25th August 2021 at 8:16 AM
ਲੋਕ ਮੁੱਦਿਆਂ 'ਤੇ ਲਿਖਣ ਵਾਲੀ ਪ੍ਰਭਜੋਤ ਕੌਰ ਢਿੱਲੋਂ ਨੇ ਉਠਾਏ ਕਈ ਨੁਕਤੇ
![]() |
ਇਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀ ਸੰਭਾਲ ਵੀ ਜੇ ਨਾ ਕੀਤੀ ਜਾ ਸਕੇ ਤਾਂ ਕਿੰਨੀ ਮਾੜੀ ਗੱਲ |
ਮੋਹਾਲੀ: 25 ਅਗਸਤ 2021: (ਪ੍ਰਭਜੋਤ ਕੌਰ ਢਿੱਲੋਂ//ਮੋਹਾਲੀ ਸਕਰੀਨ//ਲੋਕ ਮੀਡੀਆ ਮੰਚ)::
![]() |
ਪ੍ਰਭਜੋਤ ਕੌਰ ਢਿੱਲੋਂ |
ਸਮਾਂ ਬਦਲਦਾ ਹੈ ਤਾਂ ਬਹੁਤ ਕੁੱਝ ਬਦਲਦਾ ਹੈ ਅਤੇ ਬਦਲਣਾ ਵੀ ਚਾਹੀਦਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਉਹ ਚਾਹੇ ਚੰਗਾ ਹੋਏ ਜਾਂ ਮਾੜਾ।ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਬਿਰਧ ਆਸ਼ਰਮ ਸਾਡੇ ਸਮਾਜ ਦਾ ਹਿੱਸਾ ਨਹੀਂ ਹਨ। ਪਰ ਜਿਵੇਂ ਮਾਪਿਆਂ ਨਾਲ ਘਰਾਂ ਵਿੱਚ ਬਦਸਲੂਕੀ ਹੋ ਰਹੀ ਹੈ ਅਤੇ ਮਾਪਿਆਂ ਨੂੰ ਸੜਕਾਂ ਤੇ ਰੁੱਲਣਾ ਲਈ ਛੱਡ ਦਿੱਤਾ ਜਾਂਦਾ ਹੈ,ਉਸ ਲਈ ਮਾਣਯੋਗ ਅਦਾਲਤਾਂ ਅਤੇ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਸੀਨੀਅਰ ਸਿਟੀਜ਼ਨ ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਅਤੇ ਇਸਨੂੰ ਲਾਗੂ ਕਰਨਾ ਇਸਤੋਂ ਵੀ ਵਧੇਰੇ ਜ਼ਰੂਰੀ ਹੈ। ਇੱਕ ਨਵੇਂ ਮਾਮਲੇ ਤੋਂ ਪਤਾ ਲੱਗਿਆ ਕਿ 23 ਅਗਸਤ 2021 ਨੂੰ ਬਜ਼ੁਰਗ ਮਾਪਿਆਂ ਨੂੰ ਦਿੱਲੀ ਦੀ ਇੱਕ ਸੜਕ ਤੇ ਧੱਕੇ ਖਾਣ ਲਈ ਪੁੱਤ ਛੱਡ ਗਿਆ। ਸੋਸ਼ਲ ਮੀਡੀਆ ਤੇ ਲਾਈਵ ਹੋਕੇ ਇਕ ਸੰਸਥਾ ਵਲੋਂ ਇਹ ਵਿਖਾਇਆ ਗਿਆ। ਪੁੱਤ ਨੇ ਸਾਰੀ ਜਾਇਦਾਦ ਲਈ, ਇਸ ਕਰਕੇ ਧੀਆਂ ਨੇ ਸੰਭਾਲਣ ਤੋਂ ਜਵਾਬ ਦੇ ਦਿੱਤਾ। ਅਖੀਰ ਭੈਣ ਦੇ ਘਰ ਉਨਾਂ ਨੂੰ ਛੱਡਿਆ ਗਿਆ।
ਅਸਲ ਵਿੱਚ ਮਾਪੇ ਜੇਕਰ ਔਲਾਦ ਨੂੰ ਜਾਇਦਾਦ ਨਹੀਂ ਦਿੰਦੇ ਤਾਂ ਵੀ ਜੋ ਹਾਲਤ ਉਨ੍ਹਾਂ ਦੀ ਘਰ ਵਿੱਚ ਹੁੰਦੀ ਹੈ, ਉਹ ਹੀ ਜਾਣਦੇ ਹਨ। ਜੇਕਰ ਦਿੰਦੇ ਹਨ ਤਾਂ ਹਾਲਤ ਸੜਕ ਵਾਲੀ ਹੋ ਜਾਂਦੀ ਹੈ। ਮਾਪੇ ਸ਼ਰਮ ਦੇ ਮਾਰੇ ਚੁੱਪ ਰਹਿੰਦੇ ਹਨ ਅਤੇ ਬਰਦਾਸ਼ਤ ਕਰਦੇ ਹਨ। ਨੂੰਹਾਂ ਨੂੰ ਤਾਂ ਉਨ੍ਹਾਂ ਦੀ ਫੋਨ ਤੇ ਗੱਲ ਕਰਨੀ ਵੀ ਹਜ਼ਮ ਨਹੀਂ ਹੁੰਦੀ। ਬਜ਼ੁਰਗ ਆਪਣੀ ਹਾਲਤ ਕਿਸੇ ਨੂੰ ਨਹੀਂ ਦੱਸ ਸਕਦੇ। ਘਰ ਦਾ ਪਿਆਰ ਬਹੁਤ ਤੰਗ ਕਰਦਾ ਹੈ, ਸਾਰੀ ਉਮਰ ਦੀ ਕਮਾਈ ਲੱਗੀ ਹੁੰਦੀ ਹੈ। ਜੇਕਰ ਪੁੱਤ ਕੁੱਝ ਨਹੀਂ ਕਹਿੰਦਾ ਤਾਂ ਨੂੰਹਾਂ ਆਪ ਉਹ ਕੁੱਝ ਕਹਿੰਦੀਆਂ ਹਨ ਜਿਹੜਾ ਸੁਣਿਆ ਨਹੀਂ ਜਾ ਸਕਦਾ। ਜੇਕਰ ਮਾਪੇ ਜਵਾਬ ਦੇਣ ਤਾਂ ਫੇਰ ਨੂੰਹਾਂ ਨੂੰ ਤੰਗ ਕਰਨ ਦੀ ਗੱਲ ਹੋਣ ਲੱਗਦੀ ਹੈ। ਅਜਿਹੀ ਔਲਾਦ ਕਿਸੇ ਵੀ ਤਰ੍ਹਾਂ ਮਾਪਿਆਂ ਦੀ ਜਾਇਦਾਦ ਦੀ ਹੱਕਦਾਰ ਨਹੀਂ ਹੈ।
ਜੇਕਰ ਨੂੰਹਾਂ ਪੁੱਤ ਬਜ਼ੁਰਗਾਂ ਨੂੰ ਤੰਗ ਕਰਦੇ ਹਨ ਤਾਂ ਸੀਨੀਅਰ ਸਿਟੀਜ਼ਨ ਐਕਟ ਅਧੀਨ ਕਾਰਵਾਈ ਕਰਕੇ ਨੂੰਹਾਂ ਪੁੱਤਾਂ ਤੋਂ ਘਰ ਖਾਲੀ ਕਰਵਾਇਆ ਜਾਵੇ।ਜੇਕਰ ਆਮਦਨ ਨਹੀਂ ਹੈ ਤਾਂ ਪੁੱਤ ਕੋਲੋਂ ਖਰਚਾ ਦਵਾਇਆ ਜਾਵੇ।ਬਿਰਧ ਆਸ਼ਰਮ ਸਮਾਜ ਦਾ ਹਿੱਸਾ ਬਣਨ ਵਾਲੀ ਹਾਲਤ ਬਣ ਰਹੀ ਹੈ।ਸਰਕਾਰਾਂ ਨੂੰ ਸਮਾਜ ਦੇ ਹਰ ਵਰਗ ਦੀ ਆਮਦਨ ਦੇ ਹਿਸਾਬ ਨਾਲ਼ ਬਿਰਧ ਆਸ਼ਰਮ ਬਣਾਉਣੇ ਚਾਹੀਦੇ ਹਨ।ਜੇਕਰ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਤਾਂ ਉਸਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।
ਜਿੰਨੀ ਦੇਰ ਬਜ਼ੁਰਗ ਜਿਊਂਦੇ ਹਨ,ਉਨ੍ਹਾਂ ਦੀ ਜਾਇਦਾਦ ਤੇ ਕਿਸੇ ਦਾ ਹੱਕ ਨਹੀਂ ਹੈ।ਠੀਕ ਹੈ ਨੂੰਹਾਂ ਦਾ ਵੀ ਹੱਕ ਹੈ ਪਰ ਜਿੰਨਾਂ ਨੇ ਉਸ ਘਰ ਨੂੰ ਬਣਾਉਣ ਜਾਂ ਬੇਟੇ ਨੂੰ ਪੈਰਾਂ ਤੇ ਖੜ੍ਹੇ ਕਰਨ ਲਈ ਮਿਹਨਤ ਅਤੇ ਕੁਰਬਾਨੀਆਂ ਕੀਤੀਆਂ,ਉਨ੍ਹਾਂ ਨੂੰ ਘਰਾਂ ਵਿੱਚ ਬੇਇਜ਼ਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।ਘਰ ਵਿੱਚ ਮਾਪਿਆਂ ਨਾਲ ਕੋਈ ਗੱਲ ਨਹੀਂ ਕਰਦਾ,ਉਹ ਇਕੱਲੇ ਬੈਠੇ ਨੂਰ ਦੇ ਰਹਿੰਦੇ ਹਨ।