ ਬਸਤੀਆਂ ਵਿੱਚ ਘੁੰਮਦੇ ਆਮ ਦਿਖਦੇ ਹਨ। ਸਰਕਾਰਾਂ ਅਤੇ ਪਸ਼ੂਆਂ ਦੇ ਨਾਂ 'ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਪਸ਼ੂਆਂ ਵਲੋਂ ਕੀਤੇ ਜਾਨੀ ਨੁਕਸਾਨ ਕਰਨ ਤੋਂ ਬਾਅਦ ਚੁੱਪ ਰਹਿੰਦੇ ਹਨ। 

ਇਹ ਕਿਵੇਂ ਰੁਕੇ,ਸ਼ਬਦ ਵੀ ਨਹੀਂ ਬੋਲਦੇ। ਇਸ ਤੋਂ ਲਗਦਾ ਹੈ ਕਿ ਪਸ਼ੂਆਂ ਨੂੰ ਮਾਧਿਅਮ ਬਣਾ ਕੇ ਰਾਜਨੀਤਕ ਲਾਹਾ ਲੈਣਾ ਹੀ ਉਨ੍ਹਾਂ ਦਾ ਧਰਮ ਹੈ। ਮਨੁੱਖੀ ਜਾਨਾਂ ਨਾਲੋਂ ਪਸ਼ੂਆਂ ਉੱਤੇ ਤਰਸ ਦੀ ਭਾਵਨਾ ਜ਼ਿਆਦਾ ਬਲਵਾਨ ਹੈ। ਡਰ ਲਗਦਾ ਹੈ ਕਿ ਆਪਣੇ ਗੇਟ ਦੇ ਦਰਵਾਜ਼ੇ ਮੂਹਰੇ ਬੈਠੀ ਗਊ ਨੂੰ ਛਛਕੇਰ ਕੇ ਪਰ੍ਹੇ ਕਰਨ ਨਾਲ ਕਿਸੇ ਜਥੇਬੰਦੀ ਜਾਂ ਕਿਸੇ ਗੁਆਂਢੀ ਦੀ ਆਸਥਾ ਨਾ ਝਰੀਟੀ ਜਾਵੇ। ਸੱਚੀਂ ਪਸ਼ੂ ਪਿਆਰ ਨੇ ਮਨੁੱਖੀ ਪਿਆਰ ਪੇਤਲਾ ਪਾ ਦਿੱਤਾ ਹੈ। 

ਚਲੋ ਖੈਰ! ਆਪਣੇ ਹਿੱਸੇ ਦੀ ਗੱਲ ਕਹਿਣ ਦਾ ਕੋਈ ਹਰਜ ਨਹੀਂ ਹੁੰਦਾ। ਮੈਂ ਕਰ ਦਿੱਤੀ ਹੈ। ਟੁੱਟੀਆਂ ਸੜਕਾਂ,ਪ੍ਰਦੂਸ਼ਨ ਅਤੇ ਆਵਾਰਾ ਪਸ਼ੂ, ਮਨੁੱਖ ਲਈ ਜਾਨਲੇਵਾ ਹਨ। ਆਓ ਇਸ ਸਮੱਸਿਆ ਉੱਤੇ ਜ਼ਰੂਰ ਜੁੜੀਏ ਤੇ ਚਿੰਤਾ ਮੁਕਤ ਹੋਣ ਲਈ ਬਿਨਾਂ ਕਿਸੇ ਧਾਰਮਿਕ‌ ਤੰਗਨਜ਼ਰੀ ਤੋਂ ਹੱਲ ਲਈ ਯਤਨ ਕਰੀਏ।    

*ਖਰੜ ਵਿੱਚ ਰਹਿੰਦੇ ਹਰਨਾਮ ਸਿੰਘ ਡੱਲਾ ਰਿਟਾਇਰਡ ਬੈਂਕ ਅਧਿਕਾਰੀ ਹੋਣ ਦੇ ਨਾਲ ਨਾਲ ਬਹੁਤ ਚੰਗੇ ਲੇਖਕ ਅਤੇ ਪੱਤਰਕਾਰ ਵੀ ਹਨ। ਸਾਹਿਤ ਸਭਾਵਾਂ ਦੇ ਨਾਲ ਨਾਲ ਸਿਆਸੀ ਅਤੇ ਸਮਾਜਿਕ ਮੁੱਦਿਆਂ ਤੇ ਵੀ ਅਕਸਰ ਪੂਰੀ ਤਰ੍ਹਾਂ ਸਰਗਰਮ ਵੀ ਰਹਿੰਦੇ ਹਨ। ਉਹਨਾਂ ਦਾ ਸੰਪਰਕ ਨੰਬਰ ਹੈ:+91 9417773283

Saturday, 1 July 2023

ਦੋਰਾਹਾ ਵਿਖੇ ਪੱਤਰਕਾਰ ਹਰਮਿੰਦਰ ਸੇਠ ਨੂੰ ਸਦਮਾ

ਪਤਨੀ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ 2 ਜੁਲਾਈ ਨੂੰ ਦੋਰਾਹਾ ਵਿਖੇ 

ਦੋਰਾਹਾ: 1 ਜੁਲਾਈ 2023: (ਲੋਕ ਮੀਡੀਆ ਮੰਚ ਬਿਊਰੋ)::

ਦੋਰਾਹਾ ਵਿਖੇ ਰੋਜ਼ਾਨਾ ਨਵਾਂ ਜ਼ਮਾਨਾ ਦੇ ਪੱਤਰਕਾਰ ਹਰਮਿੰਦਰ ਸੇਠ ਨੂੰ ਉਸ ਵੇਲੇ ਡੂਂਘ ਸਦਮਾ ਲੱਗਿਆ ਜਦੋਂ ਉਹਨਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਅਚਾਨਕ ਵਿਛੋੜਾ ਦੇ ਗਈ। ਉਹਨਾਂ ਦਾ ਅੰਤਿਮ ਸੰਸਕਾਰ ਦੋਰਾਹਾ ਵਿਖੇ ਹੀ ਕਰ ਦਿੱਤਾ ਗਿਆ ਅਤੇ ਭੋਗ ਦੀ ਰਸਮ ਦੋ ਜੁਲਾਈ ਨੂੰ ਦੋਰਾਹਾ ਵਿਖੇ ਕੀਤੀ ਜਾਣੀ ਹੈ। ਉਹਨਾਂ ਦੇ  ਅੰਤਿਮ ਸੰਸਕਾਰ ਮੌਕੇ ਪੱਤਰਕਾਰ ਅਤੇ ਬੁਧੀਜੀਵੀ ਹਲਕਿਆਂ ਵੱਲੋਂ  ਤਰੁਣ ਆਨੰਦ, ਪ੍ਰੋਫੈਸਰ ਲਵਲੀਨ  ਬੈਂਸ,ਜੋਗਿੰਦਰ ਸਿੰਘ ਓਬਰਾਏ, ਜਸਵੀਰ ਝੱਜ, ਮਨਜੀਤ ਸਿੰਘ  ਗਿੱਲ,ਮਨਪ੍ਰੀਤ ਮਾਂਗਟ, ਰੋਹਿਤ ਗੁਪਤਾ, ਨਰਿੰਦਰ ਕੁਮਾਰ ਆਨੰਦ, ਰਵਿੰਦਰ ਸਿੰਘ  ਢਿੱਲੋਂ,ਵਿਪਨ ਭਾਰਦਵਾਜ, ਸੁਖਵੀਰ ਸਿੰਘ ਚੰਕੋਇਆ, ਸ਼ਿਵ ਵਿਨਾਇਕ, ਮੈਡਮ ਗੁਰਮੀਤ ਕੌਰ, ਜੋਗਿੰਦਰ ਸਿੰਘ ਕਿਰਤੀ, ਮੁਦਿਤ ਮਹਿੰਦਰਾ, ਪੰਕਜ ਸੂਦ, ਵਿਕਾਸ ਸੂਦ, ਪ੍ਰਗਟ ਸੇਹ, ਮਨਪ੍ਰੀਤ ਸਿੰਘ ਰਣਦਿਓ ਸਮੇਤ ਹੋਰ ਵੀ ਕਈ ਲੋਕ ਸ਼ਾਮਲ ਹੋਏ। ਲੁਧਿਆਣਾ ਤੋਂ ਐਮ ਐਸ  ਭਾਟੀਆ,ਪ੍ਰਦੀਪ ਸ਼ਰਮਾ, ਰੈਕਟਰ ਕਥੂਰੀਆ, ਡੀ ਪੀ ਮੋੜ, ਰਮੇਸ਼ਰਤਨ, ਚਮਕੌਰਸਿੰਘ, ਵਿਜੇ ਕੁਮਾਰ ਅਤੇ ਕਈ ਹੋਰਾਂ ਨੇ ਵੀ ਸੋਗ ਸੁਨੇਹੇ ਭੇਜੇ। 

