Sent By Harnam Singh Dalla on Saturday 23rd November 2024 at 16:46 Regarding Street Dogs
ਮਿਟੀ ਘੱਟਾ,ਅਵਾਰਾ ਕੁੱਤਿਆਂ ਅਤੇ ਪਸ਼ੂਆਂ ਤੋਂ ਲੋਕਾਂ ਨੂੰ ਕੌਣ ਬਚਾਵੇਗਾ?
ਤੁਸੀਂ ਪੁੱਛੋਗੇ ਕਿ ਕਿਉਂ? ਜੇ ਲੋਕਾਂ ਨੂੰ ਤਕਲੀਫ ਹੋਵੇ ਤਾਂ ਲੋਕ ਰੌਲਾ ਜ਼ਰੂਰ ਪਾਉਂਣਗੇ। ਲਗਦੈ ਸਭ ਠੀਕ ਠਾਕ ਤਾਂ ਹੈ। ਮੈਂਨੂੰ ਹੀ ਬੋਲਣ ਦੀ ਬਿਮਾਰੀ ਲੱਗ ਗਈ ਹੈ! ਸੜਕ ਵੀ ਟੁੱਟੀ ਹੋਈ ਨਹੀਂ ਹੈ। ਮਿੱਟੀ ਘੱਟਾ ਵੀ ਉੱਡਦਾ ਨਹੀਂ ਹੈ। ਲੋਕਲ ਅਫ਼ਸਰ, ਡਾਕਟਰ, ਮਾਸਟਰ, ਪੰਚ, ਸਰਪੰਚ, ਐੱਮ.ਸੀ. ਅਹਿਲਕਾਰ, ਪੱਤਰਕਾਰ, ਕਲਾਕਾਰ, ਤਹਿਸੀਲਦਾਰ, ਨੰਬਰਦਾਰ, ਐੱਮ.ਐੱਸ.ਪੀ. ਮੰਗਦੇ ਕਿਰਸਾਨ ਸਾਰੇ ਸੁਖੀ ਹਨ। ਸੜਕ ਉੱਤੇ ਦੌੜਦੀਆਂ ਕਾਰਾਂ,ਸਕੂਲੀ ਬੱਸਾਂ,ਟਰੈਕਟਰ ਟਰਾਲੀਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੈ। ਸਾਰੇ ਲੋਕ ਨੁਮਾਇੰਦਿਆਂ ਨੂੰ ਵਿਧਾਨ ਸਭਾ ਤੇ ਭੇਜ ਕੇ ਆਪਣਾ ਲੋਕਤੰਤਰ ਦਾ ਫਰਜ਼ ਪੂਰਾ ਕਰਕੇ ਸਾਰੇ ਲੋਕ ਫੁਰਸਤ ਵਿੱਚ ਸਰ੍ਹਾਣੇ ਬਾਂਹ ਧਰਕੇ ਆਰਾਮ ਫਰਮਾ ਰਹੇ ਹਨ।
ਕਿਸੇ ਵਿਧਾਨਕਾਰ ਤੋਂ ਨਹੀਂ ਪੁੱਛਿਆ ਜਾ ਰਿਹਾ ਕਿ ਸੜਕਾਂ ਉੱਤੇ ਮਿੱਟੀ ਘੱਟਾ ਕਿਉਂ ਉੱਡ ਰਿਹਾ ਹੈ ? ਜੋ ਸੜਕਾਂ ਟੁੱਟ ਗਈਆਂ ਹਨ, ਇਹ ਕਦੋਂ ਬਣਨਗੀਆਂ ? ਐਕਸੀਡੈਂਟ ਹੋ ਰਹੇ ਹਨ,ਲੋਕ ਮਰ ਵੀ ਜਾਂਦੇ ਹਨ ਤੇ ਜ਼ਖ਼ਮੀ ਹੋ ਕੇ ਨਕਾਰਾ ਵੀ ਹੋ ਰਹੇ ਹਨ। ਅਫ਼ਸਰਾਂ ਤੇ ਵਿਧਾਨਕਾਰਾਂ ਤੋਂ ਕੋਈ ਨਹੀਂ ਪੁੱਛ ਰਿਹਾ ਕਿ ਤੁਸੀਂ ਸ਼ਰਧਾਂਜਲੀ ਦੇਣ ਸਮੇਂ 'ਭਾਣਾ ਮੰਨਣ ਦਾ ਬਲ ਬਖਸ਼ਣੇ' ਦੀ ਅਰਦਾਸ ਕਰਦੇ ਹੋ ਤਾਂ ਸੜਕਾਂ ਬਣਾਉਂਣ ਦਾ ਬਲ ਵੀ ਪ੍ਰਾਪਤ ਕਰਨ ਲਈ ਸੱਚੇ ਰੱਬ ਨੂੰ ਅਰਦਾਸ ਕਿਉਂ ਨਹੀਂ ਕਰ ਲੈਂਦੇ।
