Nov 29, 2018, 2:22 PM
ਕੋਈ ਤਰੀਕਾ ਨਹੀਂ ਕਿ ਕਿਸੇ ਨੂੰ ਵੀ ਫੜੋ ਅਤੇ ਜੇਲ ਵਿੱਚ ਸੁੱਟ ਦਿਓ
ਲੁਧਿਆਣਾ: 29 ਨਵੰਬਰ 2018 (ਜਸਵੰਤ ਜੀਰਖ//ਪੀਪਲਜ਼ ਮੀਡੀਆ ਲਿੰਕ)::
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਵਾਲਿਆਂ ਨੂੰ ਅਰਬਨ ਨਕਸਲੀ ਜਾਂ ਮਾਓਵਾਦੀ ਆਖ ਕੇ ਜੇਲਾਂ ਵਿੱਚ ਸੁੱਟਣ ਅਤੇ ਉਹਨਾਂ ਦੇ ਖਿਲਾਫ ਆਏ ਦਿਨ ਝੂਠੇ ਪਰਚੇ ਦਰਜ ਕਰਨ ਦਾ ਜਨਤਕ ਜੱਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਹੈ। ਇਹਨਾਂ ਬੇਇਨਸਾਫੀਆਂ ਅਤੇ ਜ਼ੁਲਮ ਦੇ ਖਿਲਾਫ ਅੱਜ ਲੁਧਿਆਣਾ ਵਿੱਚ ਭਾਰੀ ਰੋਸ ਮਾਰਚ ਕੀਤਾ ਗਿਆ।
ਦੇਸ਼ ਭਰ ਵਿੱਚ ਬੁੱਧੀਜੀਵੀਆਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਖਿਲਾਫ ਅਤੇ ਪ੍ਰੋ. ਸਾਈਬਾਬਾ ਨੂੰ ਉਮਰ-ਕੈਦ ਦੀ ਸਜਾ ਸੁਣਾ ਕੇ ਸਾਲ ਭਰ ਤੋਂ ਜੇਲ ‘ਚ ਡੱਕਣ ਦੇ ਖਿਲਾਫ ਅੱਜ ਜਮਹੂਰੀ ਅਧਿਕੲਰ ਸਭਾ, ਪੰਜਾਬ ਦੀ ਲੁਧਿਆਣਾ ਇਕਾਈ ਦੀ ਅਗਵਾਈ ਵਿੱਚ ਜਿਲੇ ਅੰਦਰ ਕੰਮ ਕਰਦੀਆਂ ਵੱਖ ਵੱਖ ਜਨਤਕ-ਜਮਹੂਰੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕੋਲ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਉਥੋਂ ਮਾਰਚ ਕਰਕੇ ਭਾਰਤ ਦੇ ਰਾਸ਼ਟਰਪਤੀ ਨੂੰ ਭੇਜਣ ਹਿਤ ਡੀ.ਸੀ. ਲੁਧਿਆਣਾ ਨੂੰ ਮੰਗ-ਪੱਤਰ ਦਿੱਤਾ। ਮੰਗ-ਪੱਤਰ ਰਾਹੀਂ ਮੰਗ ਕੀਤੀ ਗਈ ਕਿ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਝੂਠੇ ਤੇ ਮਨਘੜੰਤ ਕੇਸਾਂ ਅਧੀਨ ਪਿਛਲੇ ਇੱਕ ਸਾਲ ਤੋਂ ਡੱਕੇ ਪ੍ਰੋ. ਸਾਈਬਾਬਾ ਸਮੇਤ 6 ਬੁੱਧੀਜੀਵੀਆਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ। ਪਿਛਲੇ ਮਹੀਨੇ ਤੋਂ ਭੀਮਾਕੋਰੇ ਗਾਂਓ ਕੇਸ ਅਤੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਝੂਠੀ ਸਾਜ਼ਿਸ਼ ਅਧੀਨ ਪੂਨੇ ਤੇ ਹੋਰ ਜੇਲਾਂ ਵਿੱਚ ਡੱਕੇ ਬੁੱਧੀਜੀਵੀਆਂ ਉੱਘੇ ਲੋਕ ਕਵੀ ਵਰਵਰਾ ਰਾਓ, ਸਮਾਜਿਕ ਕਾਰਕੁੰਨ ਬੀਬੀ ਸੁਧਾ ਭਾਰਦਵਾਜ, ਅਰੁਣ ਫ਼ਰੇਰਾ, ਵਰਨੌਨ ਗੌਜ਼ਾਲਵੇਜ਼ ਤੇ ਗੌਤਮ ਨਵਲੱਖਾ ਦੇ ਕੇਸ ਵਾਪਸ ਲਏ ਜਾਣ ਅਤੇ ਉਨਾਂ੍ਹ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵਿਚਾਰਾਂ ਦੇ ਪ੍ਰਗਟਾਵੇ, ਲਿਖਣ, ਬੋਲਣ, ਇਕੱਠੇ ਹੋਣ ਤੇ ਜੱਦੋਜਹਿਦ ਕਰਨ ਦੇ ਬੁਨਿਆਦੀ ਜਮਹੂਰੀ ਹੱਕਾਂ ਨੂੰ ਦਬਾਉਣ-ਕੁਚਲਣ ਲਈ ਲੋਕ-ਪੱਖੀ ਪੱਤਰਕਾਰਾਂ, ਸਮਾਜਸੇਵੀ ਕਾਰਕੁੰਨਾਂ ਤੇ ਅਸਹਿਮਤੀ ਵਾਲੇ ਵਿਚਾਰ ਰੱਖਣ ਵਾਲੇ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ, ਛਾਪੇਮਾਰੀ, ਝੂਠੇ ਕੇਸ ਬਣਾਉਣ ਤੇ ਪੁਲਸੀ ਜਬਰ ਢਾਹੁਣ ਤੇ ਜੇਲੀਂ ਡੱਕਣ ਦਾ ਸਿਲਸਿਲਾ ਬੰਦ ਕੀਤਾ ਜਾਵੇ। ਡੀ. ਸੀ. ਨੂੰ ਮੰਗ-ਪੱਤਰ ਦੇਣ ਵਾਲੇ ਵਫ਼ਦ ਵਿੱਚ ਐਡਵੋਕੇਟ ਹਰਪ੍ਰੀਤ ਜੀਰਖ, ਅੰਮ੍ਰਿਤ ਪਾਲ ਪੀ.ਏ.ਯੂ., ਐਡਵੋਕੇਟ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਅਰੁਣ ਕੁਮਾਰ, ਮਾਸਟਰ ਜਰਨੈਲ ਸਿੰਘ ਆਦਿ ਸ਼ਾਮਲ ਸਨ।
ਅੱਜ ਦੀ ਰੈਲੀ ‘ਚ 2 ਦਸੰਬਰ ਨੂੰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਕੀਤੇ ਜਾ ਰਹੇ ਪਟਿਆਲਾ ਬੰਦ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸਦੇ ਨਾਲ ਹੀ, ਲੁਧਿਆਣਾ ਜਿਲੇ ਦੇ ਪਿੰਡ ਧਨਾਨਸੂ ਦੇ ਆਸ-ਪਾਸ ਦੇ ਪਿੰਡਾਂ ਦੀ ਜਮੀਨ ਜਬਰੀ ਹਥਿਆ ਕੇ ਉਦਯੋਗਿਕ ਘਰਾਣਿਆਂ ਨੂੰ ਦੇਣ ਦੀ ਸਰਕਾਰੀ ਨੀਤੀ ਦੀ ਘੋਰ ਨਿੰਦਾ ਕੀਤੀ ਗਈ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਇਨਕਲਾਬੀ ਕੇਂਦਰ, ਪੰਜਾਬ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਤਰਕਸ਼ੀਲ ਸੁਸਾਇਟੀ, ਪੰਜਾਬ, ਮਜਦੂਰ ਅਧਿਕਾਰ ਸੰਘਰਸ਼ ਅਭਿਆਨ, ਇਨਕਲਾਬੀ ਲੋਕ ਮੋਰਚਾ, ਲੋਕ ਏਕਤਾ ਸੰਗਠਨ, ਲੋਕ ਮੋਰਚਾ ਪੰਜਾਬ, ਵਰਗ ਚੇਤਨਾ ਮੰਚ, ਕਾਮਾਗਾਟਾਮਾਰੂ ਯਾਦਗਾਰ ਕਮੇਟੀ, ਡੈਮੋਕਰੈਟਿਕ ਲਾਇਰਜ ਐਸੋਸੀਏਸ਼ਨ, ਏ. ਆਈ. ਸੀ. ਟੀ. ਯੂ., ਆਜਾਦ ਹਿੰਦ ਨਿਰਮਾਨ ਮਜਦੂਰ ਯੂਨੀਅਨ, ਟੈਕਨੀਕਲ ਸਰਵਿਸਜ ਯੂਨੀਅਨ, ਆਦਿ ਸ਼ਾਮਲ ਸਨ। ਇਹਨਾਂ ਦੇ ਨੁਮਾਇੰਦਿਆਂ ਦੇ ਤੌਰ ਤੇ, ਸੁਰਿੰਦਰ ਸਿੰਘ, ਦਲਬੀਰ ਕਟਾਣੀ, ਅਵਤਾਰ ਸਿੰਘ, ਵਿਜੇ ਨਾਰਾਇਣ, ਬਲਵਿੰਦਰ ਸਿੰਘ, ਹਿੰਮਤ ਸਿੰਘ, ਜੁਗਿੰਦਰ ਆਜਾਦ, ਜਸਦੇਵ ਸਿੰਘ ਲਲਤੋਂ, ਬਾਲ ਕ੍ਰਿਸ਼ਨ, ਕਰਤਾਰ ਸਿੰਘ, ਲਾਲ ਬਹਾਦਰ ਵਰਮਾ ਅਤੇ ਗੁਰਮੇਲ ਸਿੰਘ ਵੀ ਹਾਜਰ ਸਨ। ਪੁਲਿਸ ਦੇ ਭਾਰੀ ਬੰਦੋਸਬਸਤ ਦੇ ਬਾਵਜੂਦ ਮੁਜ਼ਾਹਰਾਕਾਰੀਆਂ ਦਾ ਜੋਸ਼ ਬਰਕਰਾਰ ਰਿਹਾ ਅਤੇ ਨੁਸ਼ਾਸਨ ਵਿੱਚ ਰਹਿੰਦਿਆਂ ਸਰਕਾਰੀ ਵਧੀਕੀਆਂ ਦੇ ਖਿਲਾਫ ਡਟ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਰੋਸ ਮਾਰਚ ਵੀ ਕੀਤਾ।