ਸੰਤ ਨਿਰੰਕਾਰੀ ਮੰਡਲ ਦੋਰਾਹਾ ਵੱਲੋਂ ਭਾਈ ਸਾਹਿਬ ਗੁਰਮੇਲ ਸਿੰਘ ਜੀ ਵੱਲੋਂ ਅੰਤਿਮ ਅਰਦਾਸ ਸੰਬੰਧੀ ਦਸੇ ਪ੍ਰਗਰਾਮ ਮੁਤਾਬਕ ਇਹ ਰਸਮ ਦੋ ਜੁਲਾਈ ਨੂੰ ਕੀਤੀ ਜਾਣੀ ਹੈ। ਮੁੱਖੀ ਬ੍ਰਾਂਚ ਦੋਰਾਹਾ, ਭਾਈ ਸਾਹਿਬ ਹਰਮਿੰਦਰ ਸਿੰਘ ਜੀ ਸੇਠ..ਸੰਚਾਲਕ ਬ੍ਰਾਂਚ ਦੋਰਾਹਾ, ਭਾਈ ਸਾਹਿਬ ਜੀਤ ਸਿੰਘ ਜੀ ਸਿਖ਼ਸਕ.. ਬ੍ਰਾਂਚ ਦੋਰਾਹਾ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਅੰਤਿਮ ਅਰਦਾਸ ਦੀ ਇਹ ਰਸਮ 2 ਜੁਲਾਈ ਦਿਨ ਐਤਵਾਰ ਨਿਰੰਕਾਰੀ ਸਤਿਸੰਗ ਭਵਨ ਦੋਰਾਹਾ ਵਿਖੇ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ। 

ਇਸ ਮੌਕੇ ਕਈ ਹੋਰਨਾਂ ਸੰਗਠਨਾਂ ਅਤੇ ਵਿਅਕਤੀਆਂ ਨੇ ਵੀ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ। 

ਖੁਸ਼ੀ-ਗਮੀ ਦੇ ਮੌਕੇ ਵੀ ਲੋਕ ਮੀਡੀਆ ਮੰਚ ਲਈ ਆਰਥਿਕ ਸਹਾਇਤਾ ਦਾ ਫਰਜ਼ ਨਾ ਭੁੱਲੋ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, 18 February 2023

ਮੀਡੀਆ ਦੀ ਆਜ਼ਾਦੀ ਦੇ ਹੱਕ ਵਿੱਚ ਲਗਾਤਾਰ ਵੱਧ ਰਹੀ ਹੈ ਮੀਡੀਆ ਏਕਤਾ

Saturday 18th February 2023 at 07:09 PM WhatsApp

ਪੱਤਰਕਾਰ ਯੂਨੀਅਨ ਦੀ ਖਰੜ ਮੀਟਿੰਗ ਦੌਰਾਨ ਵਿਚਾਰੇ ਗਏ ਅਹਿਮ ਮੁੱਦੇ 

 ਨਿਰਪੱਖ ਪੱਤਰਕਾਰਤਾ ਉੱਤੇ ਸਰਕਾਰੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ


ਖਰੜ:18 ਫਰਵਰੀ 2023: (*ਹਰਨਾਮ ਸਿੰਘ ਡੱਲਾ//ਲੋਕ ਮੀਡੀਆ ਮੰਚ)::

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੋਹਾਲੀ ਦੀ  ਮੀਟਿੰਗ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ੍ਰੀ ਸਰਬਜੀਤ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਖਰੜ ਦੇ ਮਿਉਂਸਪਲ ਪਾਰਕ ਵਿੱਚ ਹੋਈ। ਯੂਨੀਅਨ ਨੇ ਭਾਰਤ ਸਰਕਾਰ ਅਤੇ ਸੁਬਾਈ ਸਰਕਾਰਾਂ ਵਲੋਂ ਨਿਰਪੱਖ ਪੱਤਰਕਾਰਤਾ ਉੱਤੇ ਕੀਤੇ ਜਾਂਦੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਯੂਨੀਅਨ ਨੇ ਕੇਂਦਰ ਸਰਕਾਰ ਵਲੋਂ ਬੀ ਬੀ ਸੀ ਵਲੋਂ ਗੁਜਰਾਤ ਸਮੂਹਿਕ ਕਤਲੇਆਮ ਦੀ ਰਿਪੋਰਟ ਦੇਣ ਤੋਂ ਬਾਅਦ, ਬਦਲੇ ਦੀ ਭਾਵਨਾ ਨਾਲ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆ ਨੂੰ ਪ੍ਰੈਸ ਦੀ ਆਵਾਜ਼ ਕੁਚਲਣ ਵਜੋਂ ਦੇਖਦਿਆਂ ਇਨ੍ਹਾਂ ਛਾਪਿਆ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਤੋਂ ਬਿਨਾਂ ਸੂਬਾ ਮਹਾਰਾਸ਼ਟਰ ਵਿੱਚ ਇੱਕ ਪੱਤਰਕਾਰ ਦੀ ਹੱਤਿਆ ਅਤੇ ਜਲੰਧਰ ਵਿੱਚ ਨਵਾਂ ਜ਼ਮਾਨਾ ਦੇ ਪੱਤਰਕਾਰ ਰਾਜੇਸ਼ ਥਾਪਾ ਉੱਤੇ ਹੋਏ ਗੁੰਡਾ ਹਮਲੇ ਦੀ ਵੀ ਨਿੰਦਾ ਕੀਤੀ ਗਈ ਹੈ।

ਯੂਨੀਅਨ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਨੇ ਪ੍ਰੈੱਸ ਦੇ ਨਾਂ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਅਤੇ ਪੱਤਰਕਾਰਾਂ ਦੇ ਬੋਲਣ ਦੇ ਅਧਿਕਾਰ ਉੱਤੇ ਹਮਲੇ ਕਰ ਰਹੀ ਹੈ ਅਤੇ ਸੰਵਿਧਾਨ ਦੀ ਧਾਰਾ 19 ਦੀ ਉਲੰਘਣਾ ਕਰਕੇ ਆਜ਼ਾਦ ਪੱਤਰਕਾਰਤਾ ਉੱਤੇ ਵੀ ਹਮਲੇ ਕਰ ਰਹੀ ਹੈ। ਇਸ ਸਮੇਂ ਸ੍ਰੀ ਵੱਸਣ ਸਿੰਘ ਗੁਰਾਇਆ, ਮੇਜਰ ਸਿੰਘ ਪੰਜਾਬੀ,ਰੈਕਟਰ ਕਥੂਰੀਆ, ਰਾਜਵੀਰ ਸੈਣੀ ਅਤੇ ਕਾਰਤਿਕਾ ਵੀ ਹਾਜ਼ਰ ਸਨ।  ਉਨ੍ਹਾਂ ਪੰਜਾਬ ਦੇ ਪ੍ਰੈਸ ਕਲੱਬਾਂ ਅਤੇ ਪੱਤਰਕਾਰਾਂ ਦੀਆਂ ਯੂਨੀਅਨਾਂ ਨੂੰ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਲਈ ਇੱਕ ਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਵੀ ਦਿੱਤਾ। 