ਮੈਂ ਢੀਠ ਹੋ ਕੇ ਲਿਖੀ ਜਾ ਰਿਹਾ ਹਾਂ। ਸੁਣਦਾ ਕੌਣ ਹੈ? ਪੰਚਾਇਤਾਂ ਵਾਲੇ ਵੀ ਟੁੱਟੀਆਂ ਸੜਕਾਂ, ਸਕੂਲਾਂ, ਹਸਪਤਾਲਾਂ, ਨਫ਼ਰਤ ਫੈਲਾ ਕੇ ਬੱਚਿਆਂ ਦੇ ਗੈਂਗ ਬਣਨ ਤੋਂ ਰੋਕਣ ਲਈ ਕੋਈ ਕਾਰਗਰ ਮੰਗ ਨਹੀਂ ਕਰਦੇ, ਵਹੀਰਾਂ ਘੱਤ ਕੇ ਧਾਰਮਿਕ ਕਹਾਉਣ ਦੀ ਦੌੜ ਵਿੱਚ ਸ਼ਾਮਲ ਹੋ ਕੇ ਨੁਕਸਾਨ ਕਰਵਾ ਬਹਿੰਦੇ ਹਨ ਜਾਂ ਕਰ ਜਾਂਦੇ ਹਨ। ਸ਼ਹਿਰਾਂ ਦੀਆਂ ਕਲੋਨੀਆਂ ਅਤੇ ਪਿੰਡਾਂ ਵਿੱਚ ਰਹਿੰਦੇ ਰਾਜਨੀਤਕ ਪਾਰਟੀਆਂ ਦੇ ਸਥਾਨਕ ਆਗੂ ਆਪੋ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਿਭਾਉਣ ਤੱਕ ਸਿਮਟ ਕੇ ਰਹਿ ਗਏ ਹਨ, ਕਿਉਂ?
ਪਿੰਡਾਂ ਵਾਲੇ ਸਵੇਰ ਤੋਂ ਕਮੀਜ਼ ਪਜਾਮੇ ਪ੍ਰੈੱਸ ਕਰਵਾ ਕੇ ਸਰਪੰਚ ਦੇ ਦਰ 'ਤੇ, ਸਰਪੰਚ ਠਾਣੇਦਾਰ ਤੇ ਬੀ ਡੀ ਓ ਜਾਂ ਕਿਸੇ 'ਕਮਾਊ' ਮਹਿਕਮੇ ਦੇ ਅਫਸਰਾਂ ਦੀ ਚਾਕਰੀ ਕਰਦੇ ਦੇਖਦੇ ਹਾਂ। ਇਸ ਤਰਾਂ ਲੋਕ ਨੁਮਾਇੰਦੇ ਲੋਕਾਂ ਦੀ ਬਾਂਹ ਛੱਡ ਕੇ ਰੱਬ ਜਾਣੇ 'ਜੰਗਾਲੇ ਭ੍ਰਿਸ਼ਟਤੰਤਰ' ਦਾ ਜਰਜਰਾ ਪੁਰਜਾ ਪਤਾ ਨਹੀਂ ਕਿਉਂ ਬਣ ਜਾਂਦੇ ਹਨ।
ਕੌਣ ਜ਼ਿੰਮੇਵਾਰ ਹੈ ਇਸ ਵਰਤਾਰੇ ਲਈ? ਮੈਂ ਇਕੱਲਾ ਤਾਂ ਨਹੀਂ, ਤੁਸੀਂ ਸਾਰੇ ਹੀ ਤਾਂ ਹੋ। ਤੁਹਾਨੂੰ ਵੀ ਬੋਲਣਾ ਚਾਹੀਦਾ ਹੈ। ਸਵੇਰੇ ਧਰਮ ਅਸਥਾਨਾਂ ਦੀ ਸ਼ੋਭਾ ਤੁਸੀਂ ਹੋ। ਉਹਨਾਂ ਨੂੰ ਸਾਫ਼ ਸੁਥਰੇ ਤੇ ਪੂਜਣਯੋਗ ਤੁਸੀਂ ਬਣਾਉਂਦੇ ਹੋ। ਫਿਰ ਸੜਕਾਂ,ਸਕੂਲ,ਦਫ਼ਤਰ ਕਿਸ ਨੇ ਸਾਫ ਸੁਥਰੇ ਬਣਾਉਂਣੇ ਹਨ?