ਘਰ ਵਿੱਚ ਘੁੰਮਣ ਤੇ ਜਾਂ ਕਿਸੇ ਨਾਲ ਗੱਲ ਕਰਨਾ ਵੀ ਹਜ਼ਮ ਨਹੀਂ ਹੁੰਦਾ।ਜੇਕਰ ਇਵੇਂ ਦੇ ਹਾਲਾਤ ਹਨ ਤਾਂ ਫੇਰ ਬਿਰਧ ਆਸ਼ਰਮ ਕੁੱਝ ਤਾਂ ਰਾਹਤ ਦੇਣਗੇ।ਜਿਵੇਂ ਦੇ ਹਾਲਾਤ ਹਨ ਸਮਾਜ ਨੂੰ ਬਿਰਧ ਆਸ਼ਰਮਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ ਅਤੇ ਸਮੇਂ ਦੀ ਮੰਗ ਵੀ ਹੈ।
ਬਿਰਧ ਆਸ਼ਰਮ ਕਿਸੇ ਸਮਾਜ ਲਈ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਹੁੰਦੀਂ। ਕੀ ਸਾਰੇ ਮਸਲੇ ਨੂੰ ਨਵੇਂ ਸਿਰਿਓਂ ਨਹੀਂ ਸੋਚਿਆ ਜਾਣਾ ਚਾਹੀਦਾ? ਮਾਪੇ ਆਪਣੀ ਉਮਰ ਭਰ ਦੀ ਸਾਰੀ ਕਮਾਈ ਔਲਾਦ ਦੇ ਹਵਾਲੇ ਕਿਓਂ ਕਰਨ? ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਕਰਨਾ ਸੀ ਉਹ ਕਰ ਦਿੱਤਾ ਹੁਣ ਸਾਰੀ ਸੰਪਤੀ ਕਿਓਂ ਦਿੱਤੀ ਜਾਵੇ?
ਚਾਰ ਪੈਸੇ ਕੋਲ ਬਚੇ ਹੋਣ ਤਾਂ ਬਹੁਤ ਸਾਰੀਆਂ ਔਕੜਾਂ ਦੂਰ ਹੋਈ ਜਾਂਦੀਆਂ ਹਨ। ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਜੇ ਔਲਾਦ ਨਾਲਾਇਕ ਹੈ ਤਾਂ ਅਜਿਹੀ ਔਲਾਦ ਨੂੰ ਦੇਣ ਨਾਲੋਂ ਤਾਂ ਸਮਾਜ ਦੇ ਭਲੇ ਹਿੱਟ ਕਿਸੇ ਸੰਸਥਾ ਨੂੰ ਦੇਣਾ ਜ਼ਿਆਦਾ ਚੰਗਾ ਹੋ ਸਕਦਾ ਹੈ?
ਇਸਦੇ ਨਾਲ ਹੀ ਨੂੰਹਾਂ ਪੁੱਤਰਾਂ ਲਈ ਬਜ਼ੁਰਗਾਂ ਦੀ ਸੰਭਾਲ ਦੇ ਸਾਰੇ ਛੋਟੇ ਵੱਡੇ ਨਿਯਮ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸਦੇ ਜਾਣਕਾਰੀ ਹਰ ਘਰ ਤੱਕ ਪਹੁੰਚਾਈ ਜਾਣੀ ਚਾਹੀਦੈ ਹੈ। ਬਜ਼ੁਰਗਾਂ ਲਈ ਇੱਕ ਵੱਖਰਾ ਹੈਲਪ ਲਾਈਨ ਨੰਬਰ ਇਸ ਮਕਸਦ ਲਈ ਹੋਣਾ ਚਾਹੀਦਾ ਹੈ। ਬਜ਼ੁਰਗਾਂ ਦੀ ਸੰਭਾਲ ਧਾਰਮਿਕ ਸੰਸਥਾਵਾਂ ਨੂੰ ਆਪਣੇ ਬੇਸ਼ੁਮਾਰ ਦਾਨ ਵਿੱਚ ਥੋੜਾ ਬਹੁਤ ਫ਼ੰਡ ਖਰਚਿਆ ਜਾਣਾ ਚਾਹੀਦਾ ਹੈ।
ਸਿਆਸੀ ਪਾਰਟੀਆਂ ਨੂੰ ਇਸ ਸਬੰਧੀ ਵੀ ਆਪਣੇ ਮੈਨੀਫੈਸਟੋ ਵਿੱਚ ਆਪਣੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
No comments:
Post a Comment