ਇਕ ਹੋਰ ਫ਼ੈਸਲਾ ਲੈਂਦਿਆਂ ਯੂਨੀਅਨ ਨੇ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਇੱਕ ਸੈਮੀਨਾਰ 11 ਮਾਰਚ 2023 ਨੂੰ ਮੋਹਾਲੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ ਯੂਨੀਵਰਸਿਟੀ ਦੀਆਂ ਸਕਾਲਰ ਔਰਤਾਂ, ਲੇਖਕ, ਪੱਤਰਕਾਰ ਅਤੇ ਹੋਰ ਬੁੱਧੀਜੀਵੀ ਲੋਕਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ।

*ਹਰਨਾਮ ਸਿੰਘ ਡੱਲਾ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੋਹਾਲੀ ਦੇ ਜਨਰਲ ਸਕੱਤਰ ਹਨ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, 17 September 2021

ਸ਼੍ਰੋਮਣੀ ਅਕਾਲੀ ਦਲ ਬਾਦਲ ਜੋਸ਼ ਨਾਲ ਸਰਗਰਮ

 17th September 2021 at 08:14 PM

ਦਿੱਲੀ ਵਿਖੇ ਸੰਸਦ ਨੇੜੇ ਕੀਤਾ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ 

ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਲੋਕ ਮੀਡੀਆ ਮੰਚ)::

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਇੱਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਗਿਆ ਹੈ। ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿੱਚ ਸੰਸਦ ਤੱਕ ਰੋਸ ਮਾਰਚ ਕੀਤਾ ਗਿਆ । 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਜਗਮੀਤ ਸਿੰਘ ਬਰਾੜ ਸਮੇਤ 14 ਸੀਨੀਅਰ ਆਗੂਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਸਨ ਅਤੇ ਇੱਥੇ ਅਰਦਾਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਵੱਲ ਰੋਸ ਮਾਰਚ ਸ਼ੁਰੂ ਕੀਤਾ ਗਿਆ। ਜਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਪਾਸ ਹੋਣ ਦੇ ਇੱਕ ਸਾਲ ਪੂਰਾ ਹੋਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਵੀ ਟੁੱਟਿਆ ਸੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦੇ ਖਿਲਾਫ਼ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ।

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਇਹ ਖੇਤੀ ਕਾਨੂੰਨ ਲੋਕ ਸਭਾ ਵਿੱਚ ਪਾਸ ਹੋਏ ਸਨ ਅਤੇ ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਡਾ. ਮਨਮੋਹਨ ਸਿੰਘ ਦੇ ਵੇਲੇ ਸੰਸਦ ਵਿੱਚ ਆਏ ਸਨ ਪਰ ਉਨ੍ਹਾਂ ਨੂੰ ਵਿਰੋਧ ਕਾਰਨ ਝੁਕਣਾ ਪਿਆ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਇਨ੍ਹਾਂ ਦਾ ਬਾਰੇ ਲਿਖਿਆ ਗਿਆ ਸੀ।"

ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਕਾਨੂੰਨ ਪ੍ਰਧਾਨ ਮੰਤਰੀ ਨੇ ਲਾਗੂ ਕੀਤੇ ਹਨ, ਤੁਸੀਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ- ਬਸਪਾ ਦੀ ਸਰਕਾਰ ਬਣਾ ਦਿਓ ਜਿਸ ਨਾਲ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਹੋਣਗੇ।"

ਉਨ੍ਹਾਂ ਕੇਜਰੀਵਾਲ ਨੂੰ ਆੜੇ ਹਥੀ ਲੈਂਦਿਆਂ ਕਿਹਾ "ਅਰਵਿੰਦ ਕੇਜਰੀਵਾਲ ਨੇ ਐੱਸਵਾਈਐਲ ਦਾ ਸਮਰਥਨ ਕੀਤਾ ਹੈ ਤੇ ਅੱਜ ਗੁਰਦੁਆਰਿਆਂ ਵਿੱਚ ਆਉਣ ਉੱਪਰ ਰੋਕ ਲਗਾਉਣ ਲਈ ਲਿਖਤੀ ਨੋਟੀਫਿਕੇਸ਼ਨ ਵੀ ਕੱਢੇ ਹਨ।"

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਉਪਰ ਨਿਸ਼ਾਨਾ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰੋਕਾਂ ਦੇ ਬਾਵਜੂਦ ਪ੍ਰਦਰਸ਼ਨ ਵਿੱਚ ਪੁੱਜੇ ਹਨ। ਪ੍ਰਦਰਸ਼ਨ ਲਈ ਪੁੱਜੀਆਂ ਔਰਤਾਂ ਦਾ ਵੀ ਉਨ੍ਹਾਂ ਨੇ ਧੰਨਵਾਦ ਕਰਦਿਆਂ ਆਖਿਆ ਕਿ ਰਾਤ ਦੋ ਵਜੇ ਤੱਕ ਇਹ ਸੜਕਾਂ ਉਪਰ ਦਿੱਲੀ ਆਉਣ ਲਈ ਮੌਜੂਦ ਸਨ। ਪਹਿਲਾਂ ਉੱਤਰ ਪ੍ਰਦੇਸ਼ ਅਤੇ ਫਿਰ ਕੇਂਦਰ ਵਿੱਚ ਵੀ ਇਹ ਸਰਕਾਰ ਦੋ ਸਾਂਸਦਾਂ 'ਤੇ ਆ ਜਾਵੇਗੀ।

ਹਰਸਿਮਰਤ ਕੌਰ ਬਾਦਲ ਨੇ ਕਿਹਾ, "ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਕਿਸਾਨ ਡਟੇ ਰਹਿਣਗੇ।" ਉਨ੍ਹਾਂ ਨੇ ਖੇਤੀ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਜ਼ਿਕਰ ਵੀ ਕੀਤਾ।

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਦੱਸਿਆ ਕਿ, ਸ਼੍ਰੋਮਣੀ ਅਕਾਲੀ ਦਲ ਵੱਲੋਂ ਐਗਜ਼ੈਕੇਟਿਵ ਮੈਜਿਸਟ੍ਰੇਟ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਮੈਮੋਰੰਡਮ ਸੌਂਪਿਆ ਗਿਆ ਹੈ । "ਅਸੀਂ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ, ਐੱਮਐੱਸਪੀ ਦੇ ਕਾਨੂੰਨੀ ਗਾਰੰਟੀ ਚਾਹੁੰਦੇ ਹਾਂ, ਨਾਲ ਹੀ ਸਾਰੀਆਂ ਫ਼ਸਲਾਂ ਦੀ ਖਰੀਦ ਦੇ ਅਤੇ ਵਚਨਬੱਧਦਾ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਕਾਨੂੰਨ ਲੈ ਕੇ ਆਉਣ ਤੋਂ ਪਹਿਲਾਂ ਸਲਾਹ-ਮਸ਼ਵਰਾ ਕੀਤਾ ਜਾਵੇ।"

