Monday 21 September 2020

AISF ਦੀ ਵਿਸ਼ੇਸ਼ ਮੀਟਿੰਗ ਨੇ ਨਵੀਂ ਚੋਣ ਸਮੇਂ ਲਿਆ ਹਾਲਾਤ ਦਾ ਜਾਇਜ਼ਾ

 ਕਿਸਾਨੀ ਬਲਦੀ ਦੇ ਬੂਥੇ ਅਤੇ ਬੀਜੇਪੀ ਵੱਲੋਂ ਕੇਕ ਕੱਟਣ ਦਾ ਗੰਭੀਰ ਨੋਟਿਸ    


ਲੁਧਿਆਣਾ
:20 ਸਤੰਬਰ 2020:: (ਲੋਕ ਮੀਡੀਆ ਮੰਚ ਬਿਊਰੋ)::
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਮੌਜੂਦਾ ਸਮੇਂ ਦੇ ਬੇਹੱਦ ਨਾਜ਼ੁਕ ਦੌਰ ਵਿੱਚ ਹੈ। ਪੂਰਾ ਦੇਸ਼ ਕੇਂਦਰ ਸਰਕਾਰ ਦੇ ਖਿਲਾਫ ਉਬਾਲੇ ਖਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਮਗਰੋਂ ਖੇਤੀ ਆਰਡੀਨੈਂਸਾਂ ਦਾ ਮੁੱਦਾ ਗਰਮਾਇਆ ਹੋਇਆ ਹੈ। ਕਿਸਾਨ ਦੇ ਖੇਤ, ਉਸਦੀ ਫਸਲ ਅਤੇ ਉਸਦੀ ਕਿਰਤ ਸ਼ਕਤੀ ਸਭ ਕੁਛ ਖਤਰੇ ਵਿੱਚ ਨਜ਼ਰ ਆ ਰਿਹਾ ਹੈ। 

ਹੁਣ ਜਦੋਂ ਕਿ ਕਾਲਜਾਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਵੱਲੋਂ ਪੇਪਰ ਦਿੱਤੇ ਜਾ ਰਹੇ ਹਨ। ਪੇਪਰਾਂ ਦੀ ਫੀਸ ਵਾਲੀ ਪੂਰੀ ਪੇਮੈਂਟ ਵੀ ਐਡਵਾਂਸ ਦਿੱਤੀ ਹੋਈ ਹੋਣ ਦੇ ਬਾਵਜੂਦ ਇਹਨਾਂ ਇਮਤਿਹਾਨਾਂ ਵਿੱਚ ਆਏ ਸੁਆਲਾਂ ਦੇ ਜੁਆਬ ਲਿਖਣ ਲਈ ਵਿਦਿਆਰਥੀਆਂ ਨੂੰ ਉੱਤਰ ਸ਼ੀਟਾਂ ਖੁਦ ਖਰੀਦ ਕੇ ਲਿਖਣੀਆਂ ਪੈ ਰਹੀਆਂ ਹਨ। ਸੱਚਮੁੱਚ ਮੌਜੂਦਾ ਦੌਰ  ਵਿਦਿਆਰਥੀ ਵਰਗ ਲਈ ਸਿਰ ਜੋੜ ਕੇ ਸੋਚਣ ਦਾ ਸਮਾਂ ਹੈ। 

ਜ਼ਿਕਰਯੋਗ ਹੈ ਕਿ ਇਸ ਨਵੇਂ ਸਿਸਟਮ ਨਾਲ ਅਧਿਆਪਕ ਵਰਗ ਤੇ ਵੀ ਕੰਮ ਦਾ ਬੋਝ ਵੱਧ ਗਿਆ ਹੈ। ਇਮਤਿਹਾਨਾਂ ਦੇ ਪਹਿਲੇ ਦਿਨ ਹੀ ਅਧਿਆਪਕ ਵਰਗ ਨੂੰ ਸਾਰੇ ਪ੍ਰਬੰਧ ਪੂਰੇ ਕਰਦਿਆਂ ਕਾਲਜ ਵਿੱਚ ਹੀ ਰਾਤ ਦੇ ਅੱਠ ਵੱਜ ਗਏ ਸਨ। ਇਸ ਸਭ ਕੁਝ ਨੂੰ ਅਧਿਆਪਕ ਵਰਗ ਨੇ ਵੀ ਖਾਮੋਸ਼ੀ ਨਾਲ ਸਹਿ ਲਿਆ ਤਾਂਕਿ ਇਮਤਿਹਾਨਾਂ ਵਿੱਚ ਕੋਈ ਵਿਘਨ ਨਾ ਪਵੇ। ਵਿਦਿਅਕ ਸੰਗਠਨਾਂ ਨੂੰ ਇਸ ਸਭ ਕੁਝ ਦਾ ਗੰਭੀਰ ਨੋਟਿਸ ਲੈਂਦਿਆਂ ਖੁਦ ਹੀ ਅੱਗੇ ਆਉਣਾ ਪੈਣਾ ਹੈ ਅਤੇ ਦੱਸਣਾ ਪੈਣਾ ਹੈ ਕਿ ਅਧਿਆਪਕ ਵੀ ਇਨਸਾਨ ਹੁੰਦੇ ਹਨ ਕੋਈ ਮਸ਼ੀਨ ਨਹੀਂ ਹੁੰਦੇ। ਅਫਸੋਸ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਆਵਾਜ਼ ਨਹੀਂ ਉੱਠੀ। ਹਾਲਾਤ ਦੇ ਬਦਤਰ ਹੋਣ ਵਾਲੀ ਇਹੀ ਹਾਲਤ ਦੂਜੇ ਮਾਮਲਿਆਂ ਵਿੱਚ ਵੀ ਜਾਰੀ ਹੈ। 

