Saturday 20 March 2021

26 ਜਨਵਰੀ ਦੀਆਂ ਘਟਨਾਵਾਂ ਬਾਰੇ ਕਰਤੀ ਧਰਤੀ ਵੱਲੋਂ ਵਿਸ਼ੇਸ਼ ਪੋਸਟ

 ਟਰਾਲੀ ਟਾਈਮਜ਼ ਦੇ ਨਾਲ ਨਾਲ ਇੱਕ ਹੋਰ ਮੀਡੀਆ ਉਪਰਾਲਾ 


ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ:(ਕਾਰਤਿਕਾ ਸਿੰਘ//ਲੋਕ ਮੀਡੀਆ ਮੰਚ)::

ਅੰਦੋਲਨਾਂ ਦਾ ਦੁਨੀਆ ਭਰ ਵਿੱਚ ਇੱਕ ਲੰਮਾ ਇਤਿਹਾਸ ਹੈ। ਇਹਨਾਂ ਅੰਦੋਲਨਾਂ ਵਿੱਚ ਸ਼ਾਮਲ ਲੋਕਾਂ ਨੇ ਅਥਾਹ ਕੁਰਬਾਨੀਆਂ ਵੀ ਦਿੱਤੀਆਂ ਹਨ ਅਤੇ  ਵੀ ਕੀਤੀਆਂ ਹਨ। ਜੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਨਾ ਹੋਏ ਹੁੰਦੇ ਤਾਂ ਹੁਣ ਵਾਲਾ ਸਿਆਸੀ ਦ੍ਰਿਸ਼ ਵੀ ਮੌਜੂਦ ਨਹੀਂ ਸੀ ਹੋਣਾ। ਅੰਦੋਲਨਕਾਰੀਆਂ ਕੋਈ ਕੁਝ ਵੀ ਆਖੀ ਜਾਏ ਪਰ ਅਸਲ ਵਿੱਚ ਇਹ ਸਾਰੇ ਲੋਕ ਇੱਕ ਪਰਿਵਾਰ ਵਾਂਗ ਬਣ ਜਾਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ 26 ਜਨਵਰੀ 2021 ਨੂੰ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲੇ ਵਾਲੀਆਂ ਘਟਨਾਵਾਂ ਵਾਪਰੀਆਂ ਤਾਂ ਅੰਦੋਲਨਕਾਰੀਆਂ ਦੇ ਇਸ ਸਾਰੇ ਪਰਿਵਾਰ ਵਿੱਚ ਉਦਾਸੀ ਛਾ ਗਈ। ਉਸ ਵੇਲੇ ਮਨਾਂ ਵਿੱਚ ਚੱਲ ਰਹੇ ਉਤਰਾਵਾਂ ਝੜਾਅਵਾਂ ਨੂੰ ਬਹੁਤ ਹੀ ਸੰਖੇਪ ਢੰਗ ਨਾਲ ਕਲਮਬੱਧ ਕੀਤਾ ਹੈ ਉੱਤਰਾਖੰਡ ਦੀ ਨਵਨੀਤ ਕੌਰ ਨੇ ਜਿਸ ਵਿੱਚ ਉਹ ਮਨ ਦੇ ਸੰਸਿਆਂ ਦਾ ਜ਼ਿਕਰ ਵੀ ਕਰਦੀ ਹੈ। ਮਨ ਨਾਲ  ਵਿਚਾਰਾਂ ਦਾ ਵੀ ਅਤੇ ਅੰਦੋਲਨ ਨਾਲ ਪ੍ਰਤੀਬੱਧਤਾ ਦਾ ਵੀ। ਮਨ ਦੀ ਇਹ ਅਵਸਥਾ ਸਿਆਸੀ ਗਿਣਤੀਆਂ ਮਿਣਤੀਆਂ ਅਤੇ ਨਫ਼ੇ ਨੁਕਸਾਨਾਂ ਤੋਂ ਕੋਹਾਂ ਦੂਰ ਹੈ ਜਿਸ ਵਿੱਚ ਸਿਰਫ ਇੱਕੋ ਰਿਸ਼ਤਾ ਹੈ। ਕਿਸਾਨੀ ਨਾਲ ਦਰਦ ਦਾ ਰਿਸ਼ਤਾ। ਮਨੁੱਖਤਾ ਵਾਲਾ ਰਿਸ਼ਤਾ। ਸੱਚ ਵਾਲਾ ਰਿਸ਼ਤਾ।ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਤੇਜ਼ੀ ਨਾਲ ਅਤੇ ਅਚਾਨਕ ਹੀ ਸਾਹਮਣੇ ਆਏ ਕਰਤੀ ਧਰਤੀ ਨਾਮ ਦੇ ਨਵੇਂ ਪਰਚੇ ਨੇ ਜਿਸਦੇ ਹੁਣ ਤੱਕ ਘਟੋਘਟ ਤਿੰਨ ਅੰਕ ਸਾਹਮਣੇ ਆ ਚੁੱਕੇ ਹਨ। ਟਰਾਲੀ ਟਾਈਮਜ਼  ਤੇਜ਼ੀ ਨਾਲ ਉਭਰ ਰਹੇ ਇਸ ਪਰਚੇ ਨੇ ਵੀ ਆਪਣੀ ਵੱਖਰੀ ਥਾਂ ਅਤੇ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ।  ਹਰ ਪੰਦਰਵਾੜੇ ਨੂੰ ਛਪਣ ਵਾਲੇ ਇਸ ਪਰਚੇ ਨੂੰ ਗੁਰਮੁਖੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਛਾਪਿਆ ਜਾਂਦਾ ਹੈ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਇੱਕ ਪ੍ਰਸਿੱਧ ਸਿਆਸੀ ਲੀਡਰ ਅਤੇ ਬੁੱਧੀਜੀਵੀ ਦੀਆਂ ਬੇਟੀਆਂ ਆਪਣੀਆਂ ਸਹੇਲੀਆਂ ਦੇ ਨਾਲ ਇਸਦਾ *ਸੰਚਾਲਨ ਕਰਦੀਆਂ ਹਨ। ਇਹ ਕੁੜੀਆਂ ਹਨ ਜਿਹੜੀਆਂ  ਇਨਾਮਾਂ  ਸ਼ਨਾਮਾਂ ਤੋਂ ਦੂਰ ਰਹਿੰਦੀਆਂ ਹਨ:ਲਓ ਪੜ੍ਹੋ ਉੱਤਰਾਖੰਡ ਵਾਲੀ ਨਵਨੀਤ ਕੌਰ ਦੀ ਪੋਸਟ:

ਤੇ ਫੇਰ ਮੈਂ ਵਾਪਿਸ ਆ ਗਈ


ਮੈਂ 20 ਦਿਨ ਪਹਿਲਾਂ ਉੱਤਰਾਖੰਡ ਤੋਂ ਆਪਣੀ ਭੈਣ ਅਤੇ ਮਾਂ ਨਾਲ਼ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਈ ਸੀ। ਇੱਥੇ ਆਉਣ ਤੋਂ ਬਾਅਦ ਮੈਂ ਇੱਥੋਂ ਵਾਪਿਸ ਨਹੀਂ ਜਾ ਸਕੀ। ਜਦੋਂ ਮੇਰੇ ਭਰਾ ਨੇ ਇਸ ਅੰਦੋਲਨ ਦੀ ਸ਼ਰੂਆਤ ਵਿੱਚ ਮੈਨੂੰ ਇਹਨਾਂ ਤਿੰਨ ਖੇਤੀ ਕਾਨੂੰਨਾਂ ਬਾਰੇ ਦੱਸਿਆ, ਮੈਂ ਉਦੋਂ ਤੋ ਹੀ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਸੀ। 26 ਜਨਵਰੀ ਤੱਕ ਅੰਦੋਲਨ ਸ਼ਾਂਤਮਈ ਚੱਲ ਰਿਹਾ ਸੀ। 26 ਜਨਵਰੀ ਨੂੰ ਜਦੋਂ ਲੋਕ ਭਟਕ ਕੇ ਦਿੱਲੀ ਵੱਲ ਨੂੰ ਚਲੇ ਗਏ ਅਤੇ ਪੂਰੇ ਮੀਡੀਆ ਨੇ ਇਸ ਅੰਦੋਲਨ ਦਾ ਰੂਪ ਬਦਲ ਦਿੱਤਾ, ਇਹਦੇ ਨਾਲ਼ 26 ਜਨਵਰੀ ਦੇ ਮਾਰਚ ਦੀਆ ਘਟਨਾਵਾਂ ਤੋਂ ਬਾਅਦ ਗਾਜ਼ੀਪੁਰ ਵਿੱਚ ਇੱਕ ਦੁੱਖ ਭਰੀ ਖਾਮੋਸ਼ੀ ਛਾਈ ਰਹੀ। ਸ਼ਾਮ ਨੂੰ ਕੁਝ ਲੋਕ ਵਾਪਿਸ ਗਾਜ਼ੀਪੁਰ ਤੋਂ ਆਪਣੇ ਘਰਾਂ ਵੱਲ ਜਾ ਰਹੇ ਸਨ ਤਾਂ ਮੈਂ ਤੇ ਮੇਰੀ ਸਹੇਲੀ ਰਾਜਪਾਲ ਕੌਰ (ਹਰਿਆਣਾ ਤੋਂ) ਨੇ ਬਹੁਤ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਅੰਦੋਲਨ ਵਿੱਚ ਰੁਕਣ ਲਈ ਕਿਹਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਉਹਨਾਂ ਦੇ ਜਾਣ ਨਾਲ਼ ਕਮਜ਼ੋਰ ਪੈ ਜਾਵੇਗਾ। ਪਰ ਫਿਰ ਵੀ ਲੋਕ ਅਲੱਗ-ਅਲੱਗ ਕਾਰਣਾਂ ਕਰਕੇ ਵਾਪਿਸ ਜਾਂਦੇ ਰਹੇ। ਅਤੇ ਰਾਤ ਤੱਕ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਗਈ। 


