Saturday, 20 March 2021

26 ਜਨਵਰੀ ਦੀਆਂ ਘਟਨਾਵਾਂ ਬਾਰੇ ਕਰਤੀ ਧਰਤੀ ਵੱਲੋਂ ਵਿਸ਼ੇਸ਼ ਪੋਸਟ

 ਟਰਾਲੀ ਟਾਈਮਜ਼ ਦੇ ਨਾਲ ਨਾਲ ਇੱਕ ਹੋਰ ਮੀਡੀਆ ਉਪਰਾਲਾ 


ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ:(ਕਾਰਤਿਕਾ ਸਿੰਘ//ਲੋਕ ਮੀਡੀਆ ਮੰਚ)::

ਅੰਦੋਲਨਾਂ ਦਾ ਦੁਨੀਆ ਭਰ ਵਿੱਚ ਇੱਕ ਲੰਮਾ ਇਤਿਹਾਸ ਹੈ। ਇਹਨਾਂ ਅੰਦੋਲਨਾਂ ਵਿੱਚ ਸ਼ਾਮਲ ਲੋਕਾਂ ਨੇ ਅਥਾਹ ਕੁਰਬਾਨੀਆਂ ਵੀ ਦਿੱਤੀਆਂ ਹਨ ਅਤੇ  ਵੀ ਕੀਤੀਆਂ ਹਨ। ਜੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਨਾ ਹੋਏ ਹੁੰਦੇ ਤਾਂ ਹੁਣ ਵਾਲਾ ਸਿਆਸੀ ਦ੍ਰਿਸ਼ ਵੀ ਮੌਜੂਦ ਨਹੀਂ ਸੀ ਹੋਣਾ। ਅੰਦੋਲਨਕਾਰੀਆਂ ਕੋਈ ਕੁਝ ਵੀ ਆਖੀ ਜਾਏ ਪਰ ਅਸਲ ਵਿੱਚ ਇਹ ਸਾਰੇ ਲੋਕ ਇੱਕ ਪਰਿਵਾਰ ਵਾਂਗ ਬਣ ਜਾਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ 26 ਜਨਵਰੀ 2021 ਨੂੰ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲੇ ਵਾਲੀਆਂ ਘਟਨਾਵਾਂ ਵਾਪਰੀਆਂ ਤਾਂ ਅੰਦੋਲਨਕਾਰੀਆਂ ਦੇ ਇਸ ਸਾਰੇ ਪਰਿਵਾਰ ਵਿੱਚ ਉਦਾਸੀ ਛਾ ਗਈ। ਉਸ ਵੇਲੇ ਮਨਾਂ ਵਿੱਚ ਚੱਲ ਰਹੇ ਉਤਰਾਵਾਂ ਝੜਾਅਵਾਂ ਨੂੰ ਬਹੁਤ ਹੀ ਸੰਖੇਪ ਢੰਗ ਨਾਲ ਕਲਮਬੱਧ ਕੀਤਾ ਹੈ ਉੱਤਰਾਖੰਡ ਦੀ ਨਵਨੀਤ ਕੌਰ ਨੇ ਜਿਸ ਵਿੱਚ ਉਹ ਮਨ ਦੇ ਸੰਸਿਆਂ ਦਾ ਜ਼ਿਕਰ ਵੀ ਕਰਦੀ ਹੈ। ਮਨ ਨਾਲ  ਵਿਚਾਰਾਂ ਦਾ ਵੀ ਅਤੇ ਅੰਦੋਲਨ ਨਾਲ ਪ੍ਰਤੀਬੱਧਤਾ ਦਾ ਵੀ। ਮਨ ਦੀ ਇਹ ਅਵਸਥਾ ਸਿਆਸੀ ਗਿਣਤੀਆਂ ਮਿਣਤੀਆਂ ਅਤੇ ਨਫ਼ੇ ਨੁਕਸਾਨਾਂ ਤੋਂ ਕੋਹਾਂ ਦੂਰ ਹੈ ਜਿਸ ਵਿੱਚ ਸਿਰਫ ਇੱਕੋ ਰਿਸ਼ਤਾ ਹੈ। ਕਿਸਾਨੀ ਨਾਲ ਦਰਦ ਦਾ ਰਿਸ਼ਤਾ। ਮਨੁੱਖਤਾ ਵਾਲਾ ਰਿਸ਼ਤਾ। ਸੱਚ ਵਾਲਾ ਰਿਸ਼ਤਾ।ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਤੇਜ਼ੀ ਨਾਲ ਅਤੇ ਅਚਾਨਕ ਹੀ ਸਾਹਮਣੇ ਆਏ ਕਰਤੀ ਧਰਤੀ ਨਾਮ ਦੇ ਨਵੇਂ ਪਰਚੇ ਨੇ ਜਿਸਦੇ ਹੁਣ ਤੱਕ ਘਟੋਘਟ ਤਿੰਨ ਅੰਕ ਸਾਹਮਣੇ ਆ ਚੁੱਕੇ ਹਨ। ਟਰਾਲੀ ਟਾਈਮਜ਼  ਤੇਜ਼ੀ ਨਾਲ ਉਭਰ ਰਹੇ ਇਸ ਪਰਚੇ ਨੇ ਵੀ ਆਪਣੀ ਵੱਖਰੀ ਥਾਂ ਅਤੇ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ।  ਹਰ ਪੰਦਰਵਾੜੇ ਨੂੰ ਛਪਣ ਵਾਲੇ ਇਸ ਪਰਚੇ ਨੂੰ ਗੁਰਮੁਖੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਛਾਪਿਆ ਜਾਂਦਾ ਹੈ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਇੱਕ ਪ੍ਰਸਿੱਧ ਸਿਆਸੀ ਲੀਡਰ ਅਤੇ ਬੁੱਧੀਜੀਵੀ ਦੀਆਂ ਬੇਟੀਆਂ ਆਪਣੀਆਂ ਸਹੇਲੀਆਂ ਦੇ ਨਾਲ ਇਸਦਾ *ਸੰਚਾਲਨ ਕਰਦੀਆਂ ਹਨ। ਇਹ ਕੁੜੀਆਂ ਹਨ ਜਿਹੜੀਆਂ  ਇਨਾਮਾਂ  ਸ਼ਨਾਮਾਂ ਤੋਂ ਦੂਰ ਰਹਿੰਦੀਆਂ ਹਨ:ਲਓ ਪੜ੍ਹੋ ਉੱਤਰਾਖੰਡ ਵਾਲੀ ਨਵਨੀਤ ਕੌਰ ਦੀ ਪੋਸਟ:

ਤੇ ਫੇਰ ਮੈਂ ਵਾਪਿਸ ਆ ਗਈ


ਮੈਂ 20 ਦਿਨ ਪਹਿਲਾਂ ਉੱਤਰਾਖੰਡ ਤੋਂ ਆਪਣੀ ਭੈਣ ਅਤੇ ਮਾਂ ਨਾਲ਼ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਈ ਸੀ। ਇੱਥੇ ਆਉਣ ਤੋਂ ਬਾਅਦ ਮੈਂ ਇੱਥੋਂ ਵਾਪਿਸ ਨਹੀਂ ਜਾ ਸਕੀ। ਜਦੋਂ ਮੇਰੇ ਭਰਾ ਨੇ ਇਸ ਅੰਦੋਲਨ ਦੀ ਸ਼ਰੂਆਤ ਵਿੱਚ ਮੈਨੂੰ ਇਹਨਾਂ ਤਿੰਨ ਖੇਤੀ ਕਾਨੂੰਨਾਂ ਬਾਰੇ ਦੱਸਿਆ, ਮੈਂ ਉਦੋਂ ਤੋ ਹੀ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਸੀ। 26 ਜਨਵਰੀ ਤੱਕ ਅੰਦੋਲਨ ਸ਼ਾਂਤਮਈ ਚੱਲ ਰਿਹਾ ਸੀ। 26 ਜਨਵਰੀ ਨੂੰ ਜਦੋਂ ਲੋਕ ਭਟਕ ਕੇ ਦਿੱਲੀ ਵੱਲ ਨੂੰ ਚਲੇ ਗਏ ਅਤੇ ਪੂਰੇ ਮੀਡੀਆ ਨੇ ਇਸ ਅੰਦੋਲਨ ਦਾ ਰੂਪ ਬਦਲ ਦਿੱਤਾ, ਇਹਦੇ ਨਾਲ਼ 26 ਜਨਵਰੀ ਦੇ ਮਾਰਚ ਦੀਆ ਘਟਨਾਵਾਂ ਤੋਂ ਬਾਅਦ ਗਾਜ਼ੀਪੁਰ ਵਿੱਚ ਇੱਕ ਦੁੱਖ ਭਰੀ ਖਾਮੋਸ਼ੀ ਛਾਈ ਰਹੀ। ਸ਼ਾਮ ਨੂੰ ਕੁਝ ਲੋਕ ਵਾਪਿਸ ਗਾਜ਼ੀਪੁਰ ਤੋਂ ਆਪਣੇ ਘਰਾਂ ਵੱਲ ਜਾ ਰਹੇ ਸਨ ਤਾਂ ਮੈਂ ਤੇ ਮੇਰੀ ਸਹੇਲੀ ਰਾਜਪਾਲ ਕੌਰ (ਹਰਿਆਣਾ ਤੋਂ) ਨੇ ਬਹੁਤ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਅੰਦੋਲਨ ਵਿੱਚ ਰੁਕਣ ਲਈ ਕਿਹਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਉਹਨਾਂ ਦੇ ਜਾਣ ਨਾਲ਼ ਕਮਜ਼ੋਰ ਪੈ ਜਾਵੇਗਾ। ਪਰ ਫਿਰ ਵੀ ਲੋਕ ਅਲੱਗ-ਅਲੱਗ ਕਾਰਣਾਂ ਕਰਕੇ ਵਾਪਿਸ ਜਾਂਦੇ ਰਹੇ। ਅਤੇ ਰਾਤ ਤੱਕ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਗਈ। 