ਸੜਕਾਂ ਜਿਹੜੀਆਂ ਤੁਹਾਡੀਆਂ ਜਾਨਾਂ ਦਾ ਜੰਜਾਲ ਬਣ ਗਈਆਂ ਹਨ। ਸਕੂਲ ਜਿੱਥੋਂ ਤੁਸੀਂ ਬੱਚਿਆਂ ਨੂੰ ਕੁਝ ਬਣਾਉਂਣ ਲਈ ਭੇਜਦੇ ਹੋ,ਉਹ ਗੈਂਗਵਾਰੀ ਜਾਂ ਦੰਗਈ ਬਣਦੇ ਜਾ ਰਹੇ ਹਨ। ਦਫ਼ਤਰ ਜਿੱਥੋਂ ਤੁਹਾਨੂੰ ਪ੍ਰਬੰਧਕੀ ਸੇਵਾ ਮਿਲਣੀ ਹੁੰਦੀ ਹੈ,ਉੱਥੇ ਪ੍ਰੇਸ਼ਾਨੀ ਖੱਟ ਕੇ ਘਰ ਮੁੜਦੇ ਹੋਏ ਜਾਂ ਪੈਸਾ ਖਰਚ ਕੇ (ਵੱਢੀ ਦੇ ਕੇ) ਸੇਵਾ ਵਸੂਲਦੇ ਹੋ, ਇਹ ਕਿਸ ਦਾ ਕਸੂਰ ਹੈ?
ਤੁਸੀਂਂ ਨਿੱਸਲ ਹੋ ਕੇ ਕਿਉਂ ਜਿਊ ਰਹੇ ਹੋ? ਅਸੀਂ ਸਾਰੇ ਬੰਦੇ ਹੀ ਹਾਂ 'ਨਰ' ਤੇ 'ਮਾਦਾ' ਬੰਦੇ। ਪਰ ਅਸੀਂ ਵਟ ਕਿਵੇਂ ਜਾਂਦੇ ਹਾਂ ? ਵੱਖੋ ਵੱਖਰੇ ਧਰਮਾਂ ਵਿੱਚ ਜਾਂ ਜਾਤਾਂ ਵਿੱਚ। ਅਸੀਂ ਮਾਨਵ ਨਹੀਂ ਰਹਿੰਦੇ। ਤੇ ਇੱਕ ਹੋਰ ਸ਼੍ਰੈਣੀ ਦਾ 'ਦਿਓ' ਸਾਨੂੰ ਵੰਡੇ ਲੋਕਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਹੀ ਨਹੀਂ ਕਰਦਾ ਬਲਕਿ ਸਾਡੀ ਕਿਰਤ ਦੀ ਲੁੱਟ ਕਰਕੇ ਮੌਜਾਂ ਮਾਣਦਾ ਹੈ।
ਉਸ ਨੂੰ ਕਾਰਪੋਰੇਟ,ਸਰਮਾਏਦਾਰ ਜਾਂ ਪੂੰਜੀਵਾਦੀ ਕਿਹਾ ਜਾਂਦਾ ਹੈ। ਤੁਹਾਨੂੰ ਸਮਝ ਤਾਂ ਜ਼ਰੂਰ ਪੈ ਰਹੀ ਹੋਵੇਗੀ,ਪਰ ਤੁਸੀਂ ਮੰਨਣ ਲਈ ਤਿਆਰ ਨਹੀਂ ਹੋ। ਕਾਰਪੋਰੇਟ ਵੱਲ ਕਦਮ ਪੁੱਟਦਿਆਂ ਤੁਹਾਡੇ ਪੈਰ ਭਾਰੇ ਹੋ ਜਾਂਦੇ ਹਨ। ਕਾਰਪੋਰੇਟ ਜੋ ਤੁਹਾਡੀ ਕਿਰਤ ਉੱਤੇ ਵੀ ਕਾਬਜ਼ ਹੈ ਧਰਮ ਉੱਤੇ ਵੀ ਤੇ ਪੈਸੇ ਨਾਲ ਰਾਜ ਸਿੰਘਾਸਣ ਉੱਤੇ ਵੀ। ਤੁਸੀਂ ਕੀ ਕਰੋਗੇ ? ਵਟੇ ਜੁ ਹੋਏ ਹੋ।
