Posted on Wednesday 5th November 2025 at 08:55 AM Regarding PU and Lalkar Group
ਫਿਰ ਸਾਹਮਣੇ ਆਇਆ ਕਿ ਹੁਣ ਕੌਣ ਹੈ ਪੰਜਾਬ ਦੇ ਨਾਲ?
ਜਿਸ ਦਿਨ ਪੰਜਾਬ ਯੂਨੀਵਰਸਿਟੀ ਦੇ ਖਿਲਾਫ ਸਰਕਾਰ ਦੇ ਇਰਾਦੇ ਸਾਫ ਹੋ ਕੇ ਬਾਹਰ ਆਏ ਸਨ ਉਸੇ ਦਿਨ ਹੀ ਇਹ ਵੀ ਸਪਸ਼ਟ ਹੋਣ ਲੱਗ ਪਿਆ ਸੀ ਕਿ ਕੌਣ ਇਸ ਸਰਕਾਰੀ ਐਕਸ਼ਨ ਦੇ ਖਿਲਾਫ ਸਟੈਂਡ ਲੈਣ ਲੱਗਿਆ ਹੈ ਅਤੇ ਕੌਣ ਇਸ ਬਾਰੇ ਖਾਮੋਸ਼ ਰਹਿਣ ਵਾਲੇ ਰਸਤੇ ਤੇ ਹੈ। ਹਥਲੀ ਪੋਸਟ ਲਲਕਾਰ ਗਰੁੱਪ ਦੀ ਹੈ ਜਿਹੜੀ ਪੰਜਾਬ ਡੇ ਅਰਥਾਤ ਪਹਿਲੀ ਨਵੰਬਰ 2025 ਨੂੰ ਰਾਤ 09:27 ਵਜੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
ਇਸ ਮੁੱਦੇ ਬਾਰੇ ਸਵੇਰੇ ਵੇਲੇ ਹੀ ਸਾਡੀ ਟੀਮ ਨੇ ਜਿਹਨਾਂ ਜਿਹਨਾਂ ਮਹਾਂਰਥੀਆਂ ਨੂੰ ਸੰਪਰਕ ਕੀਤਾ ਅਤੇ ਉਹਨਾਂ ਦੇ ਵਿਚਾਰ ਪੁਛੇ ਤਾਂ ਉਹਨਾਂ ਵਿੱਚੋਂ ਬਹੁਤਿਆਂ ਨੇ ਟਾਲਾ ਵੱਟ ਲਿਆ।
ਇੱਕ ਵੱਡੇ ਬੁਧੀਜੀਵੀ ਅਤੇ ਲੇਖਕ ਆਗੂ ਦਾ ਕਹਿਣਾ ਸੀ ਕੀ ਜੀ ਸਾਨੂੰ ਤਾਂ ਅਜੇ ਤੱਕ ਸਥਿਤੀ ਹੀ ਸਪਸ਼ਟ ਨਹੀਂ ਹੈ। ਅਸੀਂ ਕੋਈ ਗੱਲ ਈ ਨਹੀਂ ਸੁਣੀ। ਪੰਜਾਬ ਡੇ ਮੌਕੇ ਅਜਿਹੀ ਕੋਈ ਸੰਭਾਵਨਾ ਨਹੀਂ। ਹੋ ਸਕਦਾ ਹੈ ਐਂਵੇਂ ਈ ਕਿਸੇ ਨੇ ਹਵਾ ਵਿੱਚ ਸ਼ੁਰਲੀ ਛੱਡ ਦਿੱਤੀ ਹੋਵੇ। ਸਰਕਾਰ ਜਾਣਬੁਝ ਕੇ ਮਾਹੌਲ ਖਰਾਬ ਕਿਓਂ ਕਰੇਗੀ?
