Saturday 18 February 2023

ਮੀਡੀਆ ਦੀ ਆਜ਼ਾਦੀ ਦੇ ਹੱਕ ਵਿੱਚ ਲਗਾਤਾਰ ਵੱਧ ਰਹੀ ਹੈ ਮੀਡੀਆ ਏਕਤਾ

Saturday 18th February 2023 at 07:09 PM WhatsApp

ਪੱਤਰਕਾਰ ਯੂਨੀਅਨ ਦੀ ਖਰੜ ਮੀਟਿੰਗ ਦੌਰਾਨ ਵਿਚਾਰੇ ਗਏ ਅਹਿਮ ਮੁੱਦੇ 

 ਨਿਰਪੱਖ ਪੱਤਰਕਾਰਤਾ ਉੱਤੇ ਸਰਕਾਰੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ


ਖਰੜ:18 ਫਰਵਰੀ 2023: (*ਹਰਨਾਮ ਸਿੰਘ ਡੱਲਾ//ਲੋਕ ਮੀਡੀਆ ਮੰਚ)::

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੋਹਾਲੀ ਦੀ  ਮੀਟਿੰਗ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ੍ਰੀ ਸਰਬਜੀਤ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਖਰੜ ਦੇ ਮਿਉਂਸਪਲ ਪਾਰਕ ਵਿੱਚ ਹੋਈ। ਯੂਨੀਅਨ ਨੇ ਭਾਰਤ ਸਰਕਾਰ ਅਤੇ ਸੁਬਾਈ ਸਰਕਾਰਾਂ ਵਲੋਂ ਨਿਰਪੱਖ ਪੱਤਰਕਾਰਤਾ ਉੱਤੇ ਕੀਤੇ ਜਾਂਦੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਯੂਨੀਅਨ ਨੇ ਕੇਂਦਰ ਸਰਕਾਰ ਵਲੋਂ ਬੀ ਬੀ ਸੀ ਵਲੋਂ ਗੁਜਰਾਤ ਸਮੂਹਿਕ ਕਤਲੇਆਮ ਦੀ ਰਿਪੋਰਟ ਦੇਣ ਤੋਂ ਬਾਅਦ, ਬਦਲੇ ਦੀ ਭਾਵਨਾ ਨਾਲ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆ ਨੂੰ ਪ੍ਰੈਸ ਦੀ ਆਵਾਜ਼ ਕੁਚਲਣ ਵਜੋਂ ਦੇਖਦਿਆਂ ਇਨ੍ਹਾਂ ਛਾਪਿਆ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਤੋਂ ਬਿਨਾਂ ਸੂਬਾ ਮਹਾਰਾਸ਼ਟਰ ਵਿੱਚ ਇੱਕ ਪੱਤਰਕਾਰ ਦੀ ਹੱਤਿਆ ਅਤੇ ਜਲੰਧਰ ਵਿੱਚ ਨਵਾਂ ਜ਼ਮਾਨਾ ਦੇ ਪੱਤਰਕਾਰ ਰਾਜੇਸ਼ ਥਾਪਾ ਉੱਤੇ ਹੋਏ ਗੁੰਡਾ ਹਮਲੇ ਦੀ ਵੀ ਨਿੰਦਾ ਕੀਤੀ ਗਈ ਹੈ।

ਯੂਨੀਅਨ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਨੇ ਪ੍ਰੈੱਸ ਦੇ ਨਾਂ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਅਤੇ ਪੱਤਰਕਾਰਾਂ ਦੇ ਬੋਲਣ ਦੇ ਅਧਿਕਾਰ ਉੱਤੇ ਹਮਲੇ ਕਰ ਰਹੀ ਹੈ ਅਤੇ ਸੰਵਿਧਾਨ ਦੀ ਧਾਰਾ 19 ਦੀ ਉਲੰਘਣਾ ਕਰਕੇ ਆਜ਼ਾਦ ਪੱਤਰਕਾਰਤਾ ਉੱਤੇ ਵੀ ਹਮਲੇ ਕਰ ਰਹੀ ਹੈ। ਇਸ ਸਮੇਂ ਸ੍ਰੀ ਵੱਸਣ ਸਿੰਘ ਗੁਰਾਇਆ, ਮੇਜਰ ਸਿੰਘ ਪੰਜਾਬੀ,ਰੈਕਟਰ ਕਥੂਰੀਆ, ਰਾਜਵੀਰ ਸੈਣੀ ਅਤੇ ਕਾਰਤਿਕਾ ਵੀ ਹਾਜ਼ਰ ਸਨ।  ਉਨ੍ਹਾਂ ਪੰਜਾਬ ਦੇ ਪ੍ਰੈਸ ਕਲੱਬਾਂ ਅਤੇ ਪੱਤਰਕਾਰਾਂ ਦੀਆਂ ਯੂਨੀਅਨਾਂ ਨੂੰ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਲਈ ਇੱਕ ਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਵੀ ਦਿੱਤਾ। 

ਇਕ ਹੋਰ ਫ਼ੈਸਲਾ ਲੈਂਦਿਆਂ ਯੂਨੀਅਨ ਨੇ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਇੱਕ ਸੈਮੀਨਾਰ 11 ਮਾਰਚ 2023 ਨੂੰ ਮੋਹਾਲੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ ਯੂਨੀਵਰਸਿਟੀ ਦੀਆਂ ਸਕਾਲਰ ਔਰਤਾਂ, ਲੇਖਕ, ਪੱਤਰਕਾਰ ਅਤੇ ਹੋਰ ਬੁੱਧੀਜੀਵੀ ਲੋਕਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ।

*ਹਰਨਾਮ ਸਿੰਘ ਡੱਲਾ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੋਹਾਲੀ ਦੇ ਜਨਰਲ ਸਕੱਤਰ ਹਨ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment