Friday, 31 January 2020

ਲੁਧਿਆਣਾ 'ਚ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ, ਫੁਕਿਆ ਪੁਤਲਾ

ਅਨੁਰਾਗ ਠਾਕੁਰ ਦੀ ਧਮਕੀ ਤੋਂ ਬਾਅਦ ਹੀ ਚੱਲੀਆਂ ਜਾਮੀਆ 'ਚ ਗੋਲੀਆਂ 
ਫੀਲਡ ਗੰਜ ਚੌਂਕ ਵਿੱਖੇ ਕੇਂਦਰ ਸਰਕਾਰ ਦਾ ਪੁਤਲਾ ਫੁਕ ਕੇ ਪ੍ਰਦਰਸ਼ਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਦੇ  ਵਰਕਰ
ਲੁਧਿਆਣਾ: 31 ਜਨਵਰੀ 2020: (ਐਮ ਐਸ ਭਾਟੀਆ//ਲੋਕ ਮੀਡੀਆ ਮੰਚ):: 
ਅੱਜ ਇੱਥੇ ਫੀਲਡ ਗੰਜ ਚੌਂਕ  ਵਿਖੇ ਮਜਲਿਸ ਅਹਿਰਾਰ ਇਸਲਾਮ ਵੱਲੋਂ ਸੀ.ਏ.ਏ. ਅਤੇ ਐਨ.ਆਰ.ਸੀ. ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕੇਂਦਰ  ਸਰਕਾਰ ਦਾ ਪੁੱਤਲਾ ਫੁਕਿਆ ਤੇ ਜ਼ੋਰਦਾਰ ਨਾਰੇਬਾਜ਼ੀ ਕਰਕੇ ਰੋਸ਼ ਪ੍ਰਗਟਾਇਆ। ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਗੋਲੀਆਂ ਚਲਾਉਣ ਦੀਆਂ ਧੱਮਕੀਆਂ ਦੇ ਕੇ ਕੀ ਦੇਸ਼ ਵਿੱਚ ਦੰਗਾ ਕਰਵਾਉਣਾ ਚਾਹੁੰਦਾ ਹੈ? ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਦਿੱਲੀ ਦੀ ਸਿਆਸਤ ਨੂੰ ਧਰਮ ਅਤੇ ਜਾਤਿ ਦੇ ਰੰਗ ਵਿੱਚ ਰੰਗਣ  ਲਈ  ਇਸ ਹੱਦ  ਤੱਕ ਗਿਰ ਗਏ ਹਨ ਕਿ ਵਿਕਾਸ ਦੀ ਬਜਾਏ ਨਫ਼ਰਤ ਦੀਆਂ ਗੱਲਾਂ ਕਰਨ ਲੱਗ ਪਏ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਨੁਰਾਗ ਠਾਕੁਰ ਮੋਦੀ ਸਰਕਾਰ ਦਾ ਹਿੱਸਾ ਹੈ ਤੇ  ਉਹ ਦੇਸ਼ 'ਚ ਲੋਕਤੰਤਰ ਦੀ ਹੱਤਿਆ ਦੀ ਧਮਕੀ ਦੇ ਸਕਦੇ ਹਨ ਅਤੇ ਸ਼ਾਂਤਮਈ ਢੱਗ ਨਾਲ ਪ੍ਰਦਰਸ਼ਨ ਕਰਨ ਵਾਲੇ ਸ਼ਾਹੀਨ  ਬਾਗ ਦੇ ਲੋਕ ਜੇਕਰ ਅਜਿਹਾ ਕੁਝ ਕਹਿ ਦੇਣ ਤਾਂ ਉਹਨਾਂ ਤੇ ਤੁਰੰਤ ਮੁੱਕਦਮਾ ਦਰਜ਼ ਹੋ ਜਾਂਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਹ ਨਾ ਭੁੱਲੇ ਕਿ ਇਹ ਦੇਸ਼ ਸਾਰਿਆਂ ਦਾ ਹੈ ਤੇ ਇੱਥੇ ਸੰਵਿਧਾਨ ਦਾ ਰਾਜ ਹੈ। ਲੋਕਤੰਤਰ 'ਚ ਸੱਤਾ ਵਾਲਿਆਂ ਨੂੰ ਕਾਨੂੰਨ ਹੱਥ 'ਚ ਲੈ ਕੇ ਗੁੰਡਾ ਗਰਦੀ ਕਰਨ ਦੀ ਇਜਾਜਤ ਨਹੀਂ ਹੈ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਾਰਿਆਂ ਦਾ ਸਾਥ ਅਤੇ ਸਾਰਿਆਂ ਦੇ ਵਿਕਾਸ ਦੀ ਗੱਲ ਕਰਨ ਵਾਲੇ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਭਾਈ ਮੋਦੀ ਵੀ ਅਨੁਰਾਗ ਠਾਕੁਰ ਦੀ ਧਮਕੀ 'ਤੇ ਚੁੱਪੀ ਧਾਰੀ ਬੈਠੇ ਹਨ। ਕਿੰਨਾਂ ਚੰਗਾਂ ਹੁੰਦਾ ਕਿ ਉਹ ਆਪਣੇ ਮੰਤਰੀ 'ਤੇ ਕਾਰਵਾਈ ਕਰਕੇ ਲੋਕਾਂ ਨੂੰ ਭਰੋਸਾ ਦਵਾਉਂਦੇ?  ਲੇਕਿਨ ਇੱਥੇ ਤਾਂ ਸੰਪ੍ਰਦਾਇਕ ਭੇਦਭਾਵ ਕਰਨ ਵਾਲਿਆਂ ਨੂੰ ਹੀ ਵੱਡੇ ਵੱਡੇ ਅਹੁੱਦੇ ਦੇ ਦਿੱਤੇ ਜਾਂਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਕੱਲ ਜਾਮੀਆ 'ਚ ਇੱਕ ਗੁੰਡਾ ਅਨਸਰ ਵੱਲੋਂ ਚਲਾਈ ਗਈ ਗੋਲੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਸੱਤਾਧਾਰੀ ਉਹਨਾਂ ਸਾਰੇ ਸ਼ਰਾਰਤੀ ਤੱਤਾਂ ਨੂੰ ਹੋਰ ਪ੍ਰਫੁਲਤ ਕਰਦੇ ਹਨ ਜੋ ਸਮਾਮ ਵਿੱਚ ਖੂਨ ਖਰਾਬਾ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਸਾਰੇ ਭਾਰਤੀ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਿੱਲੀ ਚੋਣਾਂ  ਵਿੱਚ ਗੋਲੀ ਮਾਰਨ ਦੀ ਧਮਕੀ ਦੇ ਬਾਅਦ ਜਾਮੀਆ ਮਿੱਲਿਆ 'ਚ ਇੱਕ ਦੰਗਈ ਵੱਲੋਂ ਗੋਲਾ ਚਲਾ ਕੇ ਇਕ ਵਿਦਿਆਰਥੀ ਨੂੰ ਜਖ਼ਮੀ ਕਰਨ ਦੇ ਖਿਲਾਫ ਅੱਜ ਲੁਧਿਆਣਾ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।

Thursday, 16 January 2020

ਪੀਪਲਜ਼ ਮੀਡੀਆ ਲਿੰਕ ਵੱਲੋਂ ਬਹੁਤ ਜ਼ਰੂਰੀ ਸੱਦਾ

ਮੀਡੀਆ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਇੱਕ ਹੋਣਾ ਬੇਹੱਦ ਜ਼ਰੂਰੀ 
ਇਹ ਫੋਟੋ ਧੰਨਵਾਦ ਸਹਿਤ--ਵੀਡੀਓ ਦੇਖਣ ਲਈ ਇਥੇ ਕਲਿੱਕ ਕਰੋ 
ਚੰਡੀਗੜ੍ਹ//ਲੁਧਿਆਣਾ//ਜਲੰਧਰ: 16 ਜਨਵਰੀ 2020: (ਲੋਕ ਮੀਡੀਆ ਮੰਚ)::
ਮੀਡੀਆ ਦਾ ਸੰਕਟ ਲਗਾਤਾਰ ਗੰਭੀਰ ਹੋ ਰਿਹਾ ਹੈ। ਸਮਾਜ ਦੀ ਕੋਈ ਧਿਰ ਨਹੀਂ ਜਿਹੜੀ ਮੀਡੀਆ ਨੂੰ ਮੰਦਾ ਚੰਗਾ ਨਹੀਂ ਬੋਲ ਰਹੀ। ਦਿਲਚਸਪ ਗੱਲ ਹੈ ਕਿ ਮੀਡੀਆ ਨੂੰ ਗਾਹਲਾਂ ਕੱਢਣ ਵਾਲੇ ਉਹਨਾਂ ਹਕੀਕਤਾਂ ਤੋਂ ਬਿਲਕੁ ਅਣਜਾਣ ਹਨ ਇਝਣਾ ਵਿੱਚ ਮੀਡੀਆ ਨਾਲ ਜੁੜੇ ਕਲਮ ਦੇ ਸਿਪਾਹੀ ਕੰਮ ਕਰਦੇ ਹਨ। ਵੱਡੇ ਵੱਡੇ ਚੈਨਲਾਂ ਦੇ ਵੱਡੇ ਵੱਡੇ ਸਟੂਡੀਓ ਦੇਖ ਕੇ ਸਮਾਜ ਅਤੇ ਸਿਆਸਤ ਵਾਲਿਆਂ ਦੇ ਬਹੁਤ ਵੱਡੇ ਹਿੱਸੇ ਨੇ ਇਹ ਧਾਰਨਾ ਬਣਾ ਲਈ ਹੈ ਕਿ ਸ਼ਾਇਦ ਸਾਰੇ ਮੀਡੀਆ ਵਾਲੇ ਇਹਨਾਂ ਏਅਰ ਕੰਡੀਸ਼ੰਡ ਦਫਤਰਾਂ ਵਿੱਚ ਕੰਮ ਕਰਦੇ ਹਨ। ਉਹਨਾਂ ਨੂੰ ਨਾਂ ਤਾਂ ਡਾਂਗਾਂ ਅਤੇ ਗੋਲੀਆਂ ਦਾ ਸ਼ਿਕਾਰ ਹੁੰਦੇ ਪੱਤਰਕਾਰ ਨਜ਼ਰ ਆਉਂਦੇ ਹਨ ਅਤੇ ਨਾਂ ਹੀ ਭੇਦਭਰੇ ਸੜਕ ਹਾਦਸਿਆਂ ਵਿੱਚ ਮੌਤ ਦੇ ਘਾਟ ਉਤਾਰੇ ਜਾਂਦੇ ਮੀਡੀਆ ਵਾਲੇ। ਦੇਸ਼ ਦੇ ਕਈ ਛੋਟੇ ਵੱਡੇ ਹਿੱਸਿਆਂ ਵਿਛਕ ਕੰਮ ਕਰਦੇ ਮੀਡੀਆ ਵਾਲੇ 24 ਘੰਟਿਆਂ ਵਿੱਚੋਂ 18-18 ਘੰਟੇ ਕੰਮ ਕਰਦੇ ਹਨ। ਦੇਸ਼, ਸਮਾਜ ਅਤੇ ਸਿਸਟਮ ਨੂੰ ਹਿਲਾਉਣ ਵਾਲਿਆਂ ਖਬਰਾਂ ਕੱਢਣ ਵਾਲੇ ਮੀਡੀਆ ਨਾਲ ਸਬੰਧਤ ਬਹੁਤ ਸਾਰੇ ਪੱਤਰਕਾਰਾਂ ਕੋਲ ਅਜੇ ਤੱਕ ਮੀਡੀਆ ਨਾਲ ਸਬੰਧਤ ਕਾਰਡ ਤੱਕ ਵੀ ਨਹੀਂ ਹੈ। ਸਰਕਾਰਾਂ ਵੱਲੋਂ ਪ੍ਰਚਾਰੇ ਜਾਂਦੇ ਤਨਖਾਹ ਗਰੇਡ ਦੀ ਤਾਂ ਉਹਨਾਂ ਤੱਕ ਕੋਈ ਖਬਰ ਵੀ ਨਹੀਂ ਪਹੁੰਚਦੀ। ਮੀਡੀਆ ਨੂੰ ਗਾਹਲਾਂ ਕੱਢਣ ਵਾਲਿਆਂ ਨੇ ਕਦੇ ਇਹ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ? ਉਹ ਆਪਣੇ ਬੱਚਿਆਂ ਦੀ ਫੀਸ ਕਿਵੇਂ ਦੇਂਦੇ ਹਨ? ਉਹਨਾਂ ਦੇ ਮੀਡੀਆ ਕਾਰਡ ਕਿਓਂ ਨਹੀਂ ਬਣਦੇ? ਉਹਨਾਂ ਤੱਕ ਸਰਕਾਰਾਂ ਵੱਲੋਆਂ ਐਲਾਨੀਆਂ ਜਾਂਦੀਆਂ ਸਹੂਲਤਾਂ ਵੀ ਕਿਓਂ ਨਹੀਂ ਪਹੁੰਚਦੀਆਂ? ਉਹਨਾਂ ਨੂੰ ਜਿਊਂਦਿਆਂ ਸਾੜਨ ਦੀਆਂ ਧਮਕੀਆਂ ਦੇਣ ਵਾਲਿਆਂ ਨਾਲ ਕਿੰਝ ਸਿੱਝਣਾ ਹੈ?
ਇਸ ਲਈ ਇਸ ਮੌਜੂਦਾ ਦੌਰ ਵਿੱਚ ਖਤਰਾ ਸਿਰਫ ਸਿਆਸਤਦਾਨਾਂ ਤੋਂ ਨਹੀਂ ਸਮਾਜ ਦੇ ਉਹਨਾਂ ਹਿੱਸਿਆਂ ਤੋਂ ਵੀ ਹੈ ਜਿਹੜੇ ਮਚਲੇ ਬੰਦੇ ਹੋਏ ਹਨ। ਜਿਹੜੇ ਮੀਡੀਆ ਦੀਆਂ ਮੁਸ਼ਕਲਾਂ ਬਾਰੇ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕਰਨਾ ਚਾਹੁੰਦੇ। ਜਿਹਨਾਂ ਨੂੰ ਕੁਝ ਮਾੜਾ ਮੋਟਾ ਪਤਾ ਲੱਗ ਵੀ ਜਾਂਦਾ ਹੈ ਉਹ ਸਬੰਧਤ ਪੱਤਰਕਾਰ ਨੂੰ ਗੁਜ਼ਾਰੇ ਜਿੰਨੀ ਮਦਦ ਦੇ ਕੇ ਆਪਣਾ ਪੀ ਆਰ ਓ ਜਾਂ ਪ੍ਰੈਸ ਸਕੱਤਰ ਸਮਝਣ ਲੱਗ ਪੈਂਦੇ ਹਨ। ਪੱਤਰਕਾਰਾਂ ਤੇ ਘਰਾਂ ਦੇ ਗੁਜ਼ਾਰੇ ਦਾ ਬੋਝ ਵੀ ਹੁੰਦਾ ਹੈ ਅਤੇ ਸਪਲੀਮੈਂਟ ਕੱਢਣ ਲਈ ਪੈਂਦੇ ਦਬਾਅ ਦਾ ਬੋਝ ਵੀ। ਆਰਥਿਕ, ਸਿਆਸੀ ਅਤੇ ਸਮਾਜਿਕ ਦਬਾਵਾਂ ਹੇਠ ਪਿੱਸ ਰਹੇ ਪੱਤਰਕਾਰਾਂ ਨੂੰ ਤਿਲ ਤਿਲ ਕਰ ਕੇ ਮਰਦਿਆਂ ਦੇਖਣ ਦਾ ਤਮਾਸ਼ਾ ਦੇਖਦੇ ਹਨ ਸਮਾਜ ਨੂੰ ਬਦਲਣ ਦਾ ਢੌਂਗ ਕਰਨ ਵਾਲੇ ਲੋਕ। ਇਹਨਾਂ ਦੀ ਖੋਖਲੀ ਹਮਦਰਦੀ ਅਸਲ ਵਿੱਚ ਖੇਖਣ ਤੋਂ ਵੱਧ ਕੁਝ ਨਹੀਂ ਹੁੰਦੀ। 
ਮੀਡੀਆ ਦੀ ਮੌਜੂਦਾ ਸਥਿਤੀ ਵਾਲਾ ਨਿਘਾਰ ਦੋ ਦਹਾਕੇ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਜਿਸਨੂੰ ਸਮੇਂ ਸਮੇਂ ਤੇ ਬਦਲੇ ਹਾਕਮਾਂ ਨੇ ਆਪੋ ਆਪਣੇ ਫਾਇਦਿਆਂ ਲਈ ਹੀ ਵਰਤਿਆ। ਜਦੋਂ ਸੰਪਾਦਕ ਦੀ ਥਾਂ ਤੇ ਮੈਨੇਜਿੰਗ ਐਡੀਟਰ ਨਿਯੁਕਤ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਉਦੋਂ ਵੀ ਸਮਾਜ ਦਾ ਵੱਡਾ ਹਿਸਾ ਸੁਚੇਤ ਨਹੀਂ ਹੋਇਆ। ਹੁਣ ਜੇ ਮੀਡੀਆ ਵਾਲੇ ਸਪਲੀਮੈਂਟ ਮੰਗਦੇ ਹਨ ਜਾਂ ਇਸ਼ਤਿਹਾਰ ਮੰਗਦੇ ਹਨ ਤਾਂ ਉਹਨਾਂ ਨੂੰ ਇੱਕ ਬੋਝ ਵਾਂਗ ਦੇਖਿਆ ਜਾਂਦਾ ਹੈ। ਸਰਕਾਰਾਂ ਅਤੇ ਸਿਆਸਤਦਾਨਾਂ ਨਾਲ ਸਿੱਧੀ ਗੰਢ ਤਰੁੱਪ ਕਰਨ ਵਾਲੇ ਮਾਲਕਾਂ ਨੂੰ ਤਾਂ ਕੋਈ ਪੁੱਛਣ ਵਾਲਾ ਨਹੀਂ ਪਰ ਮਾਮੂਲੀ ਜਿਹੀਣ ਤਨਖਾਹਾਂ ਤੇ ਕੰਮ ਲਈ ਮਰਦੇ ਪੱਤਰਕਾਰਾਂ ਨੂੰ ਤਾਅਨੇ ਮਿਹਣੇ ਮਾਰਨਾ ਹੁਣ ਜੰਮਸਿੱਧ ਅਧਿਕਾਰ ਸਮਝਿਆ ਜਾਂਦਾ ਹੈ। 
ਇਹਨਾਂ ਸਾਰੀਆਂ ਮੁਸ਼ਕਲਾਂ ਅਤੇ ਵਧ ਰਹੇ ਸਿਆਸੀ ਦਬਾਵਾਂ ਦੇ ਮੱਦੇ ਨਜ਼ਰ ਇੱਕਜੁੱਟ ਹੋਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ। ਸਾਡੀ ਸਨਿਮਰ ਬੇਨਤੀ ਹੈ ਕਿ ਤੁਹਾਡਾ ਮੀਡੀਆ ਕੋਈ ਵੀ ਹੋਏ, ਤੁਹਾਡੇ ਸਿਆਸੀ ਵਿਚਾਰ ਵੀ ਜਿਹੜੇ ਮਰਜ਼ੀ ਹੋਣ, ਤੁਹਾਡਾ ਪੱਤਰਕਾਰਾਂ ਦਾ ਕੋਈ ਸੰਗਠਨ ਵੀ ਜਿਹੜਾ ਮਰਜ਼ੀ ਹੋਵੇ ਇਸਦੇ ਬਾਵਜੂਦ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਹੈ। 
ਪੀਪਲਜ਼ ਮੀਡੀਆ ਲਿੰਕ ਤੁਹਾਡੀ ਵੱਖਰੀ ਪਛਾਣ ਅਤੇ ਤੁਹਾਡੇ ਵਿਚਾਰਾਂ ਦਾ ਸਨਮਾਨ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇੱਕ ਹੋਣ ਦਾ ਸੱਦਾ ਦੇਂਦਾ ਹੈ। ਅਸੀਂ ਤੁਹਾਡਾ ਨਾਮ ਤੁਹਾਡੇ ਮੀਡੀਆ ਅਤੇ ਤੁਹਾਡੀ ਜੱਥੇਬੰਦੀ ਸਮੇਤ ਬੜੇ ਸਨਮਾਨ ਨਾਲ ਲਵਾਂਗੇ। ਸਾਡੀ ਇੱਕ ਜ਼ਰੂਰੀ ਮੀਟਿੰਗ ਬਹੁਤ ਜਲਦੀ ਰੱਖੀ ਜਾ ਰਹੀ ਹੈ ਜਿਸ ਵਿੱਚ ਆਰਥਿਕ ਦਬਾਵਾਂ ਬਾਰੇ ਵੀ ਚਰਚਾ ਹੋਵੇਗੀ ਅਤੇ ਇਹਨਾਂ ਦੇ ਹੱਲ ਬਾਰੇ ਵੀ ਠੋਸ ਕਦਮ ਪੁੱਟੇ ਜਾਣਗੇ। 
ਕਿਰਪਾ ਕਰਕੇ ਆਓ ਅਤੇ ਆਪਾਂ ਰਲਮਿਲ ਕੇ ਮੀਡੀਆ ਦੇ ਭਲੇ ਲਈ ਕੁਝ ਕਰਨ ਦਾ ਜਤਨ ਕਰੀਏ। ਤੁਹਾਡਾ ਫਾਰਮ ਸਾਨੂੰ ਸਮੇਂ ਸਿਰ ਮਿਲ ਸਕੇ ਤਾਂ ਅਸੀਂ ਤਾਂ ਆਉਂਦੇ ਸਮੇਂ ਚ ਜਾਰੀ ਹੋਣ ਵਾਲਿਆਂ ਸੂਚਨਾਵਾਂ ਸਮੇਂ ਸਿਰ ਭੇਜ ਸਕਣਗੇ। ਇਸ ਮਕਸਦ ਲਈ ਕਿਰਪਾ ਕਰਕੇ ਆਲ੍ਹਣਾ ਫਾਰਮ ਅੱਜ ਹੀ ਭੇਜਣ ਦੀ ਖੇਚਲ ਕਰੋ। ਇਹ ਫਾਰਮ ਤੁਸੀਂ ਇਥੇ ਕਲਿੱਕ ਕਰਕੇ ਵੀ ਭਰ ਸਕਦੇ ਹੋ। ਤੁਹਾਨੂੰ ਇਸ ਪੋਸਟ ਦੇ ਨਾਲ ਵੀ ਇਹ ਫਾਰਮ ਛਪਿਆ ਹੋਇਆ ਨਜ਼ਰੀਂ ਪੈ ਜਾਵੇਗਾ। ਜੇ ਫਾਰਮ ਭਰਨ ਵਿੱਚ ਕੋਈ ਦਿੱਕਤ ਆ ਰਹੀ ਹੋਵੇ ਤਾਂ medialink32@gmail.com ਤੇ ਵੀ ਆਪਣਾ ਨਾਮ ਪਤਾ, ਮੋਬਾਈਲ ਨੰਬਰ ਅਤੇ ਮੀਡੀਆ ਦਾ ਨਾਮ ਭੇਜ ਸਕਦੇ ਹੋ। 
ਰੈਕਟਰ ਕਥੂਰੀਆ                            ਐਮ ਐਸ ਭਾਟੀਆ 
+919915322407                   +91 99884 91002

Monday, 13 January 2020

ਨਾਗਰਿਕਤਾ ਕਾਨੂੰਨਾਂ ਅਤੇ ਹਕੂਮਤੀ ਜਬਰ ਵਿਰੋਧੀ ਰੈਲੀ ਦਾ ਐਕਸ਼ਨ 19 ਨੂੰ

30 ਤੋਂ ਵੱਧ ਜਨਤਕ ਜੱਥੇਬੰਦੀਆਂ ਦੀ ਮੀਟਿੰਗ ਮਗਰੋਂ ਅਹਿਮ ਐਲਾਨ 
ਲੁਧਿਆਣਾ13 ਜਨਵਰੀ 2020:(ਐਮ ਐਸ ਭਾਟੀਆ//ਸਤੀਸ਼ ਸਚਦੇਵਾ//ਲੋਕ ਮੀਡੀਆ ਮੰਚ)::
ਫੋਟੋ ਦੀ ਮਾੜੀ ਕੁਆਲਿਟੀ ਲਈ ਸਾਨੂੰ ਅਫਸੋਸ ਹੈ 
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਸੱਦੇ'ਤੇ ਅੱਜ ਇੱਥੇ ਜ਼ਿਲ੍ਹੇ ਭਰ ਦੀਆਂ 30 ਤੋਂ ਉੱਪਰ ਅਗਾਂਹਵਧੂ, ਇਨਕਲਾਬੀ ਤੇ ਘੱਟ ਗਿਣਤੀ ਜਥੇਬੰਦੀਆਂ ਅਤੇ ਸੰਸਥਾਵਾਂ ਦੀ ਦੂਜੀ ਵਿਸ਼ਾਲ ਸਾਂਝੀ ਮੀਟਿੰਗ ਅੱਜ ਕਾਮਰੇਡ ਤਰਸੇਮ ਜੋਧਾਂ  ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੌਮੀ ਨਾਗਰਿਕਤਾ ਸਬੰਧੀ ਕਾਨੂੰਨਾਂ ਅਤੇ ਰਜਿਸਟਰਾਂ ਸਬੰਧੀ ਅਤੇ ਇਨ੍ਹਾਂ ਵਿਰੁੱਧ ਉੱਠੀ ਦੇਸ਼ ਵਿਆਪੀ ਵਿਦਿਆਰਥੀਆਂ, ਨੌਜਵਾਨਾਂ, ਘੱਟ ਗਿਣਤੀਆਂ ਸਮੇਤ ਤਮਾਮ ਜਮਹੂਰੀ ਅਤੇ ਇਨਕਲਾਬ ਇਨਸਾਫ਼ ਪਸੰਦ ਕਿਰਤੀ ਜਮਾਤਾਂ ਤੇ ਵਰਗਾਂ ਦੀ ਹੱਕੀ ਲੋਕ ਲਹਿਰ ਦਾ ਭਰਵਾਂ ਸਮਰਥਨ ਕਰਦਿਆਂ ਇਸ ਲੋਕ ਲਹਿਰ ਨੂੰ ਦਬਾਉਣ ਤੇ ਕੁਚਲਣ ਲਈ ਫਿਰਕੂ ਫਾਸ਼ੀ ਹਕੂਮਤੀ ਅਤੇ ਗੁੰਡਾ ਜਬਰ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਦਮਨ ਚੱਕਰ ਨੂੰ ਫੌਰੀ ਬੰਦ ਕਰਨ ਅਤੇ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨਾਲ ਸਿੱਧੀ ਵਾਰਤਾਲਾਪ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਨਾਮਵਰ ਆਗੂਆਂ ਸਰਵਸ੍ਰੀ ਜਸਦੇਵ ਸਿੰਘ ਲਲਤੋਂ, ਰਘਬੀਰ ਬੈਨੀਪਾਲ, ਐਮਐਸ ਭਾਟੀਆ, ਕੁਲਦੀਪ ਸਿੰਘ ਐਡਵੋਕੇਟ, ਰਾਜਵਿੰਦਰ, ਅਮਰਨਾਥ ਕੂੰਮ ਕਲਾਂ, ਪ੍ਰੋਫੈਸਰ ਜੈਪਾਲ ਸਿੰਘ, ਐਡਵੋਕੇਟ ਇੰਦਰਜੀਤ ਸਿੰਘ, ਸਤੀਸ਼ ਸੱਚਦੇਵਾ, ਸੰਦੀਪ ਰੁਪਾਲੋਂ, ਉਜਾਗਰ ਸਿੰਘ ਬੱਦੋਵਾਲ, ਗੁਰਨਾਮ ਸਿੱਧੂ, ਪਰਮਜੀਤ ਰੇਲਵੇ ਤੇ ਰਮਨਜੀਤ ਸੰਧੂ ਨੇ ਨਾਗਰਿਕਤਾ ਕਾਨੂੰਨਾਂ ਅਤੇ ਦਮਨ ਚੱਕਰ ਬਾਰੇ ਵਿਸਥਾਰ ਸਾਹਿਤ ਵਿਚਾਰ ਪ੍ਰਗਟ ਕੀਤੇ। ਅੰਤ ਵਿੱਚ ਵਿਸ਼ਾਲ ਸਾਂਝੀ ਮੀਟਿੰਗ ਨੇ ਸਰਬਸੰਮਤੀ ਨਾਲ ਅਹਿਮ ਫੈਸਲਾ ਲੈਂਦਿਆਂ ਦੇਸ਼ ਵਿਆਪੀ ਮੌਜੂਦਾ ਫਿਰਕੂ ਫਾਸ਼ੀ ਹਾਲਾਤਾਂ ਤੇ ਦਮਨ ਚੱਕਰ ਦੀ ਚੁਣੌਤੀ ਦਾ ਟਾਕਰਾ ਕਰਨ ਲਈ 'ਫਾਸ਼ੀਵਾਦ ਵਿਰੋਧੀ ਤਾਲਮੇਲ ਕਮੇਟੀ ਜ਼ਿਲ੍ਹਾ ਲੁਧਿਆਣਾ' ਦੀ ਸਥਾਪਨਾ ਕੀਤੀ ਗਈ। ਜਿਸ ਵਿੱਚ ਕਾਮਰੇਡ ਤਰਸੇਮ ਜੋਧਾਂ, ਜਸਦੇਵ ਸਿੰਘ ਲਲਤੋਂ, ਕੁਲਦੀਪ ਸਿੰਘ ਐਡਵੋਕੇਟ, ਗੁਰਨਾਮ ਸਿੰਘ ਸਿੱਧੂ, ਅਮਰਨਾਥ ਕੂਮ ਕਲਾਂ, ਇੰਦਰਜੀਤ ਸਿੰਘ ਐਡਵੋਕੇਟ, ਚੌਧਰੀ ਚਰਨ ਦਾਸ ਤਲਵੰਡੀ, ਚਰਨਜੀਤ ਹਿਮਾਯੂੰਪੁਰਾ, ਉਜਾਗਰ ਸਿੰਘ ਬੱਦੋਵਾਲ, ਪ੍ਰਕਾਸ਼ ਸਿੰਘ ਹਿੱਸੋਵਾਲ, ਪਰਮਜੀਤ ਸਿੰਘ, ਰਘਬੀਰ ਸਿੰਘ ਬੈਨੀਪਾਲ, ਬਾਲ ਕ੍ਰਿਸ਼ਨ, ਹਰਦੇਵ ਸਿੰਘ ਸਨੇਤ, ਬੱਗਾ ਸਿੰਘ, ਗੁਰਜੀਤ ਸਿੰਘ ਕਾਲਾ, ਸ਼ਿੰਦਰ ਜਵੱਦੀ, ਸਤੀਸ਼ ਸੱਚਦੇਵਾ, ਅਤੇ ਰਮਨਜੀਤ ਸੰਧੂ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ। ਤਾਲਮੇਲ ਕਮੇਟੀ ਨੇ ਠੋਕਵਾਂ ਐਲਾਨ ਕੀਤਾ ਕਿ 19 ਜਨਵਰੀ ਦਿਨ ਐਤਵਾਰ ਨੂੰ ਠੀਕ 11 ਵਜੇ ਸ਼ਹੀਦ ਸਰਾਭਾ ਪਾਰਕ (ਭਾਈ ਬਾਲਾ ਚੌਕ) ਲੁਧਿਆਣਾ ਵਿਖੇ ਵਿਸ਼ਾਲ ਫਾਸ਼ੀਵਾਦੀ ਵਿਰੋਧੀ ਰੈਲੀ ਕਰਨ ਉਪਰੰਤ ਰੋਸ ਮਾਰਚ ਕੀਤਾ ਜਾਵੇਗਾ।