27 ਜਨਵਰੀ ਦਾ ਦਿਨ ਵੀ ਏਸੇ ਤਰ੍ਹਾਂ ਅਟਕਲਾਂ ਵਿੱਚ ਗੁਜ਼ਰਿਆ। ਦਿਨ ਭਰ ਜਿੱਥੇ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਅੰਦੋਲਨ ਦੇ ਖਿਲਾਫ਼ ਪ੍ਰਚਾਰ ਹੁੰਦਾ ਰਿਹਾ, ਗਾਜ਼ੀਪੁਰ ਦੇ ਲੋਕ ਹੋਰ ਚੌਕੰਨੇ ਹੋਣ ਲੱਗੇ। ਰਾਤ ਨੂੰ ਬਹੁਤ ਲੋਕਾਂ ਨੇ ਪਹਿਰਾ ਦਿੱਤਾ, ਅਤੇ ਅਸੀਂ ਔਰਤਾਂ ਨੇ ਵੀ ਬੈਠ ਕੇ ਰਾਤ ਕੱਢੀ। ਪਰ 28 ਜਨਵਰੀ ਦੀ ਸ਼ਾਮ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜਦੋਂ ਆਤਮ ਸਮਰਪਣ ਦੀ ਗੱਲ ਆਖੀ ਤਾਂ ਅੰਦੋਲਨ ਵਾਲੀ ਥਾਂ ਉੱਤੇ ਹੜਬੜੀ ਜਿਹੀ ਮੱਚ ਗਈ। ਬਹੁਤ ਸਾਰੇ ਲੋਕਾਂ ਨੂੰ ਇਹ ਅੰਦੋਲਨ ਸਮਾਪਤ ਹੁੰਦਾ ਨਜ਼ਰ ਆਇਆ। ਇਸੇ ਉਧੇੜ-ਬੁਣ ਵਿੱਚ ਸਾਨੂੰ ਅਤੇ ਹੋਰ ਮਹਿਲਾ ਅੰਦੋਲਨਕਾਰੀਆਂ ਨੂੰ ਪਰਿਵਾਰ ਵਾਲਿਆਂ ਨੇ ਸੁਰੱਖਿਆ ਕਾਰਣਾਂ ਦੇ ਮੱਦੇਨਜ਼ਰ ਵਾਪਸ ਜਾਣ ਨੂੰ ਕਿਹਾ। ਮੈਂ ਇੱਥੇ ਰੁਕਣਾ ਚਾਹੁੰਦੀ ਸੀ ਅਤੇ ਸਾਰਿਆਂ ਦੇ ਨਾਲ਼ ਇਸ ਅੰਦੋਲਨ ਲਈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਨਾ ਚਾਹੁੰਦੀ ਸੀ, ਪਰ ਅੰਦੋਲਨ ਵਿੱਚ ਮੌਜੂਦ ਜਾਣਕਾਰਾਂ ਦੀ ਹਿਦਾਇਤ ਅਨੁਸਾਰ (ਸੁਰੱਖਿਆ ਕਾਰਣਾਂ ਕਰਕੇ) ਮੈਂ, ਮੇਰੀ ਭੈਣ, ਮੇਰੀ ਮਾਂ ਅਤੇ ਕੁਝ ਹੋਰ ਲੋਕ ਸ਼ਾਮ ਦੇ ਲੱਗਭਗ 7.00 ਵਜੇ ਗਾਜ਼ੀਪੁਰ ਤੋਂ ਉੱਤਰਾਖੰਡ ਲਈ ਇੱਕ ਟਰਾਲੀ ਵਿੱਚ ਨਿਕਲੇ। ਰਸਤੇ ਵਿੱਚ ਸਭ ਚੁੱਪ ਸਨ ਅਤੇ ਸਹਿ ਯਾਤਰੀ ਸਾਨੂੰ ਲਗਾਤਾਰ ਚੁੱਪ ਰਹਿਣ ਦੀ ਅਤੇ ਰਸਤੇ ਵਿੱਚ ਕਿਸੇ ਨੂੰ ਵੀ ਸਾਡੇ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਗੱਲ ਨਾ ਦੱਸਣ ਦੀ ਹਿਦਾਇਤ ਦੇ ਰਹੇ ਸਨ। ਪਰ ਜਦੋਂ ਮੈਨੂੰ ਅੱਧੀ ਰਾਤ ਗਾਜ਼ੀਪੁਰ ਬਾਡਰ ਤੋਂ ਆਪਣੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਕਿ ਅੰਦੋਲਨ ਚੱਲੇਗਾ ਅਤੇ ਟਿਕੈਤ ਸਮਰਪਣ ਨਹੀਂ ਦੇਣਗੇ, ਤਾਂ ਟਰਾਲੀ ਵਿੱਚ ਸਵਾਰ ਇੱਕ ਬਜ਼ੁਰਗ ਨੇ ਵਾਪਿਸ ਗਾਜ਼ੀਪੁਰ ਜਾਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਵੀ ਵਾਪਿਸ ਆਉਣਾ ਚਾਹੁੰਦੀ ਸੀ ਤਾਂ ਅਸੀ ਟ੍ਰੈਕਟਰ ਵਾਲੇ ਨੂੰ ਰਸਤੇ ਵਿੱਚੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਸਾਨੂੰ ਚੜ੍ਹਾਉਣ ਨੂੰ ਕਿਹਾ। ਟ੍ਰੈਕਟਰ-ਚਾਲਕ ਰਾਤ ਨੂੰ ਮੈਨੂੰ ਬੱਸ ਚੜ੍ਹਾਉਣ ਤੋਂ ਹਿਚਕਚਾ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਾਂ ਵੀ ਮੇਰੇ ਵਾਪਿਸ ਜਾਣ ਤੇ ਰਾਜ਼ੀ ਹੈ। ਫਿਰ ਆਖਿਰਕਾਰ ਰਸਤੇ ਵਿੱਚ ਦਿੱਲੀ ਵਾਲੇ ਪਾਸਿਉਂ ਆਉਣ ਵਾਲੀ ਉੱਤਰ ਪ੍ਰਦੇਸ਼ ਰਾਜ ਸੜਕ ਪਰਿਵਾਹਨ ਨਿਗਮ ਦੀ ਬੱਸ ਲੈ ਕੇ ਮੈਂ ਅਤੇ ਉਹ ਬਜ਼ੁਰਗ ਰਾਤ ਨੂੰ 2.00 ਵਜੇ ਵਾਪਿਸ ਗਾਜ਼ੀਪੁਰ ਅੱਪੜੇ। ਉਸ ਰਾਤ ਮੈਂ ਇੱਥੇ ਇਕੱਲੀ ਔਰਤ ਸੀ। ਮੈਂ ਉਸ ਦਿਨ ਤੋਂ ਲਗਾਤਾਰ ਇੱਥੇ ਹਾਂ, ਅੱਗੇ ਵੀ ਰਹਾਂਗੀ, ਕਿਉਂਕਿ ਮੈਨੂੰ ਦੇਖਕੇ ਇੱਥੇ ਹੋਰ ਔਰਤਾਂ ਆਉਣਗੀਆਂ ਅਤੇ ਉਹਨਾਂ ਨੂੰ ਦੇਖਕੇ ਕੁਝ ਹੋਰ। ਇਸ ਤਰ੍ਹਾਂ ਨਾਲ਼ ਸਾਡਾ ਅੰਦੋਲਨ ਵੀ ਅੱਗੇ ਵਧੇਗਾ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ ਅਤੇ ਹਿੱਸੇਦਾਰੀ ਵੀ ਵਧੇਗੀ।

ਕਰਤੀ ਧਰਤੀ ਦੀ ਸੰਚਾਲਨ ਟੀਮ ਵਾਲੇ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ:

ਬਾਨੀ ਕਰਤੀ:ਸੰਗੀਤ ਤੂਰ

ਡਿਜ਼ਾਈਨ ਕਰਤੀ:ਨਵਜੀਤ ਕੌਰ 

ਮੁੱਖ ਕਰਤੀ:ਸਰਗਮ ਤੂਰ 

ਈਮੇਲ ਸੰਪਰਕ:kartidhartimagazine@gmail.com

Wednesday, 30 September 2020

ਆਖ਼ਿਰ ਸਰਕਾਰ ਅਜਿਹੀ ਕਿਉਂ ਹੈ?