ਹੁਣ ਜਦੋਂ  ਖੇਤੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਅੱਗ ਲੱਗੀ ਹੋਈ ਹੈ।  ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਤੱਕ ਦਾ ਇਤਿਹਾਸਿਕ ਕਿਸਾਨੀ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਉਦੋਂ  ਬੀਜੇਪੀ ਦਾ ਕੇਡਰ ਇਸ ਅਗਨੀਂ ਨੂੰ ਸ਼ਾਂਤ ਕਰਨ ਦੀ ਕੋਈ ਨਿੱਕੀ ਮੋਟੀ ਰਸਮੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਆਪਣੀ ਇਸ ਕਲੰਕਿਤ ਜਿੱਤ ਉੱਤੇ ਬਾਘੀਆਂ ਪਾਉਂਦਿਆਂ ਬੀਜੇਪੀ ਲੀਡਰ ਅਤੇ ਵਰਕਰ ਖੁਸ਼ੀਆਂ ਦੇ ਨਾਚ ਨੱਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਬਹਾਨਾ ਬਣਾ ਕੇ ਥਾਂ ਥਾਂ ਕੇਕ ਕੱਟੇ ਜਾ ਰਹੇ ਹਨ। ਅਜਿਹਾ ਕਰਕੇ ਇੱਕ ਤਰਾਂ ਨਾਲ ਕਿਸਾਨੀ ਅਤੇ ਪੰਜਾਬ ਦੀ ਬਰਬਾਦੀ ਦਾ ਐਲਾਨੀਆ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਸਥਿਤੀ ਉੱਤੇ ਬਾਜ਼ ਨਜ਼ਰ ਰੱਖਦਿਆਂ ਆਖਿਰ ਹੁਣ ਵਿਦਿਆਰਥੀ ਜਾਗੇ ਹਨ ਅਤੇ ਸਰਗਰਮ ਵੀ ਹੋਏ ਹਨ। ਕਿਸਾਨੀ ਮਗਰੋਂ ਵਿਦਿਆਰਥੀਆਂ ਦਾ ਵੱਡਾ ਉਭਾਰ ਵੀ  ਛੇਤੀ ਹੀ ਸਾਹਮਣੇ ਆਉਣ ਵਾਲਾ ਹੈ। ਇਨਕਲਾਬ ਦਾ ਇੱਕ ਨਵਾਂ ਸੁਨਹਿਰੀ ਅਧਿਆਏ ਲਿਖਿਆ ਜਾ ਰਿਹਾ ਹੈ। 

ਖੱਬੇ ਪੱਖੀ ਵਿਦਿਆਰਥੀ ਜੱਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਮੌਜੂਦਾ ਹਾਲਾਤ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਇਸ ਨਾਜ਼ੁਕ ਹਾਲਤ ਵਿੱਚ ਹੀ ਏ ਆਈ ਐਸ ਐਫ ਦੀ ਲੁਧਿਆਣਾ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਅਬਦੁੱਲਾਪੁਰ ਬਸਤੀ ਵਿਚ ਆਯੋਜਿਤ ਕੀਤੀ ਗਈ। 

ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਉੱਤੇ ਹੋਣ ਵਾਲੇ ਸੈਮੀਨਾਰ ਉੱਤੇ ਵਿਚਾਰ ਚਰਚਾ ਕੀਤੀ ਗਈ।  ਨਵੀਂ ਸਿੱਖਿਆ ਨੀਤੀ ਅਤੇ ਬੇਰੋਜ਼ਗਾਰੀ ਵੀ ਮੀਟਿੰਗ ਦੇ ਮੁਖ ਵਿਸ਼ੇ ਰਹੇ।  ਖੱਬੀ ਲਹਿਰ ਦੇ ਸਮਰਪਿਤ ਅਤੇ ਸਰਗਰਮ ਆਗੂ ਡਾ. ਅਰੁਣ ਮਿੱਤਰਾ ਨੇ ਬੇਰੋਜ਼ਗਾਰੀ ਨੂੰ ਇਸ ਸਮੇ ਦੀ ਮੁੱਖ ਸਮੱਸਿਆ ਦੱਸਦੇ ਹੋਏ ਕਿਹਾ ਕਿ ਸਮੇ ਦੀਆਂ ਸਰਕਾਰਾਂ ਨੂੰ ਬੇਰੋਜ਼ਗਾਰੀ ਤੇ ਲਗਾਮ ਲਗਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।  