Monday, 16 December 2019

ਐਮ ਐਸ ਭਾਟੀਆ ਦੇ ਕੈਮਰੇ ਦੀ ਨਜ਼ਰ ਨਾਲ ਸਵੱਛ ਭਾਰਤ ਮੁਹਿੰਮ

ਲੁਧਿਆਣਾ ਦੇ ਜਨਰਲ ਬਸ ਸਟੈਂਡ ਸਫਾਈ ਦੀ ਹਕੀਕਤ ਦਿਖਾਉਂਦੀ ਤਸਵੀਰ
ਲੁਧਿਆਣਾ: 16 ਦਸੰਬਰ 2019: (ਲੋਕ ਮੀਡੀਆ ਮੰਚ ਡੈਸਕ)::
ਪੱਤਰਕਾਰ ਐਮ ਐਸ ਭਾਟੀਆ 
ਦੇਸ਼ ਦਾ ਨਾਂਅ ਦੁਨੀਆ ਭਰ ਵਿੱਚ ਚਮਕਾਉਣ ਵਾਲਾ ਜ਼ਿਲਾ ਹੈ ਲੁਧਿਆਣਾ। ਇਤਿਹਾਸ ਅਤੇ ਮਿਥਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਸੰਬੰਧ ਲੁਧਿਆਣਾ ਨਾਲ ਵੀ ਦਸਿਆ ਜਾਂਦਾ ਹੈ। ਗੱਲ ਅੰਗਰੇਜ਼ਾਂ ਦੀ ਹੋਵੇ ਤੇ ਭਾਵੇਂ ਸਿੱਖ ਰਾਜ ਲਈ ਹੋਈ ਜੰਗ ਦੀ-ਲੁਧਿਆਣਾ ਦਾ ਨਾਮ ਕਿਸੇ ਨ ਕਿਸੇ ਬਹਾਨੇ ਆ ਹੀ ਜੁੜਦਾ ਹੈ। ਬਹੁਤ ਪਹਿਲਾਂ ਇਥੋਂ ਦੀ ਆਵਾਜਾਈ ਦੀਜੈ ਸ਼ਹਿਰਾਂ ਲਈ ਰੇਲਾਂ ਅਤੇ ਬੱਸਾਂ ਰਹਿਣ ਹੋਇਆ ਕਰਦੀ ਸੀ ਜਦਕਿ ਸ਼ਹਿਰ ਦੀ ਲੋਕਲ ਆਵਾਜਾਈ ਆਮ ਤੌਰ ਤੇ ਰਿਕਸ਼ਿਆਂ ਅਤੇ ਟਾਂਗਿਆਂ ਰਾਹੀਂ ਹੁੰਦੀ ਸੀ। ਟਾਂਗੇ ਨੂੰ ਕਿ ਲੋਕ ਤਾਂਗਾ ਵੀ ਆਖਦੇ। ਟਾਂਗੇ ਨੂੰ ਘੋੜਾ ਖਿੱਚਦਾ ਅਤੇ ਘੋੜੇ ਨੂੰ ਚਾਬੁਕ ਦਾ ਡਰ ਦਿਖਾਉਣ ਦੇ ਨਾਲ ਨਾਲ ਪਲੋਸਣ ਦਾ ਕੰਮ ਕਰਦਾ ਸੀ ਤਾਂਗੇ ਵਾਲਾ। ਕੁਲ ਮਿਲਾ ਕੇ ਮਜ਼ੇਦਾਰ ਸਵਾਰੀ ਹੁੰਦੀ ਸੀ। ਅੱਜਕਲ ਜਿੱਥੇ ਲਕਸ਼ਮੀ ਸਿਨੇਮਾ ਦੇ ਨਾਲ ਫਾਇਰ ਬ੍ਰਿਗੇਡ ਵਾਲਿਆਂ ਦਾ ਦਫਤਰ ਹੈ ਉੱਥੋਂ ਹੀ ਚੱਲਦਿਆਂ ਸਨ ਦੂਜੇ ਸ਼ਹਿਰਾਂ ਦੀਆਂ ਬੱਸਾਂ। ਸੜਕ ਦੇ ਦੂਜੇ ਪਾਸੇ ਸਾਹਮਣੇ ਵਾਲੀ ਸਾਈਡ ਰੇਲਵੇ ਸਟੇਸ਼ਨ ਹੋਇਆ ਕਰਦਾ ਸੀ। ਫਿਰ ਅਬਾਦੀ ਵਧੀ ਅਤੇ ਟਾਂਗਿਆਂ ਦੀ ਥਾਂ ਲੋਕਲ ਬੱਸਾਂ ਨੇ ਲੈ ਲਈ ਅਤੇ ਰਿਕਸ਼ਿਆਂ ਨੂੰ ਆਟੋ ਰਿਕਸ਼ਾ ਵਾਲੇ ਗੁਜ਼ਰੇ ਜ਼ਮਾਨੇ ਦੀ ਗੱਲ ਬਣਾਉਣ ਲੱਗ ਪਏ। ਵਿਕਾਸ ਦੇ ਨਾਮ ਤੇ ਬੜੀਆਂ ਤਬਦੀਲੀਆਂ ਵੀ ਹੋਈਆਂ। ਦੋਊਜੇ ਸ਼ਹਿਰਾਂ ਨੂੰ ਆਉਣ ਜਾਣ ਵਾਲੀਆਂ ਆਮ ਬੱਸਾਂ ਵਾਲਾ ਅੱਡਾ ਮਾਡਲ ਟਾਊਨ//ਜਵਾਹਰ ਨਗਰ ਕੈਂਪ ਸਾਹਮਣੇ ਜਾ ਬਣਿਆ ਨਿਸਨੂੰ ਨਵਾਂ ਅੱਡਾ ਆਖਿਆ ਜਾਂਦਾ।  ਪੁਰਾਣੇ ਅੱਡੇ ਨੂੰ ਲੋਕਲ ਬੱਸਾਂ ਦਾ ਅੱਡਾ ਬਣਾ ਦਿੱਤਾ ਗਿਆ। ਵਿਕਾਸ ਦੀ ਰਫਤਾਰ ਹੋਰ ਵਧੀ ਤਾਂ ਲੋਕਲ ਅੱਡੇ ਨੂੰ ਵੀ ਨਵੇਂ ਅੱਡੇ ਨਾਲ ਜੋੜ ਦਿੱਤਾ ਗਿਆ। ਨਾਮ ਰੱਖ ਦਿੱਤਾ ਗਿਆ ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬਸ ਸਟੈਂਡ। ਸ਼ਹੀਦ ਦਾ ਨਾਮ ਜੁੜਨ ਨਾਲ ਲੱਗਿਆ ਸੀ ਕਿ ਇਥੋਂ ਦੀਆਂ ਸਹੂਲਤਾਂ ਵੀ ਵਧਣਗੀਆਂ ਪਰ ਅਜਿਹਾ ਕੁਝ ਵੀ ਖਾਸ ਨਾ ਹੋਇਆ। ਨਵਾਂ ਜ਼ਮਾਨਾ ਦੇ ਪੱਤਰਕਾਰ ਐਮ ਐਸ ਭਾਟੀਆ 16 ਦਸੰਬਰ ਨੂੰ ਬਾਅਦ ਦੁਪਹਿਰ ਇਸ ਬਸ ਅੱਡੇ ਕੋਲੋਂ ਲੰਘੇ ਤਾਂ ਗੰਦਮੰਦ ਅਤੇ ਕੂੜਾ ਕਰਕਟ ਦਾ ਢੇਰ ਥਾਂ ਥਾਂ ਸਵੱਛ ਭਾਰਤ ਵਾਲੀ ਮੁਹਿੰਮ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ। ਇਸ ਬਸ ਅੱਡੇ ਦੀ ਇੱਕ ਤਸਵੀਰ ਐਮ ਐਸ ਭਾਟੀਆ ਹੁਰਾਂ ਨੇ ਵੀ ਆਪਣੇ ਮੋਬਾਈਲ ਫੋਨ ਦੇ ਕੈਮਰੇ ਨਾਲ ਕੈਦ ਕਰ ਲਈ।  

Monday, 9 December 2019

ਹੰਬੜਾਂ ਕਤਲ ਕਾਂਡ ਮਾਮਲੇ 'ਚ ਹੱਕ ਮੰਗਦੇ ਆਗੂਆਂ 'ਤੇ ਝੂਠੇ ਪਰਚੇ ਰੱਦ ਕਰੋ

ਨੌਜਵਾਨ ਭਾਰਤ ਸਭਾ ਵੀ ਇਹਨਾਂ ਆਗੂਆਂ ਦੀ ਰਿਹਾਈ ਲਈ ਮੈਦਾਨ ਵਿੱਚ 
ਲੁਧਿਆਣਾ: 9 ਦਸੰਬਰ, 2019: (ਲੋਕ ਮੀਡੀਆ ਮੰਚ ਬਿਊਰੋ):: 
ਇਸੇ ਮਾਮਲੇ ਨੂੰ ਲੈ ਕੇ ਹੰਬੜਾਂ 'ਚ ਹੋਏ ਰੋਸ ਵਖਾਵੇ ਦੀ ਫਾਈਲ ਫੋਟੋ 
ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਛਿੰਦਰਪਾਲ ਅਤੇ ਮਾਨਵਜੋਤ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ ਹੰਬੜਾਂ ਕਤਲ ਕਾਂਡ ਦੇ ਪੀੜਿਤਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕਰ ਰਹੇ ਆਗੂਆਂ ਨੂੰ ਤੁਰਤਪੈਰ ਰਿਹਾ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਥਾਵੇਂ ਸੰਘਰਸ਼ੀ ਆਗੂਆਂ ਨੂੰ ਝੂਠੇ ਕੇਸਾਂ ਚ ਮੜ੍ਹ ਕੇ ਮਾਮਲੇ ਨੂੰ ਰਫ਼ਾ ਦਫ਼ਾ ਕਰਨਾ ਚਾਹੁੰਦੀ ਹੈ। 
ਜ਼ਿਕਰਯੋਗ ਹੈ ਕਿ 15 ਸਾਲਾਂ ਬਾਲ ਮਜ਼ਦੂਰ ਦੇ ਕੀਤੇ ਕਤਲ ਦੇ ਮਸਲੇ ਚ ਇਨਸਾਫ ਲਈ ਜੂਝ ਰਹੇ ਸਾਥੀਆਂ ਨੂੰ ਪਿਛਲੇ ਲਗਭਗ 3 ਹਫਤਿਆਂ ਤੋਂ ਜੇਲ ਚ ਡੱਕ ਕੇ ਰੱਖਿਆ ਹੋਇਆ ਹੈ। ਜਿਸ ਵਿੱਚ ਪੇਂਡੂ, ਸਨਅਤੀ ਕਾਮਿਆਂ ਦੀਆਂ ਜਥੇਬੰਦੀਆਂ ਸਮੇਤ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਵੀ ਗ੍ਰਿਫਤਾਰ ਹਨ। ਇਸ ਮਸਲੇ ਨੂੰ ਲੈਕੇ ਬਣੀ ਸੰਘਰਸ਼ ਕਮੇਟੀ ਵੱਲੋਂ ਦੋ ਵਾਰ ਠਾਣੇ ਅੱਗੇ ਧਰਨਾ ਲਾਇਆ ਜਾ ਚੁੱਕਾ ਹੈ, ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਦੀ ਕਚਹਿਰੀ ਵਿੱਚ ਆਗੂਆਂ ਤੇ ਪਾਏ ਝੂਠੇ ਪਰਚੇ ਰੱਦ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਤੱਕ ਪੂਰ ਨਹੀਂ ਚੜ੍ਹਿਆ। ਨੌਭਾਸ ਆਗੂਆਂ ਨੇ ਕਿਹਾ ਪੁਲਿਸ ਦੀ ਇਸ ਵਾਦਾਖਿਲਾਫੀ ਵਿਰੁੱਧ ਲੋਕਾਂ ਅੰਦਰ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਸ ਹੈ। ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਕਿ ਜੇ ਲੋਕ ਆਗੂਆਂ ਤੇ ਪਾਏ ਝੂਠੇ ਪਰਚੇ ਰੱਦ ਕਰਕੇ ਤੁਰਤ ਰਿਹਾ ਨਹੀਂ ਕੀਤਾ ਜਾਵੇਗਾ, ਤਾਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਬਰਖਿਲਾਫ ਵੱਡੀ ਪੱਧਰ ਤੇ ਸੰਘਰਸ਼ ਵਿਢਿਆ ਜਾਵੇਗਾ। ਉਹਨਾਂ ਸੰਘਰਸ਼ ਕਮੇਟੀ ਦੇ ਸੱਦੇ ਤੇ ਅਗਲੀ ਵਿਉਂਤਬੰਦੀ ਵਿੱਚ ਵਧ ਚੜ੍ਹਕੇ ਸ਼ਾਮਿਲ ਹੋਣ ਐਲਾਨ ਵੀ ਕੀਤਾ।
ਨੌਜਵਾਨ ਭਾਰਤ ਸਭਾ ਨਾਲ ਜੁੜਣ ਦੇ ਇੱਛੁਕ ਇਸਦੇ ਸੂਬਾਈ ਆਗੂ ਮਾਨਵਜੋਤ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ:9888808188