Wednesday: 30th September 2020 at 03:19 PM

 ਤੁਹਾਡੇ ਨਾਲੋਂ ਤਾਂ ਜਾਨਵਰ ਚੰਗੇ ਨੇ! ਜਾਨਵਰ! 

ਸੋਸ਼ਲ ਮੀਡੀਆ: 30 ਸਤੰਬਰ 2020: (ਨੀਤੂ ਰਾਮਪੁਰ//ਲੋਕ ਮੀਡੀਆ ਮੰਚ)::

ਬਹੁਤ ਹੀ ਬੇਬਾਕੀ ਅਤੇ ਹਿੰਮਤ ਨਾਲ ਲਿਖਣ ਵਾਲੀ ਨੀਤੂ ਰਾਮਪੁਰ ਨੇ ਹਾਥਰਸ ਵਿੱਚ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ ਦੀ ਮੌਤ ਮਗਰੋਂ ਵੀ ਆਪਣਾ ਗੁੱਸਾ ਦਿਲ ਹਲੂਣਵੇਂ ਅੰਦਾਜ਼ ਨਾਲ ਪੇਸ਼ ਕੀਤਾ ਹੈ। ਉਸ ਨੇ ਆਪਣੀ  ਫੇਸਬੁੱਕ ਪ੍ਰੋਫ਼ਾਈਲ ਤੇ ਲਿਖਿਆ ਹੈ-

ਆਖ਼ਿਰ ਕੀ ਵਿਗਾੜਦੀਆਂ ਨੇ

ਤੁਹਾਡਾ ਕੁੜੀਆਂ

ਆਖ਼ਿਰ ਕੀ??

ਕੀ ਕਸੂਰ ਸੀ ਇਹਦਾ ਜੋ ਤੁਸੀ ਇਸ ਮਾਸੂਮ ਨੂੰ ਦਬੋਚ ਲਿਆ,ਬਣਾ ਲਿਆ ਆਪਣੀ ਗੰਦੀ ਨਜ਼ਰ ਦਾ ਸ਼ਿਕਾਰ,ਗੰਦੀ ਨਾਲੀ ਦੇ ਗੰਦੇ ਕੀੜਿਓ... ਤੁਹਾਡੀ ਹੱਵਸ਼ ਮੁੱਕਦੀ ਕਿਉਂ ਨੀ?

ਤੁਹਾਡੇ ਨਾਲੋਂ ਤਾਂ ਜਾਨਵਰ ਚੰਗੇ ਨੇ। ਜਾਨਵਰ।

ਰੂਹ ਚੀਕ ਉੱਠੀ ਮੇਰੀ। ਆਖ਼ਿਰ ਸਰਕਾਰ ਅਜਿਹੀ ਕਿਉਂ ਹੈ? ਹਾਂ ਹੁਣ ਕੇਸ ਚੱਲੇਗਾ ਬਣਦੀ ਕਾਰਵਾਈ ਹੋਏਗੀ ਤੇ ਬਸ.................???? ਇਹੋ ਹੋਏਗਾ ਨਾ? ਉਹਨਾਂ ਨੂੰ ਨਹੀਂ ਮਹਿਸੂਸ ਕਰਵਾਇਆ ਜਾਣਾ ਜੀਭ ਕੱਟਣ ਦਾ ਦਰਦ, ਨਹੀਂ ਉਹਨਾਂ ਦੀਆਂ ਹੱਡੀਆਂ ਤੋੜੀਆਂ ਜਾਣੀਆਂ। ਨਹੀਂ ਉਹਨਾਂ ਨੂੰ ਤੜਫਾਇਆ ਜਾਣਾ। ਨਹੀਂ ਲਿਆ ਜਾਣਾ ਬਦਲਾ। ਨਹੀਂ ਮਿਲਣਾ ਇਨਸਾਫ਼। ਕਿੰਨਾ ਤੜਫੜੀ ਹੋਉਗੀ, ਕਿੰਨਾ ਗਿੜਗੀੜਾਈ ਹੋਉਗੀ ਉਹ ਮਾਸੂਮ ਪਰ ਕਿਸੇ ਨੇ ਨੀ ਸੁਣੀ। ਸਰਕਾਰ ਗੰਦੀਆਂ,ਗੰਦੀ।

ਜਿਵੇਂ ਕੋਈ ਮੇਰੀ ਜਾਨ ਕੱਢਕੇ ਹਥੇਲੀ ਤੇ ਰੱਖ ਗਿਆ ਹੋਵੇ।

ਉਫ਼...............................  



Monday, 21 September 2020

AISF ਦੀ ਵਿਸ਼ੇਸ਼ ਮੀਟਿੰਗ ਨੇ ਨਵੀਂ ਚੋਣ ਸਮੇਂ ਲਿਆ ਹਾਲਾਤ ਦਾ ਜਾਇਜ਼ਾ

 ਕਿਸਾਨੀ ਬਲਦੀ ਦੇ ਬੂਥੇ ਅਤੇ ਬੀਜੇਪੀ ਵੱਲੋਂ ਕੇਕ ਕੱਟਣ ਦਾ ਗੰਭੀਰ ਨੋਟਿਸ    


ਲੁਧਿਆਣਾ
:20 ਸਤੰਬਰ 2020:: (ਲੋਕ ਮੀਡੀਆ ਮੰਚ ਬਿਊਰੋ)::
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਮੌਜੂਦਾ ਸਮੇਂ ਦੇ ਬੇਹੱਦ ਨਾਜ਼ੁਕ ਦੌਰ ਵਿੱਚ ਹੈ। ਪੂਰਾ ਦੇਸ਼ ਕੇਂਦਰ ਸਰਕਾਰ ਦੇ ਖਿਲਾਫ ਉਬਾਲੇ ਖਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਮਗਰੋਂ ਖੇਤੀ ਆਰਡੀਨੈਂਸਾਂ ਦਾ ਮੁੱਦਾ ਗਰਮਾਇਆ ਹੋਇਆ ਹੈ। ਕਿਸਾਨ ਦੇ ਖੇਤ, ਉਸਦੀ ਫਸਲ ਅਤੇ ਉਸਦੀ ਕਿਰਤ ਸ਼ਕਤੀ ਸਭ ਕੁਛ ਖਤਰੇ ਵਿੱਚ ਨਜ਼ਰ ਆ ਰਿਹਾ ਹੈ। 

ਹੁਣ ਜਦੋਂ ਕਿ ਕਾਲਜਾਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਵੱਲੋਂ ਪੇਪਰ ਦਿੱਤੇ ਜਾ ਰਹੇ ਹਨ। ਪੇਪਰਾਂ ਦੀ ਫੀਸ ਵਾਲੀ ਪੂਰੀ ਪੇਮੈਂਟ ਵੀ ਐਡਵਾਂਸ ਦਿੱਤੀ ਹੋਈ ਹੋਣ ਦੇ ਬਾਵਜੂਦ ਇਹਨਾਂ ਇਮਤਿਹਾਨਾਂ ਵਿੱਚ ਆਏ ਸੁਆਲਾਂ ਦੇ ਜੁਆਬ ਲਿਖਣ ਲਈ ਵਿਦਿਆਰਥੀਆਂ ਨੂੰ ਉੱਤਰ ਸ਼ੀਟਾਂ ਖੁਦ ਖਰੀਦ ਕੇ ਲਿਖਣੀਆਂ ਪੈ ਰਹੀਆਂ ਹਨ। ਸੱਚਮੁੱਚ ਮੌਜੂਦਾ ਦੌਰ  ਵਿਦਿਆਰਥੀ ਵਰਗ ਲਈ ਸਿਰ ਜੋੜ ਕੇ ਸੋਚਣ ਦਾ ਸਮਾਂ ਹੈ। 