ਇੱਕ ਹੋਰ ਲੇਖਕ ਅਤੇ ਚਰਚਿਤ ਬੁਧੀਜੀਵੀ ਨੇ ਵੀ ਇਸਦਾ ਸਮਰਥਨ ਕਰਦਿਆਂ ਕਿਹਾ ਕਿ ਹਾਂ ਇਹ ਗੱਲ ਸੰਭਵ ਹੈ ਇਹ ਗੱਲ ਹਵਾ ਵਿੱਚ ਛੱਡੀ ਸ਼ੁਰਲੀ ਹੀ ਹੋਵੇ ਕਿਓਂਕਿ ਇਸਦਾ ਕੋਈ ਨੋਟੀਫਿਕੇਸ਼ਨ ਅਜੇ ਤੱਕ ਸਾਹਮਣੇ ਨਹੀਂ ਆਇਆ। ਕੁਲ ਮਿਲਾ ਕੇ ਸਹਿਮ ਭਾਰੀ ਖਾਮੋਸ਼ੀ ਸੀ। ਜਾਪਦਾ ਸੀ ਕਿ ਜਿਹਨਾਂ ਤੋਂ ਸੰਘਰਸ਼ ਦੀਆਂ ਉਮੀਦਾਂ ਸਭ ਤੋਂ ਵੱਧ ਸਨ ਉਹਨਾਂ ਨੇ ਹੀ ਭਾਣਾ ਪ੍ਰਵਾਨ ਕਰ ਲਿਆ ਹੈ। ਉਹ ਵੀ ਸਹਮਤੀ ਵਾਲੀ ਸੋਚ ਅਤੇ ਸੁਰ ਨਾਲ।
ਵਿਦਿਆਰਥੀਆਂ ਵਿਚੋਂ ਵੀ ਪਹਿਲੀ ਨਵੰਬਰ ਦੀ ਬਾਅਦ ਦੁਪਹਿਰ ਤੱਕ ਕੋਈ ਵੱਡਾ ਪ੍ਰਤੀਕਰਮ ਸਾਹਮਣੇ ਨਹੀਂ ਸੀ ਆਇਆ। ਰਾਤ ਨੂੰ ਸਾਢੇ ਕੁ ਨੌਂ (09:27) ਇਹ ਪ੍ਰਤੀਕਰਮ ਪੋਸਟ ਕੀਤਾ ਗਿਆ ਜਿਹੜਾ ਅਸੀਂ ਇਥੇ ਵੀ ਤੁਹਾਡੇ ਸਾਹਮਣੇ ਲਿਆਂਦਾ ਹੈ। ਗਿਣਤੀ ਦੇ ਲੋਕ ਹਨ ਜਿਹਨਾਂ ਨੂੰ ਪੰਜਾਬ ਦੇ ਵਿਦਿਆਰਥੀ ਸੰਘਰਸ਼ਾਂ ਦਾ ਇਤਿਹਾਸ ਅਜੇ ਵੀ ਚੇਤੇ ਹੈ। ਬਾਕੀ ਲੋਕ ਅਤੇ ਹੋਰ ਧਿਰਾਂ ਸ਼ਾਇਦ ਸਭ ਕੁਝ ਭੁੱਲ ਭੁਲਾ ਗਏ ਹਨ ਅਤੇ ਉਹਨਾਂ ਨੂੰ ਮੌਜੂਦਾ ਚੁਣੌਤੀਆਂ ਸ਼ਾਇਦ ਭੈਅਭੀਤ ਵੀ ਕਰ ਰਹੀਆਂ ਹੋਣ। ਸ਼ਾਇਦ ਪੰਜਾਬ ਦਾ ਸੱਚਾ ਬੇਲੀ ਕੋਈ ਨਹੀਂ ਹੈ ਇਸ ਵੇਲੇ। ਬਹੁਤ ਸਾਰੇ ਮਾਮਲਿਆਂ ਵਿੱਚ ਵੇਖ ਕੇ ਅਣਡਿੱਠ ਕਰਨਾ ਸ਼ਾਇਦ ਅੱਜਕਲ੍ਹ ਦੀ ਸਿਆਸਤ ਬਣ ਗਈ ਹੈ।