ਧਿਆਨਦੇਣ ਯੋਗ ਹੈ ਕਿ ਦਿੱਲੀ ਪੁਲੀਸ ਦੇ ਡੀਸੀਪੀ ਦੀਪਕ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸਪਸ਼ਟ ਸ਼ਬਦਾਂ ਵਿਚ ਵਿਰੋਧ ਪ੍ਰਦਰਸ਼ਨ ਲਈ ਮਨਜ਼ੂਰੀ ਨਾ ਹੋਣ ਬਾਰੇ ਦੱਸ ਦਿੱਤਾ ਸੀ ਜਿਸਦੇ ਬਾਵਜੂਦ ਵੀ ਬਾਦਲ ਦਲ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।

Thursday, 9 September 2021

ਹੁਣ ਲੁਧਿਆਣਾ ਵਿੱਚ ਕਾਂਗਰਸ ਵੀ ਭਾਜਪਾ ਨੂੰ ਲੰਮੇ ਹੱਥੀਂ ਟੱਕਰੀ

 ਜੇ ਕੀਮਤ ਘੱਟ ਲੱਗਦੀ ਹੈ ਤਾਂ ਵੱਧ ਦਾ ਡਰਾਫਟ  ਦੇ ਦਿਓ-ਈ-ਆਕਸ਼ਨ ਤੁਹਾਡੇ ਨਾਮ ਕਰਾ ਦਿਆਂਗੇ 

ਇੰਪਰੂਵਮੈਂਟ ਟਰਸਟ ਤੇ ਦੋਸ਼ਾਂ ਦਾ ਲਿਆ ਗੰਭੀਰ ਨੋਟਿਸ-ਤਾਲੇ ਮਾਰਨ ਦੇ ਡਰਾਮੇ ਦੀ ਤਿੱਖੀ ਨਿਖੇਧੀ 


ਲੁਧਿਆਣਾ
9 ਸਤੰਬਰ 2021: (ਲੋਕ ਮੀਡੀਆ ਮੰਚ ਬਿਊਰੋ)::
ਘਰੇਲੂ ਕਾਟੋ ਕਲੇਸ਼ ਦੀ ਸਮੱਸਿਆ ਅਤੇ ਹਰ ਹੀਲੇ ਸੱਭਿਅਕ ਅਤੇ ਸ਼ਾਂਤ ਬਣੇ ਰਹਿਣ ਵਾਲੇ ਆਪਣੇ ਇਤਿਹਾਸ ਤੇ ਪਹਿਰਾ ਦੇਂਦਿਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਵੀ  ਇਕਾਈਆਂ ਬੀਜੇਪੀ ਦੇ ਡਰਾਮਿਆਂ ਨੂੰ ਚੁੱਪਚਾਪ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਸਨ ਉਹ ਵੀ ਹੁਣ ਗੁੱਸੇ ਵਿੱਚ ਹਨ। ਕਾਂਗਰਸ ਪਾਰਟੀ ਦੀਆਂ ਇਹਨਾਂ ਇਕਾਈਆਂ ਦਾ ਕਹਿਣਾ ਹੈ ਕਿ ਭਾਜਪਾ ਸਾਰੇ ਹੱਦਾਂ ਬੰਨੇ ਪਾਰ ਕਰਦੀ ਜਾ ਰਹੀ ਹੈ। 
ਕਾਂਗਰਸ ਪਾਰਟੀ ਦੀ ਲੁਧਿਆਣਾ ਸ਼ਹਿਰੀ ਇਕਾਈ ਵੀ ਰੋਹ ਵਿੱਚ ਹੈ। ਕਾਂਗਰਸ ਪਾਰਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਕਾਂਗਰਸ ਸ਼ਾਸਨ ਕਾਲ ਦੇ ਵਿੱਚ ਜੇ ਕਿਸੇ ਚੀਜ਼ ਦੀ ਕੀਮਤ ਦੁਆਨੀ-ਚੁਆਨੀ ਵੀ ਵਧਦੀ ਸੀ ਤਾਂ ਭਾਜਪਾ ਵਾਲੇ ਆਲੂਆਂ-ਪਿਆਜ਼ਾਂ ਦਾ ਹਾਰ ਗਲ ਵਿਚ ਲਟਕਾ ਕੇ ਅਤੇ ਸਲੰਡਰ ਗਲੇ ਵਿਚ ਪਾ ਕੇ ਸੜਕਾਂ ਤੇ ਨਿਕਲ ਆਉਂਦੇ ਸਨ। ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਵਾਰ ਮੀਡੀਆ ਵਿੱਚ ਛਪਦੀਆਂ ਰਹੀਆਂ ਹਨ। 
ਹੁਣ ਜਦੋਂ ਕਿ ਮੋਦੀ ਰਾਜ ਵਿੱਚ ਲਗਾਤਾਰ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ ਅਤੇ ਹੁਣ ਉਹੀ ਭਾਜਪਾ ਪਤਾ ਨਹੀਂ ਕਿਹੜੇ ਘੁਰਨਿਆਂ ਅਤੇ ਖੁੱਡਾਂ ਵਿਚ ਵੜੀ ਹੋਈ ਹੈ ਜਿਹੜੀ ਝੱਟ ਸੜਕਾਂ ਤੇ ਨਿਕਲ ਆਉਂਦੀ ਸੀ। ਹੁਣ ਉਸੇ ਭਾਜਪਾ ਨੇ ਬੁੱਲ ਸੀ ਲਏ ਹਨ ਹੁਣ ਲੋਕ ਵਿਰੋਧੀ ਪਾਰਟੀ ਵੱਜੋਂ ਉਭਰ ਕੇ ਸਾਹਮਣੇ ਆ ਰਹੀ ਭਾਜਪਾ  ਮੈਂਬਰਾਂ ਨੇ ਆਪਣੀ ਜ਼ੁਬਾਨ ਨੂੰ ਤਾਲਾ ਮਾਰ ਲਿਆ ਹੈ। ਹੁਣ ਉਹਨਾਂ ਵੱਧ ਰਹੀ ਮਹਨਿਗਾਈ ਤੋਂ ਅੱਖਾਂ ਵੀ ਮੀਚ ਲਈਆਂ ਹਨ ਅਤੇ ਕੰਨ ਵੀ ਬੰਦ ਕਰ ਲੈ ਹਨ। ਮਹਿੰਗਾਈ ਕਰ ਕੁਰਲਾ ਰਹੇ ਲੋਕਾਂ ਦੀ ਕੁਰਲਾਹਟ ਹੁਣ ਭਾਜਪਾ ਵਾਲਿਆਂ ਨੂੰ ਸੁਣਾਈ ਨਹੀਂ ਦੇਂਦੀ। ਕਾਂਗਰਸ ਨਾਲ ਜੁੜੀਆਂ ਕੇਡਰ ਇਸ ਗੱਲੋਂ ਵੀ ਸਖਤ ਨਾਰੇ ਹੈ ਕਿ ਕੈਪਟਨ ਸਰਕਾਰ ਇਹਨਾਂ ਪਰੀ ਸਖਤੀ ਕਿਓਂ ਨਹੀਂ ਵਰਤਦੀ? 
ਕਾਂਗਰਸ ਪਾਰਟੀ ਦੀ ਲੁਧਿਆਣਾ ਇਕਾਈ ਵਿੱਚ ਇੰਪਰੂਵਮੈਂਟ  ਟ੍ਰਸਟ ਨੂੰ ਤਾਲਾ ਮਾਰਨ ਦੀ ਗੱਲ ਦਾ ਤਿੱਖਾ ਵਿਰੋਧ ਜਾਰੀ ਹੈ। ਇਹਨਾਂ ਢੰਗ ਤਰੀਕਿਆਂ ਅਤੇ ਹਰਬਿਆਂ ਦਾ ਵਿਰੋਧ ਕਰਦਿਆਂ ਜ਼ਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਸਭ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਚਾਲ ਹੈ ਜਿਹੜੀ ਭਾਜਪਾ ਦਾ ਪੁਰਾਣ ਹਥਿਆਰ ਰਹੀ ਹੈ। ਕਾਂਗਰਸ ਵਰਕਰਾਂ ਦਾ ਵੀ ਕਹਿਣਾ ਹੈ ਕਿ ਭਾਜਪਾ ਨੇ ਸ਼ਰਮ ਹਯਾ ਘੋਲ ਕੇ ਪੀ ਲਈ ਹੋਈ ਹੈ। 
ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਸਾਰੇ ਮਾਮਲੇ ਦਾ ਵੇਰਵਾ ਦੱਸਦਿਆਂ ਕਿਹਾ ਭਾਜਪਾ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਇੰਪਰੂਵਮੈਂਟ ਟ੍ਰਸਟ ਵੱਲੋਂ ਅਲਗ ਅਲਗ ਸਕੀਮਾਂ ਅਧੀਨ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਵਿਕਰੀ ਪੰਜਾਬ ਮਿਊਂਸਪਲ ਪ੍ਰਾਪਰਟੀ ਐਕਟ-2020 ਅਨੁਸਾਰ ਫਿਕਸ ਕੀਤੀ ਗਈ ਰਿਜ਼ਰਵ ਕੀਮਤ ਅਨੁਸਾਰ ਹੀ ਈ-ਆਕਸ਼ਨ ਕਰ ਕੇ ਵੇਚੀ ਗਈ ਹੈ। 
ਇਹ ਸਭ 16 ਅਗਸਤ 2021 ਨੂੰ ਹੋਇਆ। ਸਰਕਾਰੀ ਅਸੂਲਾਂ ਅਨੁਸਾਰ ਇਸ ਦੀ ਵੱਡੀ ਪੱਧਰ ਤੇ ਇਸ਼ਤਿਹਾਰਬਾਜ਼ੀ ਕਰਕੇ ਸਭ ਕੁਝ ਕੀਤਾ ਗਿਆ। ਅਖਬਾਰਾਂ ਵਿਚ ਤਿੰਨ ਵਾਰ ਇਸ਼ਤਿਹਾਰ ਦਿੱਤੇ ਗਏ। ਰਿਜ਼ਰਵ ਪ੍ਰਾਈਜ਼ ਤੋਂ ਬਹੁਤ ਹੀ ਜ਼ਿਆਦਾ ਕੀਮਤ ਤੇ ਇਹ ਬੋਲੀ ਟੁੱਟੀ। ਇਸ ਵਿੱਚ ਬਾਕਾਇਦਾ ਚਾਰ ਪਾਰਟੀਆਂ ਨੇ ਭਾਗ ਲਿਆ ਸੀ। ਇਹ ਪ੍ਰਾਪਰਟੀ ਰਿਤੇਸ਼ ਪ੍ਰਾਪਰਟੀ ਐਂਡ ਇੰਡਸਟਰੀ ਲਿਮਟਿਡ ਨੂੰ 983836043 ਵਿੱਚ 6 ਫ਼ੀਸਦੀ ਸਾਇੰਸ ਸਹਿਤ ਈ-ਐਕਸ਼ਨ ਰਹਿਣ ਦਿੱਤੀ ਗਈ। ਜਦਕਿ ਰਿਜ਼ਰਵ ਪ੍ਰਾਈਜ਼  918647210 ਰੁਪਏ ਹੀ ਸੀ। ਇਸਦਾ ਰਕਬਾ 16344 ਵਰਗ ਗਜ਼ ਸੀ। ਇਸ ਵਿੱਚੋਂ ਵੀ ਸਿਰਫ 40 ਫ਼ੀਸਦੀ ਹਿੱਸਾ ਹੀ ਤਕਨੀਕੀ ਤੌਰ ਤੇ ਵਰਤਿਆ ਜਾ ਸਕਦਾ ਹੈ। 
ਜੇ ਭਾਜਪਾ ਵਾਲਿਆਂ ਨੂੰ ਇਹ ਕੀਮਤ ਘੱਟ ਲੱਗਦੀ ਹੈ ਤਾਂ ਜਿਹੜੀ ਵੱਧ ਕੀਮਤ ਉਹ ਰੱਖਣਾ ਚਾਹੁੰਦੇ ਹਨ ਉਸਦਾ ਐਡਵਾਂਸ ਡਰਾਫਟ ਬਣਵਾ ਕੇ ਦੇ ਦੇਣ ਇਹ ਈ-ਆਕਸ਼ਨ ਬੀਜੇਪੀ ਦੇ ਨਾਮ ਕਰ ਦਿੱਤੀ ਜਾਵੇਗੀ। ਹੁਣ ਚੋਣਾਂ ਦੇਖ ਕੇ ਭਾਜਪਾ ਨੇ ਜੋ ਕੁਝ ਕਰਨਾ ਸ਼ੁਰੂ ਕੀਤਾ ਹੈ ਉਹ ਕੁਝ ਭਾਜਪਾ ਹਮੇਸ਼ਾਂ ਹੀ ਕਰਦੀ ਆਈ ਹੈ। ਡਰਾਮੇਬਾਜ਼ੀ ਇਹਨਾਂ ਦੀ ਰਵਾਇਤ ਵਿਚ ਸ਼ਾਮਲ ਹੈ। ਨਾ ਇਸ ਲੋਕ ਵਿਰੋਧੀ ਪਾਰਟੀ ਕੋਲ ਲੋਕਾਂ ਦੇ ਭਲੇ ਵਾਲੀ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਕੋਈ ਠੋਸ ਮੁੱਦਾ ਹੈ। 
ਮਹਿੰਗਾਈ ਤੇ ਹਮੇਸ਼ਾਂ ਹੀ ਇਸ ਪਾਰਟੀ ਦੇ ਦੋਗਲੇ ਕਿਰਦਾਰ ਰਹੇ ਹਨ। ਲੋਕਾਂ ਵਿਚ ਬਣੇ ਰਹਿਣ ਲਈ ਅਤੇ ਮੋਦੀ ਸਰਕਾਰ ਦੀ ਮਹਿੰਗਾਈ ਵਰਗੇ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਨੇ ਸਰਕਾਰੀ ਅਦਾਰਿਆਂ ਨੂੰ ਤਾਲੇ ਮਾਰਨ ਵਰਗੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਦਾ ਸਾਥ ਦੇਣਾ ਭਾਜਪਾ ਦੀ ਰਵਾਇਤ ਰਹੀ ਹੈ। ਜਨਤਾ ਦੇ ਹੱਕ ਦੀ ਗੱਲ ਇਹਨਾਂ ਨੂੰ ਕਦੇ ਵੀ ਚੰਗੀ ਨਹੀਂ ਲੱਗੀ। ਕਿਤੇ ਇਹ ਨਾ ਹੋਵੇ ਕਿ ਸੱਤੇ ਹੋਏ ਲੋਕ ਉੱਠ ਕੇ ਭਾਜਪਾ ਦਫਤਰਾਂ ਨੂੰ ਤਾਲੇ ਮਾਰਨੇ ਸ਼ੁਰੂ ਕਰ ਦੇਣ। 
ਹੁਣ ਕਿਸਾਨ ਸੜਕਾਂ ਤੇ ਰੁਲ ਰਹੇ ਹਨ, ਮਰ ਰਹੇ ਹਨ ਪਰ ਪੱਥਰਦਿਲ ਭਾਜਪਾ ਦਾ ਦਿਲ ਨਹੀਂ ਪਿਘਲਿਆ। ਪੈਟਰੋਲ, ਡੀਜ਼ਲ, ਗੈਸ, ਸਰੋਂ ਦਾ ਤੇਲ ਅਤੇ ਹੋਰ ਲੁੜੀਂਦੀਆਂ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਪਰ ਭਾਜਪਾ ਨੇ ਇਹਨਾਂ ਮੁੱਦਿਆਂ ਤੇ ਆਪਣੇ ਮੂੰਹ ਸੀਤੇ ਹੋਏ ਹਨ। ਇੱਕ ਵਾਰ ਵੀ ਕੋਈ ਮੁਜ਼ਾਹਰਾ ਨਹੀਂ ਕੀਤਾ ਇਹਨਾਂ ਨੇ। ਮਹਿੰਗਾਈ ਦੇ ਖਿਲਾਫ ਕੋਈ ਬਿਆਨ ਤੱਕ ਨਹੀਂ ਨਹੀਂ ਦਿੱਤਾ ਇਸ ਪਾਰਟੀ ਨੇ। ਕਾਰਪੋਰੇਟਾਂ ਦੀ ਗੁਲਾਮੀ ਕਰਨ ਵਾਲੀ ਪਾਰਟੀ  ਭਾਜਪਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਨਿੱਤ ਦਿਨ ਡਰਾਮੇ ਕਰ ਰਹੀ ਹੈ। ਇਸੇ ਲਈ ਭਾਜਪਾ ਦੇ ਦਿੱਗਜ ਵੀ ਪਾਰਟੀ ਨੂੰ ਛੱਡ ਰਹੇ ਹਨ। ਅੱਜ ਦੀ ਇਸ ਪ੍ਰੈਸ  ਕਾਨਫਰੰਸ ਵਾਲੀ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਆਗੂ ਕੰਵਰ ਹਰਪ੍ਰੀਤ ਸਿੰਘ, ਵਿਨੋਦ ਭਾਰਤੀ, ਵੀ ਕੇ ਅਰੋੜਾ, ਸੁਰਿੰਦਰ ਸ਼ਰਮਾ, ਕੋਮਲ ਖੰਨਾ ਅਤੇ ਪ੍ਰਦੀਪ ਕੁਮਾਰ ਵੀ ਮੌਜੂਦ ਸਨ। 
ਹੁਣ ਦੇਖਣਾ ਹੈ ਕਿ ਕਾਂਗਰਸ ਪਾਰਟੀ ਜ਼ਿਲਾ ਲੁਧਿਆਣਾ ਦੇ ਮੈਂਬਰਾਂ ਦਾ ਇਹ ਰੋਹ ਭਾਜਪਾ ਵਿਰੁੱਧ ਲੋਕਾਂ ਦੀ ਲਾਮਬੰਦੀ ਨੂੰ ਤੇਜ਼ ਕਰਨ ਲਈ ਸਹਾਇਕ ਹੁੰਦਾ ਹੈ ਜਾਂ ਇਥੇ ਹੀ ਦੱਬ ਜਾਂਦਾ ਹੈ। 