Sunday, 21 April 2019

ਲਾਈਫ ਸਟਾਈਲ ਵਿੱਚ ਤਬਦੀਲੀ ਨਾਲ ਮਿਲ ਸਕਦੀ ਹੈ ਡਿਪਰੈਸ਼ਨ ਤੋਂ ਮੁਕਤੀ

Apr 21, 2019, 7:39 PM
ਡਿਪਰੈਸ਼ਨ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਉਪਾਅ//ਅਰੁਣ ਆਹੂਜਾ
Courtesy Image 
ਅਸੀਂ ਗੱਲ ਕਰ ਰਹੇ ਹਾਂ ਉਸ ਅਹਿਮ ਵਿਸ਼ੇ ਦੀ, ਜਿਸ ਦਾ ਅੱਜਕੱਲ੍ਹ ਹਰ 5ਵਾਂ ਵਿਅਕਤੀ ਸ਼ਿਕਾਰ ਹੋ ਰਿਹਾ ਹੈ। ਦੁਨੀਆਂ ਵਿਚ ਬਹੁਤ ਸਾਰੇ ਲੋਕ ਡਿਪਰੈਸ਼ਨ ਕਰਕੇ ਹੀ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਉਭਰਨਾਂ ਮਨੁੱਖ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਕੀ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਇਸ ਦਾ ਸ਼ਿਕਾਰ ਤਾਂ ਨਹੀਂ? ਡਿਪਰੈਸ਼ਨ ਇਕ ਮਾਨਸਿਕ ਸਥਿਤੀ ਹੈ, ਜਿਸ ਵਿਚ ਵਿਅਕਤੀ ਲੰਬੇ ਸਮੇਂ ਤੱਕ ਨਾਖ਼ੁਸ਼ ਰਹਿੰਦਾ ਹੈ। ਇਸ ਨਾਲ ਜ਼ਿੰਦਗੀ ਵਿਚ ਰੁਚੀ ਖ਼ਤਮ ਹੋਣ ਲੱਗ ਜਾਂਦੀ ਹੈ ਤੇ ਆਪਣੇ ਕੰਮਕਾਜ ਤੋਂ ਦਿਲ ਭਰ ਜਾਂਦਾ ਹੈ। ਇਸ ਦੀ ਕੋਈ ਉਮਰ ਨਹੀਂ। ਇਹ ਕਿਸੇ ਵੀ ਉਮਰ ਵਿਚ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਨਾ ਹੀ ਇਸ ਦਾ ਕੋਈ ਇਕ ਕਾਰਨ ਹੁੰਦਾ ਹੈ। ਕਈ ਮਿਲੇ-ਜੁਲੇ ਕਾਰਨ ਇਸ ਨੂੰ ਆਪਣੀ ਜ਼ਿੰਦਗੀ ਵਿਚ ਲੈ ਆਉਂਦੇ ਹਨ। ਉਦਾਹਰਨ ਦੇ ਤੌਰ ਤੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਸਫਲ ਹੋਣ ਦੇ ਮਕਸਦ ਨੂੰ ਲੈ ਕੇ ਗੰਭੀਰ ਹੋ ਜਾਂਦੇ ਹਨ। ਕਾਮਯਾਬੀ ਦਾ ਸਿਧਾਂਤ ਹੀ ਸੰਘਰਸ਼ ਅਤੇ ਮਿਹਨਤ ਹੈ, ਜੇਕਰ ਕਿਸੇ ਕਾਰਨ ਕਰਕੇ ਵਿਅਕਤੀ ਦੀ ਸਫਲਤਾ ਦੇ ਰਾਹ ਵਿਚ ਵੱਡੇ ਰੋੜੇ ਬਣ ਜਾਂਦੇ ਹਨ ਤੇ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਇਸ ਵਿਚ ਸਫਲ ਨਹੀਂ ਹੋ ਸਕਦਾ, ਤਾਂ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਦੁਨੀਆ ਵਿਚ ਬਹੁਤ ਬਦਕਿਸਮਤ ਹੈ ਤੇ ਇਹ ਨਿਰਾਸ਼ਾ ਉਸ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਲੈਂਦੀ ਹੈ। 
ਲੇਖਕ 
ਪਰੰਤੂ ਇਹ ਗੱਲ ਠੀਕ ਨਹੀਂ ਹੈ ਕਿਸੇ ਕੰਮ ਵਿਚ ਅਸਫਲ ਹੋਣ ਨਾਲ ਕਿਸੇ ਦੀ ਜ਼ਿੰਦਗੀ ਰੁਕ ਨਹੀਂ ਜਾਂਦੀ, ਇਹ ਚੱਲਦੀ ਰਹਿੰਦੀ ਹੈ। ਸਮੇਂ ਨਾਲ ਸਾਨੂੰ ਆਪਣੇ ਆਪ ਨੂੰ ਇਸ ਵਿਚੋਂ ਉਭਾਰਨ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਸ ਵਿਚ ਅਸਮਰਥ ਰਹੇ ਤਾਂ ਇਹ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਹੈ। ਇਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਵਿਅਕਤੀ ਕਦੋਂ ਡਿਪਰੈਸ਼ਨ ਦੀ ਸਥਿਤੀ ਵਿਚ ਪਹੁੰਚਦਾ ਹੈ ਪਰੰਤੂ ਅਸੀਂ  ਦੱਸਾਂਗੇ ਕੁਝ ਅਜਿਹੇ ਲੱਛਣ, ਜਿਨ੍ਹਾਂ ਤੋਂ ਸਾਫ਼ ਹੋ ਜਾਵੇਗਾ ਕੀ ਤੁਸੀਂ ਅਸਲ ਵਿਚ ਡਿਪਰੈਸ਼ਨ ਵੱਲ ਜਾ ਰਹੇ ਹੋ ਜਾਂ ਇਹ ਮਾਤਰ ਕਿਸੇ ਤਣਾਅ ਦਾ ਹਿੱਸਾ ਹੈ। ਜੇਕਰ ਤੁਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ ਅਤੇ ਗੱਲ-ਗੱਲ ਤੇ ਗ਼ੁੱਸਾ ਕਰ ਰਹੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲਕਸ਼ਣ ਹੋ ਸਕਦਾ ਹੈ। ਲੱਗਪਗ ਹਰੇਕ ਵਿਅਕਤੀ ਦੀ ਗੱਲ ਤੋਂ ਚਿੜਚਿੜਾਪਣ ਹੋਣਾ ਜਾਂ ਕਿਸੇ ਵਿਅਕਤੀ ਦੀ ਗੱਲ ਦਾ ਜਵਾਬ ਦੇਣ ਵਿਚ ਤੁਸੀਂ ਆਪਣੇ ਆਪ ਨੂੰ ਗ਼ੁੱਸੇ ਨਾਲ ਭਰਿਆ ਪਾਉਂਦੇ ਹੋ ਜਾਂ ਭਾਰ ਮਹਿਸੂਸ ਕਰਦੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੈ। ਜੇਕਰ ਤੁਸੀਂ ਕਈ ਘੰਟਿਆਂ ਤੱਕ ਸੌਂ ਨਹੀਂ ਪਾ ਰਹੇ ਜਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਤੁਹਾਡੀ ਅੱਖ ਖੁੱਲ ਜਾਂਦੀ ਹੈ। ਜੇਕਰ ਤੁਸੀਂ ਥੋੜ੍ਹਾ ਜਿਹਾ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਥੱਕਿਆ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੈ। ਤੁਸੀਂ ਇਸ ਦੀ ਤੁਲਨਾ ਆਪਣੇ ਬੀਤੇ ਦਿਨਾਂ ਨਾਲ ਆਸਾਨੀ ਨਾਲ ਕਰ ਸਕਦੇ ਹੋ। ਛੋਟੇ ਤੋਂ ਛੋਟੇ ਕੰਮ ਨੂੰ ਪੂਰਾ ਕਰਨ ਵਿਚ ਤੁਸੀਂ ਜੇਕਰ ਬਹੁਤ ਜ਼ਿਆਦਾ ਸਮਾਂ ਲੈ ਰਹੇ ਹੋ ਜਾਂ ਉਸ ਨੂੰ ਕਰਨ ਵਿਚ ਤੁਸੀਂ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦੇ ਹੋ, ਉਦਾਹਰਨ ਦੇ ਤੌਰ ਤੇ ਕਾਰ ਨੂੰ ਹੋਲੀ ਚਲਾਉਣਾ ਜਾਂ ਛੋਟੀ-ਛੋਟੀ ਗੱਲ ਨੂੰ ਲੈ ਕੇ ਗ਼ਲਤ ਖ਼ਿਆਲ ਆਉਣਾ ਜਾਂ ਡਰਦੇ ਰਹਿਣਾ ਡਿਪਰੈਸ਼ਨ ਦਾ ਲਕਸ਼ਣ ਹੋ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਲਕਸ਼ਣਾ ਨੂੰ ਕੁਝ ਸਮੇਂ ਤੋਂ ਮਹਿਸੂਸ ਕਰ ਰਹੇ ਹੋ ਤਾਂ ਇਹ ਥੋੜ੍ਹੇ ਬਹੁਤ ਤਣਾਅ ਕਰਕੇ ਹੋ ਸਕਦਾ ਹੈ ਪਰੰਤੂ ਜੇਕਰ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਇਹ ਸੱਭ ਕੁਝ ਝੱਲ ਰਹੇ ਹੋ ਤਾਂ ਤੁਹਾਨੂੰ ਤੁਰੰਤ ਇਕ ਚੰਗੇ ਕਾਉਂਸਲਰ ਦੀ ਲੋੜ ਹੈ। ਤਣਾਅ ਦਾ ਇਕ ਸਪਸ਼ਟ ਕਾਰਨ ਹੁੰਦਾ ਹੈ ਪਰੰਤੂ ਡਿਪਰੈਸ਼ਨ ਦੇ ਕਈ ਕਾਰਨ ਹੋ ਸਕਦੇ ਹਨ। ਡਿਪਰੈਸ਼ਨ ਦਾ ਸੱਭ ਤੋਂ ਅਹਿਮ ਲਕਸ਼ਣ ਹੈ ਖ਼ੁਦਕੁਸ਼ੀ ਬਾਰੇ ਵਿਚਾਰਨਾ। ਜੇਕਰ ਤੁਹਾਡਾ ਕੋਈ ਸਾਥੀ ਅਜਿਹੀ ਗੱਲ ਕਰਦਾ ਹੈ ਤਾਂ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰਕੇ ਉਸ ਨੂੰ ਚੰਗੇ ਮਾਹਿਰ ਕਾਉਂਸਲਰ ਕੋਲ ਲਿਜਾਣਾ ਚਾਹੀਦਾ ਹੈ। ਡਿਪਰੈਸ਼ਨ ਦੀ ਬਿਮਾਰੀ ਅੱਜ ਦੀ ਨਹੀਂ ਬਲਕਿ ਇਹ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਦਾ ਪ੍ਰਭਾਵ ਅੱਜ 21ਵੀਂ ਸਦੀ ਵਿਚ 10 ਗੁਣਾ ਵੱਧ ਗਿਆ ਹੈ। ਸਿਆਣੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਮਿਆਂ ਦੌਰਾਨ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਨਾਂਅ ਤੱਕ ਨਹੀਂ ਸੀ, ਪਰੰਤੂ ਅੱਜ ਹਰ ਤੀਜੇ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਹੋਣਾ ਗੂੜ੍ਹੀ ਚਿੰਤਾ ਦਾ ਵਿਸ਼ਾ ਹੈ, ਜੋ ਡਿਪਰੈਸ਼ਨ ਦਾ ਹੀ ਇਕ ਹਿੱਸਾ ਮੰਨਿਆ ਜਾ ਸਕਦਾ ਹੈ। ਯਾਦ ਰੱਖੋ ਕਿ ਦੁਨੀਆ ਵਿਚ ਅਜਿਹੀ ਕੋਈ ਸਥਿਤੀ ਜਾਂ ਕਹਿ ਲਵੋ ਦਿੱਕਤ ਨਹੀਂ, ਜਿਸ ਦਾ ਹੱਲ ਨਾ ਹੋਵੇ। ਇਸ ਦੁਨੀਆ ਵਿਚ ਸਭ ਕੁਝ ਮੁਮਕਿਨ ਹੈ। ਆਪਣੇ ਆਪ ਨੂੰ ਲੰਬੇ ਸਮੇਂ ਤੱਕ ਨਿਰਾਸ਼ ਨਾ ਰਹਿਣ ਦਵੋਂ। ਡਿਪਰੈਸ਼ਨ ਦੀ ਅਗਲੀ ਸਟੇਜ ਵਿਚ ਪਹੁੰਚਣ ਤੋਂ ਪਹਿਲਾ ਹੀ ਤੁਸੀਂ ਚੰਗੇ ਕਾਉਂਸਲਰ ਤੋਂ ਮੈਡੀਕਲ ਸਹਾਇਤਾ ਲਵੋ ਤੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਹੋਇਆ ਰੱਖੋਂ। ਜੇਕਰ ਡਿਪਰੈਸ਼ਨ ਦੇ ਲੱਛਣਾਂ ਦੌਰਾਨ ਤੁਸੀਂ ਕਿਸੇ ਨਸ਼ੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਮੈਡੀਕਲ ਸਹਾਇਤਾ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰੋਂ। ਰੋਜ਼ ਸਵੇਰੇ ਉੱਠ ਕੇ ਸੈਰ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਹਾਡੇ ਫੇਫੜਿਆਂ ਵਿਚ ਤਾਜ਼ਾ ਹਵਾ ਜਾਵੇਗੀ ਤੇ ਯੋਗਾ ਜਾਂ ਕਸਰਤ ਕਰਨ ਨਾਲ ਤੁਹਾਡੇ ਸਰੀਰ ਵਿਚ ਮੈਟਾਬੋਲਿਜ਼ਮ ਵਧੇਗਾ। ਜਿਸ ਨਾਲ ਤੁਸੀਂ ਦਿਨ ਵਿਚ ਆਪਣੇ ਆਪ ਨੂੰ ਤਰੋਤਾਜ਼ਾ ਤੇ ਬਿਮਾਰੀਆਂ ਤੋਂ ਮੁਕਤ ਮਹਿਸੂਸ ਕਰੋਗੇ। 