ਜ਼ਿਕਰਯੋਗ ਹੈ ਕਿ ਇਸ ਨਵੇਂ ਸਿਸਟਮ ਨਾਲ ਅਧਿਆਪਕ ਵਰਗ ਤੇ ਵੀ ਕੰਮ ਦਾ ਬੋਝ ਵੱਧ ਗਿਆ ਹੈ। ਇਮਤਿਹਾਨਾਂ ਦੇ ਪਹਿਲੇ ਦਿਨ ਹੀ ਅਧਿਆਪਕ ਵਰਗ ਨੂੰ ਸਾਰੇ ਪ੍ਰਬੰਧ ਪੂਰੇ ਕਰਦਿਆਂ ਕਾਲਜ ਵਿੱਚ ਹੀ ਰਾਤ ਦੇ ਅੱਠ ਵੱਜ ਗਏ ਸਨ। ਇਸ ਸਭ ਕੁਝ ਨੂੰ ਅਧਿਆਪਕ ਵਰਗ ਨੇ ਵੀ ਖਾਮੋਸ਼ੀ ਨਾਲ ਸਹਿ ਲਿਆ ਤਾਂਕਿ ਇਮਤਿਹਾਨਾਂ ਵਿੱਚ ਕੋਈ ਵਿਘਨ ਨਾ ਪਵੇ। ਵਿਦਿਅਕ ਸੰਗਠਨਾਂ ਨੂੰ ਇਸ ਸਭ ਕੁਝ ਦਾ ਗੰਭੀਰ ਨੋਟਿਸ ਲੈਂਦਿਆਂ ਖੁਦ ਹੀ ਅੱਗੇ ਆਉਣਾ ਪੈਣਾ ਹੈ ਅਤੇ ਦੱਸਣਾ ਪੈਣਾ ਹੈ ਕਿ ਅਧਿਆਪਕ ਵੀ ਇਨਸਾਨ ਹੁੰਦੇ ਹਨ ਕੋਈ ਮਸ਼ੀਨ ਨਹੀਂ ਹੁੰਦੇ। ਅਫਸੋਸ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਆਵਾਜ਼ ਨਹੀਂ ਉੱਠੀ। ਹਾਲਾਤ ਦੇ ਬਦਤਰ ਹੋਣ ਵਾਲੀ ਇਹੀ ਹਾਲਤ ਦੂਜੇ ਮਾਮਲਿਆਂ ਵਿੱਚ ਵੀ ਜਾਰੀ ਹੈ। 

ਹੁਣ ਜਦੋਂ  ਖੇਤੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਅੱਗ ਲੱਗੀ ਹੋਈ ਹੈ।  ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਤੱਕ ਦਾ ਇਤਿਹਾਸਿਕ ਕਿਸਾਨੀ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਉਦੋਂ  ਬੀਜੇਪੀ ਦਾ ਕੇਡਰ ਇਸ ਅਗਨੀਂ ਨੂੰ ਸ਼ਾਂਤ ਕਰਨ ਦੀ ਕੋਈ ਨਿੱਕੀ ਮੋਟੀ ਰਸਮੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਆਪਣੀ ਇਸ ਕਲੰਕਿਤ ਜਿੱਤ ਉੱਤੇ ਬਾਘੀਆਂ ਪਾਉਂਦਿਆਂ ਬੀਜੇਪੀ ਲੀਡਰ ਅਤੇ ਵਰਕਰ ਖੁਸ਼ੀਆਂ ਦੇ ਨਾਚ ਨੱਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਬਹਾਨਾ ਬਣਾ ਕੇ ਥਾਂ ਥਾਂ ਕੇਕ ਕੱਟੇ ਜਾ ਰਹੇ ਹਨ। ਅਜਿਹਾ ਕਰਕੇ ਇੱਕ ਤਰਾਂ ਨਾਲ ਕਿਸਾਨੀ ਅਤੇ ਪੰਜਾਬ ਦੀ ਬਰਬਾਦੀ ਦਾ ਐਲਾਨੀਆ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਸਥਿਤੀ ਉੱਤੇ ਬਾਜ਼ ਨਜ਼ਰ ਰੱਖਦਿਆਂ ਆਖਿਰ ਹੁਣ ਵਿਦਿਆਰਥੀ ਜਾਗੇ ਹਨ ਅਤੇ ਸਰਗਰਮ ਵੀ ਹੋਏ ਹਨ। ਕਿਸਾਨੀ ਮਗਰੋਂ ਵਿਦਿਆਰਥੀਆਂ ਦਾ ਵੱਡਾ ਉਭਾਰ ਵੀ  ਛੇਤੀ ਹੀ ਸਾਹਮਣੇ ਆਉਣ ਵਾਲਾ ਹੈ। ਇਨਕਲਾਬ ਦਾ ਇੱਕ ਨਵਾਂ ਸੁਨਹਿਰੀ ਅਧਿਆਏ ਲਿਖਿਆ ਜਾ ਰਿਹਾ ਹੈ। 

ਖੱਬੇ ਪੱਖੀ ਵਿਦਿਆਰਥੀ ਜੱਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਮੌਜੂਦਾ ਹਾਲਾਤ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਇਸ ਨਾਜ਼ੁਕ ਹਾਲਤ ਵਿੱਚ ਹੀ ਏ ਆਈ ਐਸ ਐਫ ਦੀ ਲੁਧਿਆਣਾ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਅਬਦੁੱਲਾਪੁਰ ਬਸਤੀ ਵਿਚ ਆਯੋਜਿਤ ਕੀਤੀ ਗਈ। 

ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਉੱਤੇ ਹੋਣ ਵਾਲੇ ਸੈਮੀਨਾਰ ਉੱਤੇ ਵਿਚਾਰ ਚਰਚਾ ਕੀਤੀ ਗਈ।  ਨਵੀਂ ਸਿੱਖਿਆ ਨੀਤੀ ਅਤੇ ਬੇਰੋਜ਼ਗਾਰੀ ਵੀ ਮੀਟਿੰਗ ਦੇ ਮੁਖ ਵਿਸ਼ੇ ਰਹੇ।  ਖੱਬੀ ਲਹਿਰ ਦੇ ਸਮਰਪਿਤ ਅਤੇ ਸਰਗਰਮ ਆਗੂ ਡਾ. ਅਰੁਣ ਮਿੱਤਰਾ ਨੇ ਬੇਰੋਜ਼ਗਾਰੀ ਨੂੰ ਇਸ ਸਮੇ ਦੀ ਮੁੱਖ ਸਮੱਸਿਆ ਦੱਸਦੇ ਹੋਏ ਕਿਹਾ ਕਿ ਸਮੇ ਦੀਆਂ ਸਰਕਾਰਾਂ ਨੂੰ ਬੇਰੋਜ਼ਗਾਰੀ ਤੇ ਲਗਾਮ ਲਗਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।  

ਬਜ਼ੁਰਗ ਕਾਮਰੇਡ ਆਗੂ ਚਰਨ ਸਿੰਘ ਸਰਾਭਾ ਨੇ ਨਵੀਂ ਸਿਖਿਆ ਨੀਤੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਅਤੇ ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਹਨ ਅਤੇ ਸਰਕਾਰ ਨੂੰ ਉਹਨਾਂ ਬਾਰੇ ਤੁਰੰਤ ਠੋਸ ਕਦਮ ਚੁੱਕਣ ਵਾਲੀ ਸੋਚ ਵਿਚਾਰ ਕਰਨੀ ਚਾਹੀਦੀ ਹੈ। 

ਨੌਜਵਾਨ ਆਗੂ ਸੁਖਵਿੰਦਰ ਮਹੇਸ਼ਵਰੀ ਨੇ ਬਨੇਗਾ (BNEGA) ਐਕਟ ਤੇ ਚਾਨਣਾ ਪਾਉਂਦੇ ਹੋਏ ਇਸਦੀ ਮਹੱਤਤਾ ਨੂੰ ਉਜਾਗਰ ਕੀਤਾ।  ਇਸ ਦੇ ਨਾਲ ਹੀ AISF ਲੁਧਿਆਣਾ ਦੀ ਨਵੀ ਕਮੇਟੀ ਵੀ ਬਣਾਈ ਗਈ। ਸੌਰਵ  ਨੂੰ ਪ੍ਰਧਾਨ, ਕਾਰਤਿਕਾ ਸਿੰਘ ਤੇ ਮਨਪ੍ਰੀਤ ਕੌਰ ਨੂੰ ਉਪ-ਪ੍ਰਧਾਨ, ਦੀਪਕ ਕੁਮਾਰ ਨੂੰ ਸਕੱਤਰ, ਲਲਿਤ ਕੁਮਾਰ ਤੇ ਰਾਜੀਵ ਕੁਮਾਰ ਨੂੰ ਸਹਿ-ਸਕੱਤਰ, ਪ੍ਰਦੀਪ ਕੁਮਾਰ ਨੂੰ ਖ਼ਜ਼ਾਨਚੀ ਅਤੇ ਪ੍ਰਦੀਪ ਖ਼ੈਰਾ ਨੂੰ ਸਹਿ-ਖ਼ਜ਼ਾਨਚੀ ਨਿਯੁਕਤ ਕਿੱਤਾ ਗਿਆ। ਇਸ ਮੌਕੇ ਤੇ ਰਾਹੁਲ ਧੀਮਾਨ, ਬਿੱਟੂ ਕੁਮਾਰ, ਰਿਸ਼ੂ ਸਿੰਘ, ਪ੍ਰਤਾਪ ਕੁਮਾਰ ਅਤੇ ਮਨਦੀਪ ਸਿੰਘ ਮੌਜੂਦ ਸਨ। 