Wednesday, 25 August 2021

ਬਿਰਧ ਆਸ਼ਰਮ ਸਮੇਂ ਦੀ ਲੋੜ ਕਿਓਂ ਬਣਦਾ ਜਾ ਰਿਹੈ?

25th August 2021 at  8:16 AM
ਲੋਕ ਮੁੱਦਿਆਂ 'ਤੇ ਲਿਖਣ ਵਾਲੀ ਪ੍ਰਭਜੋਤ ਕੌਰ ਢਿੱਲੋਂ ਨੇ ਉਠਾਏ ਕਈ ਨੁਕਤੇ   
ਇਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀ ਸੰਭਾਲ ਵੀ ਜੇ ਨਾ ਕੀਤੀ ਜਾ ਸਕੇ ਤਾਂ ਕਿੰਨੀ ਮਾੜੀ ਗੱਲ 

 ਮੋਹਾਲੀ: 25 ਅਗਸਤ 2021: (ਪ੍ਰਭਜੋਤ ਕੌਰ ਢਿੱਲੋਂ//ਮੋਹਾਲੀ ਸਕਰੀਨ//ਲੋਕ ਮੀਡੀਆ ਮੰਚ)::

ਪ੍ਰਭਜੋਤ ਕੌਰ ਢਿੱਲੋਂ 

ਸਮਾਂ ਬਦਲਦਾ ਹੈ ਤਾਂ ਬਹੁਤ ਕੁੱਝ ਬਦਲਦਾ ਹੈ ਅਤੇ ਬਦਲਣਾ ਵੀ ਚਾਹੀਦਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਉਹ ਚਾਹੇ ਚੰਗਾ ਹੋਏ ਜਾਂ ਮਾੜਾ।ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਬਿਰਧ ਆਸ਼ਰਮ ਸਾਡੇ ਸਮਾਜ ਦਾ ਹਿੱਸਾ ਨਹੀਂ ਹਨ। ਪਰ ਜਿਵੇਂ ਮਾਪਿਆਂ ਨਾਲ ਘਰਾਂ ਵਿੱਚ ਬਦਸਲੂਕੀ ਹੋ ਰਹੀ ਹੈ ਅਤੇ ਮਾਪਿਆਂ ਨੂੰ ਸੜਕਾਂ ਤੇ ਰੁੱਲਣਾ ਲਈ ਛੱਡ ਦਿੱਤਾ ਜਾਂਦਾ ਹੈ,ਉਸ ਲਈ ਮਾਣਯੋਗ ਅਦਾਲਤਾਂ ਅਤੇ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਸੀਨੀਅਰ ਸਿਟੀਜ਼ਨ ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਅਤੇ ਇਸਨੂੰ ਲਾਗੂ ਕਰਨਾ ਇਸਤੋਂ ਵੀ ਵਧੇਰੇ ਜ਼ਰੂਰੀ ਹੈ। ਇੱਕ ਨਵੇਂ ਮਾਮਲੇ ਤੋਂ ਪਤਾ ਲੱਗਿਆ ਕਿ 23 ਅਗਸਤ 2021 ਨੂੰ ਬਜ਼ੁਰਗ ਮਾਪਿਆਂ ਨੂੰ ਦਿੱਲੀ ਦੀ ਇੱਕ ਸੜਕ ਤੇ ਧੱਕੇ ਖਾਣ ਲਈ ਪੁੱਤ ਛੱਡ ਗਿਆ। ਸੋਸ਼ਲ ਮੀਡੀਆ ਤੇ ਲਾਈਵ ਹੋਕੇ ਇਕ ਸੰਸਥਾ ਵਲੋਂ ਇਹ ਵਿਖਾਇਆ ਗਿਆ। ਪੁੱਤ ਨੇ ਸਾਰੀ ਜਾਇਦਾਦ ਲਈ, ਇਸ ਕਰਕੇ ਧੀਆਂ ਨੇ ਸੰਭਾਲਣ ਤੋਂ ਜਵਾਬ ਦੇ ਦਿੱਤਾ। ਅਖੀਰ ਭੈਣ ਦੇ ਘਰ ਉਨਾਂ ਨੂੰ ਛੱਡਿਆ ਗਿਆ। 