ਅਰੁਣ ਆਹੂਜਾ (ਫ਼ਤਹਿਗੜ੍ਹ ਸਾਹਿਬ)
9180543-07793

Saturday, 20 April 2019

SCD ਕਾਲਜ ਵਿਰੁੱਧ ਐਫ ਆਈ ਆਰ ਦਾ ਮਾਮਲਾ ਹੋਰ ਗਰਮਾਇਆ

ਲੋਕ ਸੁਰੱਖਿਆ ਮੰਚ ਲੁਧਿਆਣਾ ਵਲੋਂ CP ਨੂੰ ਦਿੱਤਾ ਗਿਆ ਮੰਗ ਪੱਤਰ
ਲੁਧਿਆਣਾ: 20 ਅਪ੍ਰੈਲ 2019; (ਲੋਕ ਮੀਡੀਆ ਮੰਚ ਬਿਊਰੋ):: 
ਹਿੰਦੂਤਵੀ ਸੰਗਠਨਾਂ ਅਤੇ ਖੱਬੇਪੱਖੀ ਸੰਗਠਨਾਂ ਦਰਮਿਆਨ ਪਹਿਲਾਂ ਤੋਂ ਹੀ ਖਿੱਚੀ ਜਾ ਚੁੱਕੀ ਲਕੀਰ ਹੁਣ ਨਾਟਕ ਦੇ ਮੁੱਦੇ ਨੂੰ ਲੈ ਕੇ ਹੋਰ ਗੂਹੜੀ ਹੋ ਰਹੀ ਹੈ। ਚੋਣਾਂ ਦਾ ਮੌਸਮ ਹੈ ਇਸ ਲਈ ਬਾਕੀ ਦੀਆਂ ਸਿਆਸੀ ਪਾਰਟੀਆਂ ਚੁੱਪ ਹਨ। ਸ਼ਾਇਦ ਇਹਨਾਂ ਦਾ ਕਾਲਜਾਂ 'ਤੇ ਦਰਜ ਹੁੰਦੇ ਮਾਮਲਿਆਂ, ਵਿਦਿਆਰਥੀਆਂ ਦੀ ਹਰਾਸਮੈਂਟ, ਕਾਲਜਾਂ ਦੀਆਂ ਸਰਗਰਮੀਆਂ ਨਾਲ ਕੋਈ ਸਰੋਕਾਰ ਹੀ ਨਹੀਂ ਹੈ। ਜੇ ਕੋਈ ਬੋਲਿਆ ਹੈ ਤਾਂ ਸਿਰਫ ਡਾਕਟਰ ਅਰੁਣ ਮਿੱਤਰਾ ਦੀ ਅਗਵਾਈ ਹੇਠ ਲੁਧਿਆਣਾ ਦੀ ਸੀਪੀਆਈ, ਨਾਗਰਿਕ ਸੁਰੱਖਿਆ ਮੰਚ ਅਤੇ ਡਾਕਟਰ ਗੁਲਜ਼ਾਰ ਪੰਧੇਰ ਦੀ ਅਗਵਾਈ ਹੇਠਲੇ ਕੁਝ ਲੇਖਕ। ਦੂਜੇ ਪਾਸੇ ਖੁਦ ਨੂੰ ਹਿੰਦੂਤਵ ਦਾ ਪ੍ਰਤੀਨਿਧੀ ਅਖਵਾਉਣ ਵਾਲੀ ਬੀਜੇਪੀ, ਵੱਖ ਵੱਖ ਸ਼ਿਵ ਸੈਨਾਵਾਂ, ਖੁਦ ਨੂੰ ਸੈਕੂਲਰ ਅਖਵਾਉਣ ਵਾਲੀਆਂ ਕਾਂਗਰਸ, ਸੀਪੀਐਮ, ਆਰ ਐਮ ਪੀ ਆਈ, ਐਮ ਸੀ ਪੀ ਆਈ, ਆਮ ਆਦਮੀ ਪਾਰਟੀ ਅਤੇ ਪੰਥਕ ਧਿਰ ਵੱਜੋਂ ਜਾਂਦੇ ਜਾਂਦੇ ਅਕਾਲੀ ਦਲਾਂ ਨੇ ਵੀ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਅਧਿਆਪਕ ਸੰਗਠਨ ਵੀ ਰਸਮੀ ਤੌਰ ਤੇ ਕੀਤੀ ਗਈ ਨਿੰਦਾ-ਨਿਖੇਧੀ ਤੋਂ ਬਾਅਦ ਹੁਣ ਚੁੱਪ ਰਹਿਣ ਵਿੱਚ ਹੀ ਭਲਾ ਸਮਝ ਰਹੇ ਹਨ। ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਮਾਹੌਲ ਬੜਾ ਸਹਿਮ ਭਰਿਆ ਬਣ ਰਿਹਾ ਹੈ। ਆਖਿਰ ਇਸ ਸਹਿਮ ਲਈ ਕੌਣ ਜ਼ਿੰਮੇਦਾਰ ਹੈ? 
ਪੁਲਿਸ ਅਧਿਕਾਰੀ ਵੀ ਇਸ ਮਾਮਲੇ ਬਾਰੇ ਕੁਝ ਆਖਣ ਤੋਂ ਟਾਲ ਮਟੋਲ ਕਰ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਇਸ ਲਈ ਕਾਹਲੀ ਵਿੱਚ ਕੁਝ ਨਹੀਂ ਆਖਿਆ ਜਾ ਸਕਦਾ। ਚੇਤੇ ਰਹੇ ਕਿ ਇਹ ਮਾਮਲਾ 15 ਅਪ੍ਰੈਲ 2019 ਨੂੰ ਦਰਜ ਹੋਇਆ ਸੀ। ਇਸ ਮੁੱਦੇ ਨੂੰ ਉਠਾਉਣ ਵਾਲੇ ਸੰਗਠਨ ਬਜਰੰਗ ਦਲ ਨਾਲ ਵੀ ਫਿਲਹਾਲ ਕੋਈ ਹਿੰਦੂ ਸੰਗਠਨ ਖੁੱਲ ਕੇ ਨਹੀਂ ਆਇਆ। ਜੇ ਆਇਆ ਹੈ ਤਾਂ ਸਾਡੀ ਜਾਣਕਾਰੀ ਵਿੱਚ ਨਹੀਂ। ਸ਼ਾਇਦ ਇਸਦਾ ਕਾਰਨ ਸਿਆਸੀ ਪਹੁੰਚ ਹੋਵੇ ਕਿਓਂਕਿ ਕਈ ਹਿੰਦੂਤਵੀ ਸੰਗਠਨ ਬੀਜੇਪੀ ਨਾਲ ਹਨ, ਕਈ ਕਾਂਗਰਸ ਨਾਲ ਅਤੇ ਕਈ ਸਿਰਫ ਅਤੇ ਸਿੱਧਾ ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਪੂਰੀ ਤਰਾਂ ਆਰ ਐਸ ਐਸ ਨਾਲ। ਉਹ ਸਿਆਸੀ ਪੱਖੋਂ "ਨਿਰਲੇਪ" ਰਹਿੰਦੇ ਹਨ। ਇਸ ਸਾਰੀ ਸਥਿਤੀ ਦੇ ਬਾਵਜੂਦ ਮਾਹੌਲ ਵਿੱਚ ਸਹਿਮ ਭਰ ਰਿਹਾ ਹੈ। ਕਾਲਜਾਂ ਦੇ ਵਿਦਿਆਰਥੀ ਕੈਮਰੇ ਸਾਹਮਣੇ ਨਹੀਂ ਆਉਂਦੇ ਪਰ ਝੁੰਡ ਬਣਾ ਕੇ ਆਪਸ ਵਿੱਚ ਇਸੇ ਮੁੱਦੇ 'ਤੇ ਗੱਲਾਂ ਕਰਦੇ ਹਨ। ਕਾਲਜ ਦੇ ਇੱਕ ਦੋ ਪ੍ਰੋਫੈਸਰਾਂ ਅਤੇ ਉਹਨਾਂ ਦੇ ਪ੍ਰਭਾਵ ਹੇਠਲੇ ਕੁਝ ਕੁ ਵਿਦਿਆਰਥੀਆਂ ਨੂੰ ਛੱਡ ਕੇ ਕਾਲਜ ਦੀ ਬਹੁ ਗਿਣਤੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮ ਸਿੰਘ ਸੰਧੂ ਦੇ ਨਾਲ ਹੈ। ਹੁਣ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਉਹਨਾਂ ਨਾਲ ਆਪਣੀ ਬਹੁਤ ਨੇੜਤਾ ਜਤਾਉਣ ਵਾਲੇ "ਮਹਾਂਰਥੀ ਲੇਖਕ" ਕਿਓਂ ਚੁੱਪ ਹਨ ਖਾਸ ਕਰ ਉਹ ਬੁੱਧੀਜੀਵੀ ਜਿਹੜੇ ਕਿ ਕਾਲਜ ਦੀਆਂ ਸਟੇਜਾਂ ਉੱਤੇ ਅਕਸਰ ਸਭ ਤੋਂ ਮੂਹਰੇ ਹੁੰਦੇ ਹਨ। 
ਇਸ ਮੁੱਦੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਤੱਕ ਪਹੁੰਚਣ ਵਾਲੇ "ਲੋਕ ਸੁੱਰਖਿਆ ਮੰਚ" ਨੇ ਅੱਜ ਇੱਥੇ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਕੀਤੇ ਗਏ "ਮਿਊਜ਼ੀਅਮ" ਨਾਮਕ ਡਰਾਮੇ ਨੂੰ ਦਿਖਾਉਣ ਤੇ ਬਜਰੰਗ ਦੱਲ ਦੇ ਦਬਾਅ ਹੇਠ ਪ੍ਰਿੰਸੀਪਲ, ਇੱਕ ਅਧਿਆਪਕ ਅਤੇ 12 ਵਿਦਿਆਰਥੀਆਂ ਤੇ ਦਰਜ ਐਫ਼ ਆਈ ਆਰ ਨੂੰ ਖ਼ਤਮ ਕਰਨ ਦੀ ਮੰਗ ਫਿਰ ਬੜੇ ਜ਼ੋਰਦਾਰ ਢੰਗ ਨਾਲ ਕੀਤੀ। ਮੰਚ ਦਾ ਇੱਕ ਡੈਪੂਟੇਸ਼ਨ ਅੱਜ ਕਮਿਸ਼ਨਰ ਪੁਲਿਸ ਦੀ ਗੈਰ ਹਾਜ਼ਰੀ ਵਿੱਚ ਏ ਡੀ ਸੀ ਪੀ ਹੈਡਕੁਆਰਟਰ ਅਤੇ ਸਿਕਿਊਰਟੀ ਸ਼੍ਰੀ ਦੀਪਕ ਪਾਰੀਕ ਨੂੰ ਮਿਲਿਆ। ਮੰਚ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਉੱਪਰ ਲਿਖੇ ਗਏ ਇਸ ਡਰਾਮੇ ਵਿੱਚ ਰੂੜ੍ਹੀਵਾਦੀਆਂ ਵਲੋਂ ਔਰਤਾਂ ਦੇ ਅਧਿਕਾਰਾਂ ਦੇ ਹਨਨ ਤੇ ਸੁਆਲ ਉਠਾਇਆ ਗਿਆ ਹੈ। ਇਸ ਵਿੱਚ ਪੁਰਾਤਨ ਸਮੇਂ ਵਿੱਚ ਵੀ ਔਰਤਾਂ ਨਾਲ ਹੁੰਦੇ ਧੱਕੇੇ ਬਾਰੇ ਦਰਸਾਇਆ ਗਿਆ ਹੈ। ਉੱਥੇ ਹਾਜ਼ਰ ਲੋਕਾਂ ਨੇ ਦੱਸਿਆ ਹੈ ਕਿ ਨਾਟਕ ਵਿੱਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਸੀ ਪਰ ਬਜਰੰਗ ਦਲੀਆਂ ਵੱਲੋਂ ਬਿਨਾ ਇਸਨੂੰ ਦੇਖੇ ਪੂਰਬ ਨਿਯੋਜਿਤ ਸਾਜ਼ਿਸ਼ ਦੇ ਤਹਿਤ ਇਸਤੇ ਵਾ ਵੇਲਾ ਖੜਾ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਵੀ ਬਿਨਾ ਜਾਂਚ ਕੀਤੇ ਐਫ਼ ਆਈ ਨੰਬਰ 118 ਮਿਤੀ 15 ਅਪ੍ਰੈਲ ਨੂੰ ਕੇਸ ਦਰਜ ਕਰ ਲਿਆ। ਮੰਚ ਨੇ ਮੰਗ ਕੀਤੀ ਹੈ ਕਿ ਨਾਟਕ ਦੌਰਾਨ ਹੋ ਹੱਲਾ ਕਰਕੇ ਰੁਕਵਾਉਣ ਵਾਲਿਆਂ ਅਤੇ ਝੂਠੀ ਸ਼ਿਕਾਇਤ ਕਰਨ ਵਲਿਆਂ ਦੇ ਵਿਰੁੱਧ ਕੇਸ ਦਰਜ ਕੀਤਾ ਜਾਏ। ਡੈਪੂਟੇਸ਼ਨ ਵਿੱਚ ਡਾ: ਅਰੁਣ ਮਿੱਤਰਾ, ਪ੍ਰੋਫੈਸਰ ਜੈਪਾਲ ਸਿੰਘ, ਡਾ: ਗੁਰਚਰਨ ਕੌਰ ਕੋਚਰ, ਜਸਵੰਤ ਸਿੰਘ ਜ਼ੀਰਖ, ਐਮ ਐਸ ਭਾਟੀਆ, ਐਡਵੋਕੇਟ ਨਵਲ ਛਿੱਬੜ, ਡਾ: ਗੁਲਜ਼ਾਰ ਪੰਧੇਰ, ਐਡਵੋਕੇਟ ਅਵਤਾਰ ਕੌਰ, ਜੀਤ ਕੁਮਾਰੀ, ਬਰਜਿੰਦਰ ਕੌਰ, ਵੀਨਾ ਸਚਦੇਵਾ, ਐਡਵੋਕੇਟ ਕਰਮਜੀਤ ਸਿੰਘ, ਐਡਵੋਕੇਟ ਬੀ ਪੀ ਸਿੰਘ ਗਿੱਲ, ਗੁਰਨਾਮ ਸਿੱਧੂ, ਸਤੀਸ਼ ਸਚਦੇਵਾ, ਪ੍ਰੋ. ਏ ਕੇ ਮਲੇਰੀ ਅਤੇ ਆਨੋਦ ਕੁਮਾਰ ਸ਼ਾਮਿਲ  ਸਨ। 
ਇਸੇ ਦੌਰਾਨ ਲੋਕ ਪੱਖੀ ਸੰਗਠਨਾਂ ਨਾਲ ਜੁੜੇ ਹੋਏ ਖੱਬੇ ਪੱਖੀ ਕਲਾਕਾਰ ਅਤੇ ਲੇਖਕ ਅਮੋਲਕ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਇਸ ਨਾਟਕ ਵਿੱਚ ਅਜਿਹਾ ਕੁਝ ਵੀ ਨਹੀਂ ਜਿਹੜਾ ਇਤਰਾਜ਼ ਯੋਗ ਹੋਵੇ ਅਤੇ ਸੱਚ ਤੋਂ ਦੂਰ ਹੋਵੇ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਇਹ ਨਾਟਕ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਖੇਡਿਆ ਹੈ ਅਤੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਖੇਡਾਂਗੇ। ਲੱਗਦਾ ਹੈ ਲੋਕ ਪੱਖੀ ਖੱਬੇ ਪੱਖੀ ਸੰਗਠਨ ਹੁਣ ਇਸਦਾ ਮੰਚਨ ਹਰ ਪਿੰਡ-ਹਰ ਕਸਬੇ ਵਿੱਚ ਕਰਨ ਦੀ ਯੋਜਨਾ ਉਲੀਕ ਰਹੇ ਹਨ। 
ਸਬੰਧਤ ਖਬਰਾਂ:
SCD ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ

ਨਾਟਕ ਵਿਵਾਦ ਨੂੰ ਲੈ ਕੇ ਸਹਿਮ ਭਰੀ ਚੁੱਪੀ ਨੂੰ ਤੋੜਿਆ ਜਮਹੂਰੀ ਅਧਿਕਾਰ ਸਭਾ ਨੇ