 AISF ਦੀ ਚੋਣ ਮਗਰੋਂ ਬਣੀ ਨਵੀਂ  ਕਮੇਟੀ ਨੇ ਆਪਣੀ ਇਸ ਵਿਸ਼ੇਸ਼ ਮੀਟਿੰਗ ਵਿੱਚ ਹਾਲਾਤ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ। ਨਿਸਚੇ ਹੀ ਨਵੀਂ ਕਮੇਟੀ ਸਿਰ ਆਈਆਂ ਨਵੀਆਂ ਜ਼ਿੰਮੇਵਾਰੀਆਂ ਬਹੁਤ ਭਾਰੀਆਂ ਹਨ ਪਰ AISF  ਇਹਨਾਂ ਸਾਰੀਆਂ ਚੁਣੌਤੀਆਂ ਨੂੰ ਕਬੂਲ ਕਰਕੇ ਇੱਕ ਨਵਾਂ ਇਤਿਹਾਸ ਰਚੇਗੀ ਕਿਓਂਕਿ ਪਹਿਲਾਂ ਵੀ ਇਸ ਵਿਦਿਆਰਥੀ ਜੱਥੇਬੰਦੀ ਦਾ ਇਤਿਹਾਸ ਅਜਿਹਾ ਹੀ ਸ਼ਾਨਾਂਮੱਤਾ ਰਿਹਾ ਹੈ। 

Sunday, 20 September 2020

ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਤਿੱਖਾ ਵਿਰੋਧ ਜਾਰੀ

20th September 2020 at 3:36 PM

 ਡੇਹਲੋਂ  ਅਤੇ ਜੋਧਾਂ ਵਿੱਚ ਵੀ ਪ੍ਰਧਾਨਮੰਤਰੀ ਮੋਦੀ ਦੇ ਪੁਤਲੇ ਫੂਕੇ ਗਏ 

 ਵਿਰੋਧ ਦੀ  ਲਹਿਰ  ਹੋ ਰਹੀ ਹੈ ਹਰ ਪਲ ਤੇਜ਼  


ਡੇਹਲੋ
: (ਲੁਧਿਆਣਾ): 20 ਸਤੰਬਰ 2020: (ਐਮ ਐਸ ਭਾਟੀਆ//ਲੋਕ ਮੀਡੀਆ ਮੰਚ ਟੀਮ)::

ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨ ਜਥੇਬੰਦੀ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਪਿੰਡ ਸੀਲੋ ਵਿਖੇ ਸੁਰਜੀਤ ਸਿੰਘ ਸੀਲੋ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਨੂੰਨ ਕਿਸਾਨ ਵਿਰੋਧੀ ਹਨ ਇਹਨਾ ਕਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਹੋਰ ਨਿੱਘਰ ਜਾਵੇਗੀ ਤੇ ਦੇਸ਼ ਤਬਾਹੀ ਦੇ ਕੰਢੇ ਤੇ ਚਲਾ ਜਾਵੇਗਾ । ਉਹਨਾ ਕਿਹਾ ਕਿ ਦੇਸ਼ ਦੇ ਲੋਕ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ । ਉਹਨਾ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਹਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿਆਰਾ ਸਿੰਘ ਸਾਬਕਾ ਸਰਪੰਚ ਭੁੱਟਾ, ਸਾਬਕਾ ਸਰਪੰਚ ਧਰਮਜੀਤ ਸਿੰਘ ਸੀਲੋ ਖ਼ੁਰਦ , ਮਨਜਿੰਦਰ ਸਿੰਘ ਸੀਲੋ , ਸਰਪੰਚ ਦਵਿੰਦਰ ਸਿੰਘ ਸੀਲੋ ਕਲਾ , ਅਮਨ ਬੂਲ , ਦੀਪ ਟਿੱਬਾ ਆਦਿ ਹਾਜ਼ਰ ਸਨ।  

ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜੋਧਾਂ ਵਿਖੇ ਸਾੜਿਆ ਮੋਦੀ ਦਾ ਪੁਤਲਾ 

 ਕਿਸਾਨ ਤੇ ਲੋਕ ਵਿਰੋਧੀ ਪਾਸ ਕੀਤੇ ਤਿੰਨੇ ਕਾਨੂੰਨ ਰੱਦ ਕੀਤੇ ਜਾਣ-ਗੁੱਜਰਵਾਲ

ਅੱਜ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਕਸਬਾ ਜੋਧਾਂ ਵਿਖੇ ਜਮਹੂਰੀ ਕਿਸਾਨ ਸਭਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਤੇ ਲੋਕ ਵਿਰੋਧੀ ਤਿੰਨੇ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ । ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਲੁਧਿਆਣਾ ਤਹਿਸੀਲ ਦੇ ਪ੍ਰਧਾਨ ਬਲਦੇਵ ਸਿੰਘ ਧੂਰਕੋਟ , ਜ: ਸਕੱਤਰ ਅਮਰਜੀਤ ਸਿੰਘ ਸਹਿਜਾਦ , ਬੂਟਾ ਸਿੰਘ ਸਰਾਭਾ ਤੇ ਸਿਕੰਦਰ ਸਿੰਘ ਹਿਮਾਯੂਪੁੱਰ ਨੇ ਕੀਤੀ । ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਲਾਗੂ ਹੋਣ ਨਾਲ ਦੇਸ਼ ਦੀ ਕਿਸਾਨੀ ਹੋਰ ਘਾਟੇ ਵਿੱਚ ਜਾਵੇਗੀ । ਇਹਨਾ ਕਾਨੂੰਨ ਦੇ ਕਰਕੇ ਦੇਸ਼ ਵਿੱਚ ਮਹਿੰਗਾਈ , ਬੇਰੁਜ਼ਗਾਰੀ , ਜ਼ਰੂਰੀ ਵਸਤਾਂ ਦੀ ਥੁੜ ਪੈਦਾ ਹੋਵੇਗੀ । ਉਹਨਾ ਮੰਗ ਕੀਤੀ ਕਿ ਇਹ ਕਨੂੰਨ ਵਾਪਸ ਲਏ ਜਾਣ । ਉਹਨਾ ਕਿਹਾ ਕਿ ਕਿਸਾਨ ਤੇ ਪੰਜਾਬ ਦੇ ਲੋਕ 25 ਸਤੰਬਰ ਨੂੰ ਪੰਜਾਬ ਬੰਦ ਕਰਨਗੇ ਅਤੇ ਮੋਦੀ ਸਰਕਾਰ ਨੂੰ ਇਹ ਕਨੂੰਨ ਵਾਪਸ ਲੈਣ ਤੇ ਮਜ਼ਬੂਰ ਕਰ ਦੇਣ ਗੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਮੋਨੂੰ , ਦਵਿੰਦਰ ਸਿੰਘ ਰਾਣਾ ਲਤਾਲਾ , ਅਮਰੀਕ ਸਿੰਘ ਮੀਕਾ ਜੋਧਾਂ ,  ਮਨਪਿੰਦਰ ਸਿੰਘ ਮਨਸੂਰਾਂ , ਚਮਕੌਰ ਸਿੰਘ ਸੇਖੋ ਛਪਾਰ , ਲੱਖਾਂ ਖੰਡੂਰ , ਰੁਪਿੰਦਰ ਸਿੰਘ ਰਤਨਾਂ , ਹਰਜਿੰਦਰ ਸਿੰਘ , ਪ੍ਰੇਮ ਸਿੰਘ , ਮੇਜਰ ਸਿੰਘ , ਕਾਲਾ , ਨਿਰਮਲ ਸਿੰਘ ( ਸਾਰੇ ਜੋਧਾਂ ) , ਭੋਲਾ , ਰਾਜੂ ਖੰਡੂਰ , ਬਲਵੀਰ ਸਿੰਘ ਆਦਿ ਹਾਜ਼ਰ ਸਨ ।