ਅਸਲ ਵਿੱਚ ਮਾਪੇ ਜੇਕਰ ਔਲਾਦ ਨੂੰ ਜਾਇਦਾਦ ਨਹੀਂ ਦਿੰਦੇ ਤਾਂ ਵੀ ਜੋ ਹਾਲਤ ਉਨ੍ਹਾਂ ਦੀ ਘਰ ਵਿੱਚ ਹੁੰਦੀ ਹੈ, ਉਹ ਹੀ ਜਾਣਦੇ ਹਨ। ਜੇਕਰ ਦਿੰਦੇ ਹਨ ਤਾਂ ਹਾਲਤ ਸੜਕ ਵਾਲੀ ਹੋ ਜਾਂਦੀ ਹੈ। ਮਾਪੇ ਸ਼ਰਮ ਦੇ ਮਾਰੇ ਚੁੱਪ ਰਹਿੰਦੇ ਹਨ ਅਤੇ ਬਰਦਾਸ਼ਤ ਕਰਦੇ ਹਨ। ਨੂੰਹਾਂ ਨੂੰ ਤਾਂ ਉਨ੍ਹਾਂ ਦੀ ਫੋਨ ਤੇ ਗੱਲ ਕਰਨੀ ਵੀ ਹਜ਼ਮ ਨਹੀਂ ਹੁੰਦੀ। ਬਜ਼ੁਰਗ ਆਪਣੀ ਹਾਲਤ ਕਿਸੇ ਨੂੰ ਨਹੀਂ ਦੱਸ ਸਕਦੇ। ਘਰ ਦਾ ਪਿਆਰ ਬਹੁਤ ਤੰਗ ਕਰਦਾ ਹੈ, ਸਾਰੀ ਉਮਰ ਦੀ ਕਮਾਈ ਲੱਗੀ ਹੁੰਦੀ ਹੈ। ਜੇਕਰ ਪੁੱਤ ਕੁੱਝ ਨਹੀਂ ਕਹਿੰਦਾ ਤਾਂ ਨੂੰਹਾਂ ਆਪ ਉਹ ਕੁੱਝ ਕਹਿੰਦੀਆਂ ਹਨ ਜਿਹੜਾ ਸੁਣਿਆ ਨਹੀਂ ਜਾ ਸਕਦਾ।  ਜੇਕਰ ਮਾਪੇ ਜਵਾਬ ਦੇਣ ਤਾਂ ਫੇਰ ਨੂੰਹਾਂ ਨੂੰ  ਤੰਗ ਕਰਨ ਦੀ ਗੱਲ ਹੋਣ ਲੱਗਦੀ ਹੈ। ਅਜਿਹੀ ਔਲਾਦ ਕਿਸੇ ਵੀ ਤਰ੍ਹਾਂ ਮਾਪਿਆਂ ਦੀ ਜਾਇਦਾਦ ਦੀ ਹੱਕਦਾਰ ਨਹੀਂ ਹੈ।

ਜੇਕਰ ਨੂੰਹਾਂ ਪੁੱਤ ਬਜ਼ੁਰਗਾਂ ਨੂੰ ਤੰਗ ਕਰਦੇ ਹਨ ਤਾਂ ਸੀਨੀਅਰ ਸਿਟੀਜ਼ਨ ਐਕਟ ਅਧੀਨ ਕਾਰਵਾਈ ਕਰਕੇ ਨੂੰਹਾਂ ਪੁੱਤਾਂ ਤੋਂ ਘਰ ਖਾਲੀ ਕਰਵਾਇਆ ਜਾਵੇ।ਜੇਕਰ ਆਮਦਨ ਨਹੀਂ ਹੈ ਤਾਂ ਪੁੱਤ ਕੋਲੋਂ ਖਰਚਾ ਦਵਾਇਆ ਜਾਵੇ।ਬਿਰਧ ਆਸ਼ਰਮ ਸਮਾਜ ਦਾ ਹਿੱਸਾ ਬਣਨ ਵਾਲੀ ਹਾਲਤ ਬਣ ਰਹੀ ਹੈ।ਸਰਕਾਰਾਂ ਨੂੰ ਸਮਾਜ ਦੇ ਹਰ ਵਰਗ ਦੀ ਆਮਦਨ ਦੇ ਹਿਸਾਬ ਨਾਲ਼ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ।ਜੇਕਰ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਤਾਂ ਉਸਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।
ਜਿੰਨੀ ਦੇਰ ਬਜ਼ੁਰਗ ਜਿਊਂਦੇ ਹਨ,ਉਨ੍ਹਾਂ ਦੀ ਜਾਇਦਾਦ ਤੇ ਕਿਸੇ ਦਾ ਹੱਕ ਨਹੀਂ ਹੈ।ਠੀਕ ਹੈ ਨੂੰਹਾਂ ਦਾ ਵੀ ਹੱਕ ਹੈ ਪਰ ਜਿੰਨਾਂ ਨੇ ਉਸ ਘਰ ਨੂੰ ਬਣਾਉਣ ਜਾਂ ਬੇਟੇ ਨੂੰ ਪੈਰਾਂ ਤੇ ਖੜ੍ਹੇ ਕਰਨ ਲਈ ਮਿਹਨਤ ਅਤੇ ਕੁਰਬਾਨੀਆਂ ਕੀਤੀਆਂ,ਉਨ੍ਹਾਂ ਨੂੰ ਘਰਾਂ ਵਿੱਚ ਬੇਇਜ਼ਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।ਘਰ ਵਿੱਚ ਮਾਪਿਆਂ ਨਾਲ ਕੋਈ ਗੱਲ ਨਹੀਂ ਕਰਦਾ,ਉਹ ਇਕੱਲੇ ਬੈਠੇ ਨੂਰ ਦੇ ਰਹਿੰਦੇ ਹਨ।ਘਰ ਵਿੱਚ ਘੁੰਮਣ ਤੇ ਜਾਂ ਕਿਸੇ ਨਾਲ ਗੱਲ ਕਰਨਾ ਵੀ ਹਜ਼ਮ ਨਹੀਂ ਹੁੰਦਾ।ਜੇਕਰ ਇਵੇਂ ਦੇ ਹਾਲਾਤ ਹਨ ਤਾਂ ਫੇਰ ਬਿਰਧ ਆਸ਼ਰਮ ਕੁੱਝ ਤਾਂ ਰਾਹਤ ਦੇਣਗੇ।ਜਿਵੇਂ ਦੇ ਹਾਲਾਤ ਹਨ ਸਮਾਜ ਨੂੰ ਬਿਰਧ ਆਸ਼ਰਮਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ ਅਤੇ ਸਮੇਂ ਦੀ ਮੰਗ ਵੀ ਹੈ।   

ਬਿਰਧ ਆਸ਼ਰਮ ਕਿਸੇ ਸਮਾਜ ਲਈ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਹੁੰਦੀਂ। ਕੀ ਸਾਰੇ ਮਸਲੇ ਨੂੰ ਨਵੇਂ ਸਿਰਿਓਂ ਨਹੀਂ ਸੋਚਿਆ ਜਾਣਾ ਚਾਹੀਦਾ? ਮਾਪੇ ਆਪਣੀ ਉਮਰ ਭਰ ਦੀ ਸਾਰੀ ਕਮਾਈ ਔਲਾਦ ਦੇ ਹਵਾਲੇ ਕਿਓਂ ਕਰਨ? ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਕਰਨਾ ਸੀ ਉਹ ਕਰ ਦਿੱਤਾ ਹੁਣ ਸਾਰੀ ਸੰਪਤੀ ਕਿਓਂ ਦਿੱਤੀ ਜਾਵੇ?

ਚਾਰ ਪੈਸੇ ਕੋਲ ਬਚੇ ਹੋਣ ਤਾਂ ਬਹੁਤ ਸਾਰੀਆਂ ਔਕੜਾਂ ਦੂਰ ਹੋਈ ਜਾਂਦੀਆਂ ਹਨ। ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਜੇ ਔਲਾਦ ਨਾਲਾਇਕ ਹੈ ਤਾਂ ਅਜਿਹੀ ਔਲਾਦ ਨੂੰ ਦੇਣ ਨਾਲੋਂ ਤਾਂ ਸਮਾਜ ਦੇ ਭਲੇ ਹਿੱਟ ਕਿਸੇ ਸੰਸਥਾ ਨੂੰ ਦੇਣਾ ਜ਼ਿਆਦਾ ਚੰਗਾ ਹੋ ਸਕਦਾ ਹੈ?