27 ਜਨਵਰੀ ਦਾ ਦਿਨ ਵੀ ਏਸੇ ਤਰ੍ਹਾਂ ਅਟਕਲਾਂ ਵਿੱਚ ਗੁਜ਼ਰਿਆ। ਦਿਨ ਭਰ ਜਿੱਥੇ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਅੰਦੋਲਨ ਦੇ ਖਿਲਾਫ਼ ਪ੍ਰਚਾਰ ਹੁੰਦਾ ਰਿਹਾ, ਗਾਜ਼ੀਪੁਰ ਦੇ ਲੋਕ ਹੋਰ ਚੌਕੰਨੇ ਹੋਣ ਲੱਗੇ। ਰਾਤ ਨੂੰ ਬਹੁਤ ਲੋਕਾਂ ਨੇ ਪਹਿਰਾ ਦਿੱਤਾ, ਅਤੇ ਅਸੀਂ ਔਰਤਾਂ ਨੇ ਵੀ ਬੈਠ ਕੇ ਰਾਤ ਕੱਢੀ। ਪਰ 28 ਜਨਵਰੀ ਦੀ ਸ਼ਾਮ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜਦੋਂ ਆਤਮ ਸਮਰਪਣ ਦੀ ਗੱਲ ਆਖੀ ਤਾਂ ਅੰਦੋਲਨ ਵਾਲੀ ਥਾਂ ਉੱਤੇ ਹੜਬੜੀ ਜਿਹੀ ਮੱਚ ਗਈ। ਬਹੁਤ ਸਾਰੇ ਲੋਕਾਂ ਨੂੰ ਇਹ ਅੰਦੋਲਨ ਸਮਾਪਤ ਹੁੰਦਾ ਨਜ਼ਰ ਆਇਆ। ਇਸੇ ਉਧੇੜ-ਬੁਣ ਵਿੱਚ ਸਾਨੂੰ ਅਤੇ ਹੋਰ ਮਹਿਲਾ ਅੰਦੋਲਨਕਾਰੀਆਂ ਨੂੰ ਪਰਿਵਾਰ ਵਾਲਿਆਂ ਨੇ ਸੁਰੱਖਿਆ ਕਾਰਣਾਂ ਦੇ ਮੱਦੇਨਜ਼ਰ ਵਾਪਸ ਜਾਣ ਨੂੰ ਕਿਹਾ। ਮੈਂ ਇੱਥੇ ਰੁਕਣਾ ਚਾਹੁੰਦੀ ਸੀ ਅਤੇ ਸਾਰਿਆਂ ਦੇ ਨਾਲ਼ ਇਸ ਅੰਦੋਲਨ ਲਈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਨਾ ਚਾਹੁੰਦੀ ਸੀ, ਪਰ ਅੰਦੋਲਨ ਵਿੱਚ ਮੌਜੂਦ ਜਾਣਕਾਰਾਂ ਦੀ ਹਿਦਾਇਤ ਅਨੁਸਾਰ (ਸੁਰੱਖਿਆ ਕਾਰਣਾਂ ਕਰਕੇ) ਮੈਂ, ਮੇਰੀ ਭੈਣ, ਮੇਰੀ ਮਾਂ ਅਤੇ ਕੁਝ ਹੋਰ ਲੋਕ ਸ਼ਾਮ ਦੇ ਲੱਗਭਗ 7.00 ਵਜੇ ਗਾਜ਼ੀਪੁਰ ਤੋਂ ਉੱਤਰਾਖੰਡ ਲਈ ਇੱਕ ਟਰਾਲੀ ਵਿੱਚ ਨਿਕਲੇ। ਰਸਤੇ ਵਿੱਚ ਸਭ ਚੁੱਪ ਸਨ ਅਤੇ ਸਹਿ ਯਾਤਰੀ ਸਾਨੂੰ ਲਗਾਤਾਰ ਚੁੱਪ ਰਹਿਣ ਦੀ ਅਤੇ ਰਸਤੇ ਵਿੱਚ ਕਿਸੇ ਨੂੰ ਵੀ ਸਾਡੇ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਗੱਲ ਨਾ ਦੱਸਣ ਦੀ ਹਿਦਾਇਤ ਦੇ ਰਹੇ ਸਨ। ਪਰ ਜਦੋਂ ਮੈਨੂੰ ਅੱਧੀ ਰਾਤ ਗਾਜ਼ੀਪੁਰ ਬਾਡਰ ਤੋਂ ਆਪਣੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਕਿ ਅੰਦੋਲਨ ਚੱਲੇਗਾ ਅਤੇ ਟਿਕੈਤ ਸਮਰਪਣ ਨਹੀਂ ਦੇਣਗੇ, ਤਾਂ ਟਰਾਲੀ ਵਿੱਚ ਸਵਾਰ ਇੱਕ ਬਜ਼ੁਰਗ ਨੇ ਵਾਪਿਸ ਗਾਜ਼ੀਪੁਰ ਜਾਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਵੀ ਵਾਪਿਸ ਆਉਣਾ ਚਾਹੁੰਦੀ ਸੀ ਤਾਂ ਅਸੀ ਟ੍ਰੈਕਟਰ ਵਾਲੇ ਨੂੰ ਰਸਤੇ ਵਿੱਚੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਸਾਨੂੰ ਚੜ੍ਹਾਉਣ ਨੂੰ ਕਿਹਾ। ਟ੍ਰੈਕਟਰ-ਚਾਲਕ ਰਾਤ ਨੂੰ ਮੈਨੂੰ ਬੱਸ ਚੜ੍ਹਾਉਣ ਤੋਂ ਹਿਚਕਚਾ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਾਂ ਵੀ ਮੇਰੇ ਵਾਪਿਸ ਜਾਣ ਤੇ ਰਾਜ਼ੀ ਹੈ। ਫਿਰ ਆਖਿਰਕਾਰ ਰਸਤੇ ਵਿੱਚ ਦਿੱਲੀ ਵਾਲੇ ਪਾਸਿਉਂ ਆਉਣ ਵਾਲੀ ਉੱਤਰ ਪ੍ਰਦੇਸ਼ ਰਾਜ ਸੜਕ ਪਰਿਵਾਹਨ ਨਿਗਮ ਦੀ ਬੱਸ ਲੈ ਕੇ ਮੈਂ ਅਤੇ ਉਹ ਬਜ਼ੁਰਗ ਰਾਤ ਨੂੰ 2.00 ਵਜੇ ਵਾਪਿਸ ਗਾਜ਼ੀਪੁਰ ਅੱਪੜੇ। ਉਸ ਰਾਤ ਮੈਂ ਇੱਥੇ ਇਕੱਲੀ ਔਰਤ ਸੀ। ਮੈਂ ਉਸ ਦਿਨ ਤੋਂ ਲਗਾਤਾਰ ਇੱਥੇ ਹਾਂ, ਅੱਗੇ ਵੀ ਰਹਾਂਗੀ, ਕਿਉਂਕਿ ਮੈਨੂੰ ਦੇਖਕੇ ਇੱਥੇ ਹੋਰ ਔਰਤਾਂ ਆਉਣਗੀਆਂ ਅਤੇ ਉਹਨਾਂ ਨੂੰ ਦੇਖਕੇ ਕੁਝ ਹੋਰ। ਇਸ ਤਰ੍ਹਾਂ ਨਾਲ਼ ਸਾਡਾ ਅੰਦੋਲਨ ਵੀ ਅੱਗੇ ਵਧੇਗਾ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ ਅਤੇ ਹਿੱਸੇਦਾਰੀ ਵੀ ਵਧੇਗੀ।

ਕਰਤੀ ਧਰਤੀ ਦੀ ਸੰਚਾਲਨ ਟੀਮ ਵਾਲੇ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ:

ਬਾਨੀ ਕਰਤੀ:ਸੰਗੀਤ ਤੂਰ

ਡਿਜ਼ਾਈਨ ਕਰਤੀ:ਨਵਜੀਤ ਕੌਰ 

ਮੁੱਖ ਕਰਤੀ:ਸਰਗਮ ਤੂਰ 

ਈਮੇਲ ਸੰਪਰਕ:kartidhartimagazine@gmail.com

No comments:

Post a Comment