Tuesday, 15 September 2020

ਕਾਮਰੇਡ ਚਮਕੌਰ ਦੇ ਪੋਤਰੇ ਤਨਵੀਰ ਦਾ ਜਨਮਦਿਨ 16 ਨੂੰ

15th September 2020 at 4:20 PM
 ਲੋਕਪੱਖੀ ਰਵਾਇਤਾਂ ਅਤੇ ਅੰਦਾਜ਼ ਨਾਲ ਮਨਾਇਆ ਜਾਏਗਾ ਜਨਮਦਿਨ  
ਲੁਧਿਆਣਾ: 15 ਸਤੰਬਰ 2020: (ਐਮ ਐਸ ਭਾਟੀਆ//ਲੋਕ ਮੀਡੀਆ ਮੰਚ)::
ਦੁਨੀਆ ਲੰਮੇ ਸਮੇਂ ਤੋਂ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਹੁਣ ਇਹ ਲਕੀਰ ਹੋਰ ਗੂਹੜੀ ਹੁੰਦੀ ਜਾ ਰਹੀ ਹੈ। ਇਸ ਲਕੀਰ ਦੇ ਇੱਕ ਪਾਸੇ ਹਨ ਗਰੀਬ ਕਿਰਤੀ ਮਜ਼ਦੂਰ ਜਿਹਨਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਦੋ ਵਕ਼ਤ ਦੀ ਰੋਟੀ ਕਮਾ ਕੇ ਆਪ ਵੀ ਖਾਣੀ ਹੁੰਦੀ ਹੈ, ਪਰਿਵਾਰ ਨੂੰ ਵੀ ਖੁਆਣੀ ਹੁੰਦੀ ਹੈ ਅਤੇ ਆਏ ਗਏ ਦੀ ਸੇਵਾ ਵੀ ਕਰਨੀ ਹੁੰਦੀ ਹੈ। 
ਲਕੀਰ ਦੇ ਇਸ ਪਾਸੇ ਰਹਿਣ ਵਾਲੇ ਇਹਨਾਂ ਕਿਰਤੀਆਂ ਦਾ ਪਿਤਾ ਪੁਰਖੀ ਸੰਬੰਧ ਭਾਈ ਲਾਲੋਆਂ ਨਾਲ ਜਾ ਰਲਦਾ ਹੈ ਜਿਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਗਲ ਨਾਲ ਲਾਇਆ ਸੀ। ਇਸ ਲਕੀਰ ਦੇ ਦੂਜੇ ਪਾਸੇ ਹਨ ਇਸ ਧਰਤੀ ਅਤੇ ਇਸ ਧਰਤੀ ਤੇ ਰਹਿੰਦੇ ਕਿਰਤੀਆਂ ਨੂੰ ਲੁੱਟਣ ਵਾਲੇ ਜਨਮਜਾਤ ਲੁਟੇਰੇ। ਇਹਨਾਂ ਦਾ ਰਿਸ਼ਤਾ ਮਲਕ ਭਾਗੋਆਂ ਨਾਲ ਜਾ ਮਿਲਦਾ ਹੈ ਜਿਹਨਾਂ ਨੂੰ ਗੁਰੂਨਾਨਕ ਸਾਹਿਬ ਨੇ ਠੁਕਰਾ ਦਿੱਤਾ ਸੀ। 
ਇੱਕ ਧੜਾ ਹੋਰ ਵੀ ਹੈ ਜਿਹੜਾ ਲਕੀਰ ਦੇ ਇਸ ਪਾਸੇ ਰਹਿ ਰਹੇ ਕਿਰਤੀ ਵਰਗ ਦੇ ਖੋਹੇ ਜਾ ਰਹੇ ਹੱਕਾਂ ਲਈ ਲਗਾਤਾਰ ਸੰਘਰਸ਼ ਵੀ ਕਰਦਾ ਆ ਰਿਹਾ ਹੈ। ਇਸ ਧੜੇ ਨੇ ਹੀ ਲੁਟੇਰਿਆਂ ਅਤੇ ਜਾਬਰਾਂ ਦੇ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਸੰਘਰਸ਼ ਵਿੱਚ ਸ਼ਾਮਲ ਲਾਲ ਝੰਡੇ ਵਾਲਿਆਂ ਦੀ ਕਤਾਰ ਵਿੱਚ ਇੱਕ ਨਾਮ ਕਾਮਰੇਡ ਚਮਕੌਰ ਸਿੰਘ ਦਾ ਵੀ ਹੈ। ਚਮਕੌਰ ਸਿੰਘ ਦਾ ਪੂਰਾ ਪਰਿਵਾਰ ਉਸਦਾ ਸਾਥ ਵੀ ਦੇਂਦਾ ਹੈ। ਜਦੋਂ ਕਦੇ ਕੋਈ ਧਰਨਾ ਮੁਜ਼ਾਹਰਾ ਹੁੰਦਾ ਹੋਵੇ ਤਾਂ ਕਾਮਰੇਡ ਚਮਕੌਰ ਸਿੰਘ ਦਾ ਪੋਤਰਾ ਤਨਵੀਰ ਸਿੰਘ ਵੀ ਅਕਸਰ ਉਸਦੇ ਨਾਲ ਆ ਜਾਂਦਾ ਹੈ। ਇਨਕਲਾਬ ਜ਼ਿੰਦਾਬਾਦ ਕਹਿਣ ਵੇਲੇ ਜਾਂ ਫਾਸ਼ੀਵਾਦ ਮੁਰਦਾਬਾਦ ਕਹਿਣ ਵੇਲੇ ਉਸਦਾ ਜੋਸ਼ ਦੇਖਣ ਵਾਲਾ ਹੁੰਦਾ ਹੈ।  ਉਹ ਬੜੇ ਜੋਸ਼ ਅਤੇ ਸੁਰ ਨਾਲ ਆਖਿਆ ਕਰਦਾ ਹੈ:.
ਹੱਕ ਜਿਹਨਾਂ ਦੇ ਆਪਣੇ-ਆਪੇ ਲੈਣਗੇ ਖੋਹ!
ਕਾਮਰੇਡ ਚਮਕੌਰ ਦੇ ਇਸ ਜੋਸ਼ੀਲੇ ਪੋਤਰੇ ਤਨਵੀਰ ਸਿੰਘ ਦਾ ਜਨਮਦਿਨ 16 ਸਤੰਬਰ ਨੂੰ ਹੈ। ਇਸ ਮੌਕੇ ਇਸ ਜਨਮਦਿਨ ਨੂੰ ਮਨਾਉਣ ਦੀ ਰਸਮ ਵੀ ਲੋਕ ਪੱਖੀ ਅੰਦਾਜ਼ ਨਾਲ ਹੀ ਨਿਭਾਈ ਜਾਵੇਗੀ। 