ਇਸਦੇ ਨਾਲ ਹੀ ਨੂੰਹਾਂ ਪੁੱਤਰਾਂ ਲਈ ਬਜ਼ੁਰਗਾਂ ਦੀ ਸੰਭਾਲ ਦੇ ਸਾਰੇ ਛੋਟੇ ਵੱਡੇ ਨਿਯਮ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸਦੇ ਜਾਣਕਾਰੀ ਹਰ ਘਰ ਤੱਕ ਪਹੁੰਚਾਈ ਜਾਣੀ ਚਾਹੀਦੈ ਹੈ। ਬਜ਼ੁਰਗਾਂ ਲਈ ਇੱਕ ਵੱਖਰਾ ਹੈਲਪ ਲਾਈਨ ਨੰਬਰ ਇਸ ਮਕਸਦ ਲਈ ਹੋਣਾ ਚਾਹੀਦਾ ਹੈ। ਬਜ਼ੁਰਗਾਂ ਦੀ ਸੰਭਾਲ ਧਾਰਮਿਕ ਸੰਸਥਾਵਾਂ ਨੂੰ ਆਪਣੇ ਬੇਸ਼ੁਮਾਰ ਦਾਨ ਵਿੱਚ ਥੋੜਾ ਬਹੁਤ ਫ਼ੰਡ ਖਰਚਿਆ ਜਾਣਾ ਚਾਹੀਦਾ ਹੈ। 

ਸਿਆਸੀ ਪਾਰਟੀਆਂ ਨੂੰ ਇਸ ਸਬੰਧੀ ਵੀ ਆਪਣੇ ਮੈਨੀਫੈਸਟੋ ਵਿੱਚ ਆਪਣੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ। 

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
 

Monday, 23 August 2021

ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤ ਬਣੇ ਚਿੰਤਾ ਦਾ ਵਿਸ਼ਾ

 Monday 23rd August at 03:54 PM

ਇਹਨਾਂ ਚਿੰਤਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ ਪ੍ਰੋ. ਦਿਨੇਸ਼ ਸ਼ਾਰਦਾ 
ਇਹ ਫੋਟੋ ਯੂਨਾਈਟਿਡ ਸਟੇਟਸ ਪੀਸ ਇੰਸੀਚਿਊਟ ਦੇ ਧੰਨਵਾਦ ਸਹਿਤ 

ਲੁਧਿਆਣਾ: 23 ਅਗਸਤ 2021: (*ਦਿਨੇਸ਼ ਸ਼ਾਰਦਾ//ਲੋਕ ਮੀਡੀਆ ਮੰਚ)::

ਅੱਜ ਜਦੋਂ ਅਸੀਂ ਭਾਰਤਵਾਸੀ ਰੱਖੜੀ ਦਾ ਪਵਿੱਤਰ ਤਿਉਹਾਰ ਮਨਾ ਰਹੇ ਹਾਂ ਉਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਦੇ ਸੱਤਾ ਵਿੱਚ ਆਉਣ ਨਾਲ ਉਥੋਂ ਦੇ ਨਾਗਰਿਕਾਂ ਦੇ ਹਾਲਾਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਤਾਲਿਬਾਨ ਸ਼ਾਸ਼ਨ ਵਿੱਚ ਔਰਤਾਂ, ਬੱਚਿਆਂ, ਆਮ ਜਨਤਾ ਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਪੂਰੇ ਵਿਸ਼ਵ ਨੂੰ ਇਕਜੁੱਟ ਹੋ ਕੇ ਕਦਮ ਚੁੱਕਣ ਦੀ ਜਰੂਰਤ ਹੈ। ਅੱਜ ਤੋਂ ਲਗਭਗ ਵੀਹ ਸਾਲ ਪਹਿਲਾਂ ਤਾਲਿਬਾਨ ਹਕੂਮਤ ਨੂੰ ਸੱਤਾ ਤੋਂ ਉਖੜਿਆ ਗਿਆ ਸੀ ਅਤੇ ਅੱਜ ਦੇ ਸਮੇਂ ਵਿੱਚ ਤਾਲਿਬਾਨ ਬੰਦੂਕ ਦੀ ਨੋਕ ਤੇ ਅਫਗਾਨਿਸਤਾਨ ਦੀ ਸੱਤਾ ਤੇ ਦੁਬਾਰਾ ਬਿਰਾਜਮਾਨ ਹੋ ਰਿਹਾ ਹੈ। ਪ੍ਰਸ਼ਨ ਇਹ ਹੈ ਕਿ ਵਿਸ਼ਵ ਨੇ ਜੇ ਤਾਲਿਬਾਨ ਦੇ ਸ਼ਾਸ਼ਨ ਨੂੰ ਹੀ ਮੰਜੂਰ ਕਰਨਾ ਸੀ ਤਾਂ ਵੀਹ ਸਾਲ ਪਹਿਲਾਂ ਉਸ ਨੂੰ ਸੱਤਾ ਤੋਂ ਵਾਂਝਿਆਂ ਹੀ ਕਿਉਂ ਕੀਤਾ ਗਿਆ। ਕੀ ਤਾਲਿਬਾਨ ਸ਼ਾਸ਼ਨ ਵਿੱਚ ਅਫਗਾਨ ਨਾਗਰਿਕਾਂ ਦੇ ਅਧਿਕਾਰ ਸੁਰਖਿਅਤ ਹੋ ਸਕਦੇ ਹਨ? ਜਿਸ ਤਰ੍ਹਾਂ ਤਾਲਿਬਾਨ ਅਫਗਾਨਿਸਤਾਨ ਵਿੱਚ ਕੱਟੜਤਾ ਫੈਲਾ ਰਿਹਾ ਹੈ ਤਾਂ ਕੀ ਅਜਿਹੇ ਵਾਤਾਵਰਣ ਵਿਚ ਆਮ ਲੋਕਾਂ ਦਾ ਮਾਨਸਿਕ, ਸਰੀਰਕ ਅਤੇ ਅਧਿਆਤਮਕ ਵਿਕਾਸ ਹੋ ਸਕਦਾ ਹੈ?  

ਅਫਗਾਨਿਸਤਾਨ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਅੰਤ ਹੋ ਗਿਆ ਹੈ। ਸਹੀ ਸ਼ਬਦਾਂ ਵਿੱਚ ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਹੱਤਿਆ ਹੋਈ ਹੈ। ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸਾਰੇ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਅਫਗਾਨ ਨਾਗਰਿਕਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਫਗਾਨਿਸਤਾਨ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ  ਆਪ ਜੀ ਦੇ ਪ੍ਰਸਿੱਧ ਅਤੇ ਜ਼ਿੰਮੇਵਾਰ  ਨਿਊਜ਼ ਚੈਨਲ  ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਫਗਾਨਿਸਤਾਨ ਵਿੱਚ ਬਦਲਦੇ ਹੋਏ ਹਲਾਤਾਂ ਤੇ ਪੂਰੀ ਨਜਰ ਰੱਖੀ ਜਾਵੇ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

ਦਿਨੇਸ਼ ਸ਼ਾਰਦਾ ਪਬਲਿਕ ਐਡਮਨਿਸਟਰੇਸ਼ਨ ਦੇ ਨਾਲ ਸਬੰਧਤ ਪ੍ਰੋਫੈਸਰ ਹਨ। ਜੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਚਾਹੋ ਤਾਂ ਉਹਨਾਂ ਦੇ ਸੰਪਰਕ ਨੰਬਰ ਹਨ:+91 98550 83264//‎+91 70097 51929

ਨੋਟ: ਇਹ ਲੇਖਕ ਦੇ ਨਿਜੀ ਵਿਚਾਰ ਹਨ। ਸੰਪਾਦਕ ਦਾ ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।