ਬਜ਼ੁਰਗ ਕਾਮਰੇਡ ਆਗੂ ਚਰਨ ਸਿੰਘ ਸਰਾਭਾ ਨੇ ਨਵੀਂ ਸਿਖਿਆ ਨੀਤੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਅਤੇ ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਹਨ ਅਤੇ ਸਰਕਾਰ ਨੂੰ ਉਹਨਾਂ ਬਾਰੇ ਤੁਰੰਤ ਠੋਸ ਕਦਮ ਚੁੱਕਣ ਵਾਲੀ ਸੋਚ ਵਿਚਾਰ ਕਰਨੀ ਚਾਹੀਦੀ ਹੈ। 

ਨੌਜਵਾਨ ਆਗੂ ਸੁਖਵਿੰਦਰ ਮਹੇਸ਼ਵਰੀ ਨੇ ਬਨੇਗਾ (BNEGA) ਐਕਟ ਤੇ ਚਾਨਣਾ ਪਾਉਂਦੇ ਹੋਏ ਇਸਦੀ ਮਹੱਤਤਾ ਨੂੰ ਉਜਾਗਰ ਕੀਤਾ।  ਇਸ ਦੇ ਨਾਲ ਹੀ AISF ਲੁਧਿਆਣਾ ਦੀ ਨਵੀ ਕਮੇਟੀ ਵੀ ਬਣਾਈ ਗਈ। ਸੌਰਵ  ਨੂੰ ਪ੍ਰਧਾਨ, ਕਾਰਤਿਕਾ ਸਿੰਘ ਤੇ ਮਨਪ੍ਰੀਤ ਕੌਰ ਨੂੰ ਉਪ-ਪ੍ਰਧਾਨ, ਦੀਪਕ ਕੁਮਾਰ ਨੂੰ ਸਕੱਤਰ, ਲਲਿਤ ਕੁਮਾਰ ਤੇ ਰਾਜੀਵ ਕੁਮਾਰ ਨੂੰ ਸਹਿ-ਸਕੱਤਰ, ਪ੍ਰਦੀਪ ਕੁਮਾਰ ਨੂੰ ਖ਼ਜ਼ਾਨਚੀ ਅਤੇ ਪ੍ਰਦੀਪ ਖ਼ੈਰਾ ਨੂੰ ਸਹਿ-ਖ਼ਜ਼ਾਨਚੀ ਨਿਯੁਕਤ ਕਿੱਤਾ ਗਿਆ। ਇਸ ਮੌਕੇ ਤੇ ਰਾਹੁਲ ਧੀਮਾਨ, ਬਿੱਟੂ ਕੁਮਾਰ, ਰਿਸ਼ੂ ਸਿੰਘ, ਪ੍ਰਤਾਪ ਕੁਮਾਰ ਅਤੇ ਮਨਦੀਪ ਸਿੰਘ ਮੌਜੂਦ ਸਨ। 

 AISF ਦੀ ਚੋਣ ਮਗਰੋਂ ਬਣੀ ਨਵੀਂ  ਕਮੇਟੀ ਨੇ ਆਪਣੀ ਇਸ ਵਿਸ਼ੇਸ਼ ਮੀਟਿੰਗ ਵਿੱਚ ਹਾਲਾਤ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ। ਨਿਸਚੇ ਹੀ ਨਵੀਂ ਕਮੇਟੀ ਸਿਰ ਆਈਆਂ ਨਵੀਆਂ ਜ਼ਿੰਮੇਵਾਰੀਆਂ ਬਹੁਤ ਭਾਰੀਆਂ ਹਨ ਪਰ AISF  ਇਹਨਾਂ ਸਾਰੀਆਂ ਚੁਣੌਤੀਆਂ ਨੂੰ ਕਬੂਲ ਕਰਕੇ ਇੱਕ ਨਵਾਂ ਇਤਿਹਾਸ ਰਚੇਗੀ ਕਿਓਂਕਿ ਪਹਿਲਾਂ ਵੀ ਇਸ ਵਿਦਿਆਰਥੀ ਜੱਥੇਬੰਦੀ ਦਾ ਇਤਿਹਾਸ ਅਜਿਹਾ ਹੀ ਸ਼ਾਨਾਂਮੱਤਾ ਰਿਹਾ ਹੈ। 

No comments:

Post a Comment