Tuesday, 23 June 2020

ਨੌਜਵਾਨ ਅਤੇ ਵਿਦਿਆਰਥੀ ਫਿਰ ਮੈਦਾਨ ਵਿੱਚ ਡਟਣ ਲੱਗੇ

 ਬੁੱਧੀਜੀਵੀਆਂ ਦੀ ਰਿਹਾਈ ਲਈ ਵੀ ਕਰਨਗੇ ਜ਼ੋਰਦਾਰ ਰੋਸ ਵਖਾਵੇ  
ਲੁਧਿਆਣਾ: 23 ਜੂਨ 2020: (ਹਰਜਿੰਦਰ ਸਿੰਘ//ਲੋਕ ਮੀਡੀਆ ਮੰਚ)::
ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਖਿਲਾਫ ਬੋਲੇ ਹੋਏ ਫਾਸ਼ੀ ਹਮਲੇ ਤਹਿਤ ਵਿਦਿਆਰਥੀ ਕਾਰਕੁੰਨਾਂ ਤੇ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਦਾ ਵੱਡਾ ਦਮਨ ਚੱਕਰ ਚਲਾਇਆ ਹੋਇਆ ਹੈ। ਕੇਂਦਰੀ ਹਕੂਮਤ ਦੇ ਹੁਕਮਾਂ ਤੇ ਦਿੱਲੀ ਤੇ ਯੂ ਪੀ ਪੁਲਿਸ  ਵੱਲੋਂ ਪਿਛਲੇ ਦੋ ਢਾਈ ਮਹੀਨਿਆਂ ਦੌਰਾਨ ਅਜਿਹੇ ਦਰਜਨਾਂ ਵਿਦਿਆਰਥੀ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹੜੇ ਸੀ.ਏ.ਏ. ਵਿਰੋਧੀ ਅੰਦੋਲਨ ਦੌਰਾਨ ਮੂਹਰਲੀਆਂ ਸਫਾਂ ਵਿਚ ਰਹਿ ਕੇ ਜੂਝ ਰਹੇ ਸਨ। ਦਰਜਨ ਤੋਂ ਉੱਪਰ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਪਹਿਲਾਂ ਹੀ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ । ਇਨ੍ਹਾਂ ਸਭਨਾਂ ਦੀ ਰਿਹਾਈ ਲਈ ਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਲਈ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ ) ਦੇ ਸਰਗਰਮਾਂ ਵੱਲੋਂ 25 ਜੂਨ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ।ਦੋਵਾਂ ਜਥੇਬੰਦੀਆਂ ਨੇ ਸੂਬੇ ਦੇ ਜਮਹੂਰੀ ਹਲਕਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਹਕੂਮਤੀ ਜਬਰ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਤੇ ਇਨ੍ਹਾਂ ਪ੍ਰਦਰਸ਼ਨਾਂ ਚ ਸ਼ਮੂਲੀਅਤ ਕਰਨ।
     ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਅਸ਼ਵਨੀ ਕੁਮਾਰ ਅਤੇ ਹੁਸ਼ਿਆਰ ਸਲੇਮਗੜ੍ਹ ਨੇ ਕਿਹਾ ਕਿ ਦਿੱਲੀ ਤੇ ਯੂ ਪੀ ਦੀਆਂ ਜਾਮੀਆ ਮਿਲੀਆ ਇਸਲਾਮੀਆਂ ਯੂਨੀਵਰਸਿਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਦਰਜਨਾਂ ਕਾਰਕੁੰਨਾਂ ਨੂੰ ਲਾਕਡਾਊਨ ਤੇ ਕਰਫਿਊ ਦੀ ਦਹਿਸ਼ਤ ਦੇ ਦੌਰਾਨ ਗ੍ਰਿਫਤਾਰ ਕਰਕੇ ਜੇਲ੍ਹੀਂ ਸੁੱਟ ਦਿੱਤਾ ਗਿਆ ਹੈ। ਸੀ.ਏ.ਏ.ਵਿਰੋਧੀ ਸੰਘਰਸ਼ ਦੌਰਾਨ ਮੋਦੀ ਹਕੂਮਤ ਖ਼ਿਲਾਫ਼ ਬੇਖੌਫ਼ ਨਿੱਤਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਦੇ ਮਨਸ਼ੇ ਨਾਲ ਅਜਿਹਾ ਜਬਰ ਕੀਤਾ ਜਾ ਰਿਹਾ ਹੈ ।ਦੇਸ਼ ਧ੍ਰੋਹ ਦੇ ਕੇਸਾਂ ਨੂੰ ਸੱਤ ਇਕਵੰਜਾ ਵਾਂਗ ਵਰਤਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਵਿੱਚ ਇੱਕ ਗਰਭਵਤੀ ਲੜਕੀ ਸਫੂਰਾ ਜਰਗਰ ਵੀ ਹੈ ਜੋ ਹੁਣ ਕਰੋਨਾ ਸੰਕਟ ਦਰਮਿਆਨ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਸੀ ।ਇਨ੍ਹਾਂ ਕਾਰਕੁੰਨਾਂ ਨੂੰ ਦਿੱਲੀ ਫਿਰਕੂ ਹਿੰਸਾ ਲਈ ਦੋਸ਼ੀਆਂ ਵਜੋਂ ਕੇਸਾਂ  'ਚ ਫਸਾਇਆ ਜਾ ਰਿਹਾ ਹੈ ਜਦਕਿ ਹਿੰਸਾ ਭੜਕਾਉਣ ਤੇ ਕਤਲੇਆਮ ਰਚਾਉਣ ਦੇ ਦੋਸ਼ੀ ਕਪਿਲ ਮਿਸ਼ਰੇ ਵਰਗਿਆਂ ਵੱਲ ਉਂਗਲ ਤੱਕ ਨਹੀਂ ਕੀਤੀ ਗਈ। ਇਨ੍ਹਾਂ ਗ੍ਰਿਫ਼ਤਾਰੀਆਂ ਤੇ ਕੇਸਾਂ ਰਾਹੀਂ ਮੋਦੀ ਸਰਕਾਰ ਮੁਲਕ ਭਰ ਦੇ ਨੌਜਵਾਨਾਂ ਨੂੰ ਫਾਸ਼ੀ ਹਮਲੇ ਖਿਲਾਫ ਨਿਤਰਨ ਤੋਂ ਵਰਜਣਾ ਚਾਹੁੰਦੀ ਹੈ ਤੇ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਵਿਚ ਖੌਫ ਪੈਦਾ ਕਰਨਾ ਚਾਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਦੇ ਇਹ ਪ੍ਰਦਰਸ਼ਨ ਖੌਫ਼ਜ਼ਦਾ ਹੋਣ ਤੋਂ ਇਨਕਾਰ ਕਰਨ ਤੇ ਜ਼ੁਲਮ ਖਿਲਾਫ ਡਟਣ ਦੀ ਸੰਗਰਾਮੀ ਵਿਰਾਸਤ ਬੁਲੰਦ ਕਰਨ ਦਾ ਹੋਕਾ ਵੀ ਹੋਣਗੇ।
        ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਦੇ ਫਾਸ਼ੀ ਹਮਲੇ ਖ਼ਿਲਾਫ਼ ਗੂੰਜਦੀ ਆ ਰਹੀ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਹੀ ਮੁਲਕ ਦੇ ਨਾਮੀ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਭੀਮਾ ਕੋਰੇਗਾਓਂ ਦੇ ਝੂਠੇ ਕੇਸ ਚ ਨਿੱਤ ਰੋਜ਼ ਨਵੇਂ ਨਵੇਂ ਨਾਮ ਸ਼ਾਮਿਲ ਕਰਕੇ ਦੇਸ਼ ਧਰੋਹ ਦੇ ਕੇਸ ਮੜ੍ਹੇ ਜਾ ਰਹੇ ਹਨ। ਜੇਲ੍ਹਾਂ ਚ ਸੁੱਟੇ ਗਏ ਇਨ੍ਹਾਂ ਬੁੱਧੀਜੀਵੀਆਂ ਚੋਂ ਵੱਡਾ ਹਿੱਸਾ ਵਡੇਰੀ ਉਮਰ ਤੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣ ਕਰਕੇ ,ਕਰੋਨਾ ਬਿਮਾਰੀ ਦੇ ਖ਼ਤਰੇ ਹੇਠ ਆਉਣ ਵਾਲੇ ਗਰੁੱਪ 'ਚ ਸ਼ੁਮਾਰ ਹੁੰਦਾ ਹੈ, ਪਰ ਇਸ ਸਭ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਕਾਰਕੁਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਜਦਕਿ ਇੱਕ ਪਾਸੇ ਜੇਲ੍ਹਾਂ ਚੋਂ ਕੈਦੀ ਘਟਾਉਣ ਦੇ ਕਦਮ ਲਏ ਜਾ ਰਹੇ ਹਨ। ਹਕੂਮਤੀ ਪਹੁੰਚ ਇਨ੍ਹਾਂ ਨੂੰ ਕਦਮ ਦਰ ਕਦਮ ਮੌਤ ਵੱਲ ਧੱਕਣ ਵਾਲੀ ਹੈ। ਜੀ.ਐੱਨ. ਸਾਈਂ ਬਾਬਾ ਤੇ ਵਰਵਰਾ ਰਾਓ ਵਰਗੇ ਕਾਰਕੁੰਨਾਂ ਨੂੰ ਇਲਾਜ ਖੁਣੋਂ ਹੀ ਮਰਨ ਲਈ ਸੁੱਟਿਆ ਜਾ ਰਿਹਾ ਹੈ। ਜਾਣ ਬੁੱਝ ਕੇ ਮੁਲਕ ਦੀਆਂ ਦੂਰ ਦੁਰਾਡੇ ਦੀਆਂ ਜੇਲ੍ਹਾਂ 'ਚ ਭੇਜਿਆ ਗਿਆ ਹੈ ਤਾਂ ਕਿ ਪਰਿਵਾਰਾਂ ਦੀ ਪਹੁੰਚ ਵੀ ਨਾ ਹੋ ਸਕੇ।ਇਨ੍ਹਾਂ ਨੂੰ ਮਹਾਂਰਾਸ਼ਟਰ ਦੀਆਂ ਤੂੜੀਆਂ ਪਈਆਂ ਜੇਲ੍ਹਾਂ 'ਚ ਡੱਕਿਆ ਹੋਇਆ ਹੈ ਜਿੱਥੇ ਬਿਮਾਰੀ ਦੀ ਲਾਗ ਦਾ ਖਤਰਾ ਸਭ ਤੋਂ ਜ਼ਿਆਦਾ ਹੈ। ਇਹ ਸਾਰਾ ਜ਼ੁਲਮ ਇਨ੍ਹਾਂ ਕਾਰਕੁੰਨਾਂ ਦਾ ਮਨੋਬਲ ਤੋੜਨ ਤੇ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਸੁਣਾਉਣੀ ਕਰਨ ਲਈ ਹੈ ਕਿ ਉਹ ਹੱਕ-ਸੱਚ ਲਈ ਬੋਲਣ ਦਾ ਆਪਣਾ ਫਰਜ਼ ਨਿਭਾਉਣੋਂ ਹਟ ਜਾਣ। ਇਹ ਸਾਰੀਆਂ ਆਵਾਜ਼ਾਂ ਉਹ ਹਨ ਜੋ ਮੁਲਕ ਦੇ ਸਭ ਤੋਂ ਵਧੇਰੇ ਦਬਾਏ ਆਦਿਵਾਸੀਆਂ, ਦਲਿਤਾਂ, ਔਰਤਾਂ ਤੇ ਹਰ ਤਰ੍ਹਾਂ ਦੇ ਕਿਰਤੀ ਕਾਮਿਆਂ ਦੇ ਹੱਕ 'ਚ ਉੱਠਦੀਆਂ ਆ ਰਹੀਆਂ ਹਨ ਤੇ ਵੱਡੇ ਸਰਮਾਏਦਾਰਾਂ, ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਇਨ੍ਹਾਂ ਦੀਆਂ ਸੇਵਾਦਾਰ ਹਕੂਮਤਾਂ ਦੇ ਜ਼ੁਲਮਾਂ ਖ਼ਿਲਾਫ਼ ਉੱਠਦੀਆਂ ਆ ਰਹੀਆਂ ਹਨ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਮੂਹਰੇ ਮੁਲਕ ਦੇ ਬੁੱਧੀਜੀਵੀ ਤੇ ਜਮਹੂਰੀ ਕਾਮੇ ਡਟ ਕੇ ਖਲੋ ਗਏ ਹਨ ਤੇ ਇਸੇ ਕਰਕੇ ਮੋਦੀ ਹਕੂਮਤ  ਦੇ ਚੋਟ ਨਿਸ਼ਾਨੇ ਤੇ ਹਨ ।ਦੁਨੀਆਂ ਦੇ ਨਾਮੀ ਬੁੱਧੀਜੀਵੀਆਂ ਤੇ ਜਮਹੂਰੀ ਹਲਕਿਆਂ ਵੱਲੋਂ ਮੋਦੀ ਹਕੂਮਤ ਦੇ ਇਸ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਈ ਜਾ ਰਹੀ ਹੈ ਤੇ ਇਨ੍ਹਾਂ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਸਰਕਾਰ ਹਰ ਤਰ੍ਹਾਂ ਦੀ ਆਵਾਜ਼ ਨੂੰ ਅਣਸੁਣੀ ਕਰਦੀ ਆ ਰਹੀ ਹੈ।
      ਦੋਹਾਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਮੋਦੀ ਹਕੂਮਤ ਦੇ ਸਮੁੱਚੇ ਫਿਰਕੂ ਫਾਸ਼ੀ ਹਮਲੇ ਦਾ ਮਕਸਦ ਦੇਸੀ ਵਿਦੇਸ਼ੀ ਧਨਾਢਾਂ ਲਈ ਮੁਲਕਾਂ ਨੂੰ ਲੁਟਾਉਣਾ ਹੈ ।ਕਰੋਨਾ ਸੰਕਟ ਦੀ ਆੜ ਲੈ ਕੇ ਲੋਕਾਂ ਦੇ ਹਿੱਤਾਂ ਤੇ ਬੋਲਿਆ ਆਰਥਿਕ ਹੱਲਾ ਅਤੇ ਹੋਰ ਤੇਜ਼ ਕੀਤਾ ਗਿਆ ਜਾਬਰ ਹੱਲਾ ਇਹੀ ਦੱਸਦਾ ਹੈ।  ਇਸ ਹਮਲੇ ਖ਼ਿਲਾਫ਼ ਮੁਲਕ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਨਿਤਰਨਾ ਚਾਹੀਦਾ ਹੈ।
       25 ਜੂਨ ਨੂੰ ਬਠਿੰਡਾ, ਸੁਨਾਮ, ਮੂਣਕ, ਨਿਹਾਲ  ਸਿੰਘ ਵਾਲਾ ਅਤੇ ਲੁਧਿਆਣਾ ਵਿਖੇ ਹੋਣ ਵਾਲੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਨੌਜਵਾਨ-ਵਿਦਿਆਰਥੀਆਂ ਅਤੇ ਸਭਨਾਂ ਜਮਹੂਰੀ ਹਲਕਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

Saturday, 4 April 2020

ਤਰਕਸ਼ੀਲ ਸੁਸਾਇਟੀ ਵਲੋਂ ਵੀ ਦੀਵੇ ਜਗਾਉਣ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ

4th April 4 at 2020 at 5:09 PM
ਦੀਵੇ ਜਗਾਕੇ ਕਰੋਨਾ ਭਜਾਉਣ ਦੇ ਬਿਆਨ ਪੂਰੀ ਤਰਾਂ ਗੈਰ ਵਿਗਿਆਨਕ 
ਲੁਧਿਆਣਾ: 4 ਅਪਰੈਲ 2020: (ਲੋਕ ਮੀਡੀਆ ਮੰਚ ਬਿਊਰੋ):: 
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਟੈਲੀਵਿਜ਼ਨ ਉਪਰ ਦੇਸ਼ ਵਾਸੀਆਂ ਨੂੰ ਦਿਤੇ ਸੰਦੇਸ਼ ਵਿੱਚ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਬਤੀਆਂ ਬੰਦ ਕਰਕੇ ਦੀਵੇ, ਟਾਰਚ ਜਗਾ ਕੇ ਕਰੋਨਾ ਭਜਾਉਣ ਦੇ ਗੈਰ ਵਿਗਿਆਨਕ ਬਿਆਨ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਹਾਸੋਹੀਣਾ ਕਰਾਰ ਦਿੱਤਾ ਹੈ। ਸੁਸਾਇਟੀ ਦੇ ਜ਼ੋਨ ਲੁਧਿਆਣਾ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਵਿੱਤ ਮੁੱਖੀ ਆਤਮਾ ਸਿੰਘ, ਇਕਾਈ ਮੁੱਖੀ ਬਲਵਿੰਦਰ ਸਿੰਘ ਸਮੇਤ ਸਤੀਸ਼ ਸੱਚਦੇਵਾ, ਧਰਮਪਾਲ ਸਿੰਘ ਵਲੋਂ ਤਿਖੀ ਆਲੋਚਨਾ ਕੀਤੀ ਹੈ। ਪ੍ਰੈਸ ਨੂੰ ਦਿਤੇ ਬਿਆਨ ਰਾਹੀਂ ਆਗੂਆਂ ਨੇ ਕਿਹਾ ਕਿ ਕਰੋਨਾ ਬਿਮਾਰੀ ਨਾਲ ਪੂਰੀ ਦੁਨੀਆ ਦੇ ਦੇਸ਼ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਨਵੇਂ ਹਸਪਤਾਲ ਬਣਾਉਣ ਦੇ ਐਲਾਨ ਕਰ ਰਹੇ ਹਨ, ਮਰੀਜ਼ਾਂ ਲਈ ਵੈਂਟੀਲੈਂਟਰਾਂ ਦੀ ਘਾਟ ਪੂਰੀ ਕਰਨ ਲਈ ਪ੍ਰਬੰਧ ਕਰ ਰਹੇ ਹਨ, ਬੇਰੋਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦੇ ਐਲਾਨ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦੀਵੇ ਜਗਾਉਣ ਨਾਲ ਕਰੋਨਾ ਭਜਾਉਣ ਦੇ ਬਿਆਨ ਦੇ ਕੇ ਅੰਧ ਵਿਸ਼ਵਾਸ਼ ਨੂੰ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਕਹਿਣਾ ਕਿ “ਕਰੋਨਾ ਦੀ ਚਾਇਨ ( ਲੜੀ ) ਤੋੜਨ ਲਈ ਇਹੋ ਰਾਮ ਬਾਣ ਇਲਾਜ ਹੈ “ ਨੂੰ ਅੰਧਵਿਸ਼ਵਾਸੀ ਕਰਾਰ ਦਿੱਤਾ। ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਗੈਰ ਵਿਗਿਆਨਕ ਕੰਮ ਨੂੰ ਨਾ ਕਰਨ। ਆਗੂਆਂ ਨੇ ਪ੍ਰਧਾਨ ਮੰਤਰੀ ਤੋਂ ਵੀ ਮੰਗ ਕੀਤੀ ਕਿ ਦੇਸ਼ ਦੀ ਇਸ ਸੰਕਟ ਦੀ ਘੜੀ ਵਿੱਚ ਅੰਧਵਿਸ਼ਵਾਸਾਂ ਨੂੰ ਵਧਾਉਣ ਦੀ ਥਾਂ ਦੇਸ਼ ਦੇ ਲੋਕਾਂ ਲਈ ਲੜ ਰਹੇ ਡਾਕਟਰਾਂ/ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਦਾ ਸਮਾਨ ਮਹੱਈਆ ਕਰਨ ਦੀ ਗੱਲ ਕਰਨ। ਬੇਰੋਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦਾ ਐਲਾਨ ਕਰਨ। ਦੇਸ਼ ਵਾਸੀਆਂ ਨੂੰ ਇਹ ਦਸਣ ਦੀ ਖੇਚਲ ਕਰਨ ਕਿ ਨਵੇਂ ਹਸਪਤਾਲ ਕਿੰਨੇ ਬਣਾਉਣ ਦੀ ਯੋਜਨਾ ਹੈ? ਕਿੰਨੇ ਵੈਂਟੀਲੇਟਰਾਂ ਦੀ ਜ਼ਰੂਰਤ ਹੈ ਅਤੇ ਕਿੰਨੇ ਇਸ ਆਫ਼ਤ ਲਈ ਹੋਰ ਖਰੀਦੇ ਹਨ? ਮਜ਼ਦੂਰਾਂ ਲਈ ਖਾਧ ਖ਼ੁਰਾਕ ਅਤੇ ਆਰਥਿਕ ਸਹਾਇਤਾ ਕਿਵੇਂ ਪੁਜਦੀ ਕੀਤੀ ਜਾਵੇਗੀ? ਉਹਨਾਂ ਅੱਗੇ ਕਿਹਾ ਕਿ ਥਾਲੀਆਂ, ਤਾੜੀਆਂ, ਟੱਲੀਆਂ ਤੇ ਘੰਟੀਆਂ ਬਜਾਉਣਾ ਇਸ ਸਮੱਸਿਆ ਦਾ ਇਲਾਜ ਨਹੀਂ ਤੇ ਨਾ ਹੀ ਇਸ ਤਰ੍ਹਾਂ ਕਰਨ ਨਾਲ ਭੁੱਖੇ ਢਿੱਡ ਬੈਠੇ ਲੋਕਾਂ ਦਾ ਮਨੋਬਲ ਉੱਚਾ ਹੋਣਾ ਹੈ। ਆਗੂਆਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਖ਼ਜ਼ਾਨੇ ਦਾ ਮੂੰਹ ਸਿਹਤ ਸੇਵਾਵਾਂ ਅਤੇ ਗਰੀਬਾਂ ਵਲ ਕੀਤਾ ਜਾਵੇ।