ਲਗਦੈ ਮੈਂ ਸੈਰ ਕਰਦਾ ਦੂਰ ਕਿਸੇ ਫਲਸਫੇ ਦੇ ਸਫ਼ਰ ਦੇ ਲੰਮੇ ਪੈਂਡੇ ਦੀ ਲਪੇਟ ਵਿੱਚ ਆ ਗਿਆ ਹਾਂ। ਹਾਂ ਸੱਚ, ਜਦੋਂ ਸਵੇਰੇ ਮੈਂ ਮਿੱਟੀ ਘੱਟਾ ਫੱਕ ਰਿਹਾ ਸੀ ਤਾਂ ਕੁੱਤਿਆਂ ਦੇ ਘੇਰੇ ਵਿੱਚ ਇੱਕ ਅੱਠ ਕੁ ਸਾਲ ਦਾ ਬੱਚਾ ਕੰਧ ਅਤੇ ਬਿਜਲੀ ਦੇ ਖੰਭੇ ਦੀ ਸੁਰੱਖਿਆ ਵਿੱਚ ਸਹਿਮਿਆਂ ਖੜ੍ਹਾ ਸੀ। ਦਰਅਸਲ ਉਹ ਸਵੇਰੇ ਪਿੰਡ ਦੇ ਦਲਿਤਾਂ ਦੀ ਬਸਤੀ ਲਾਗੇ ਬਦਬੂ ਮਾਰਦੀਆਂ ਰੂੜੀਆਂ ਉੱਤੇ ਕੂੜਾ ਢੇਰੀ ਕਰਨ ਆਇਆ ਸੀ। ਦਸ ਕੁ ਕੁੱਤੇ ਉਨ੍ਹਾਂ ਰੂੜੀਆਂ ਦੇ ਢੇਰ ਕੋਲ ਖੜ੍ਹੇ ਸਨ। ਮੈਂ ਨਹੀਂ ਕਹਿੰਦਾ 'ਦਰਵੇਸ਼ਾਂ' ਨੇ ਉਸ ਬੱਚੇ ਦਾ ਨੁਕਸਾਨ ਕਰ ਦੇਣਾ ਸੀ ਜਾਂ ਨੋਚ ਲੈਣਾ ਸੀ,ਉਹ ਡਰਿਆ ਹੋਇਆ ਜ਼ਰੂਰ ਸੀ।
ਜਦੋਂ ਮੈਂ ਉਸ ਮਾਸੂਮ ਬੱਚੇ ਨੂੰ ਪੁੱਛਿਆ 'ਕਿਧਰ ਜਾਣਾ ਹੈ ਬੇਟਾ ਤੂੰ'। ਕੁਦਰਤੀ ਉਸ ਨੇ ਉੱਧਰ ਹੀ ਜਾਣਾ ਸੀ, ਜਿਧਰ ਮੈਂ ਜਾਣਾ ਸੀ। ਮੈਂ ਖੜ੍ਹ ਕੇ ਉਸ ਨੂੰ ਨਾਲ ਲੈ ਲਿਆ ਅਤੇ ਕਿਹਾ, 'ਬੇਟਾ ਤੂੰ ਅੱਗੋਂ ਆਪਣੇ ਮੰਮੀ ਪਾਪਾ ਨੂੰ ਕੂੜਾ ਸੁੱਟਣ ਲਈ ਭੇਜੀਂ'। ਉਸ ਬਹੁਤ ਹੀ ਸੁੰਦਰ ਬੱਚੇ ਨੇ ਮੈਂਨੂੰ ਉੱਤਰ ਦਿੱਤਾ, 'ਅੰਕਲ ਯੇ ਦੁਪਿਹਰ ਕੋ ਯਹਾਂ ਨਹੀਂ ਹੋਤੇ'।
ਫਿਰ ਮੈਂਨੂੰ ਲਗਿਆ ਕਿ ਇਸ ਬੱਚੇ ਦੇ ਮਨ ਵਿੱਚ ਕੁੱਤਿਆਂ ਦੇ ਵੱਢ ਲੈਣ ਦਾ ਡਰ ਤਾਂ ਜ਼ਰੂਰ ਸੀ। ਜੋ ਮੇਰੀ ਮੌਜੂਦਗੀ ਕਰਕੇ ਖਤਮ ਹੋ ਗਿਆ ਸੀ। ਮੇਰੇ ਸਾਹਮਣੇ ਇੱਕ ਨਹੀਂ, ਸੈਂਕੜੇ ਹਾਦਸੇ ਖੜ੍ਹੇ ਸਨ ਜਿਹੜੇ ਐਸੇ ਬੱਚਿਆਂ,ਬੁੱਢਿਆਂ ਤੇ ਬੇਖ਼ਬਰ ਨੌਜਵਾਨਾਂ ਦੀ ਬਲੀ ਲੈ ਚੁੱਕੇ ਹਨ। ਕੁੱਤੇ ਵੀ 'ਰੱਬ ਦਾ ਜੀਵ' ਹਨ। ਪਰ ਜਿਹੜਾ ਜੀਵ ਮਨੁੱਖੀ ਜਾਨ ਦਾ ਖੌਅ ਬਣ ਚੁੱਕਾ ਹੈ ਉਸ ਬਾਰੇ ਧਾਰਮਿਕ ਤੌਰ 'ਤੇ ਚੁੱਪੀ ਵੱਟ ਜਾਣਾਂ ਕਦੇ ਤੁਹਾਡੇ ਉੱਤੇ ਵੀ ਭਾਰੂ ਪੈ ਸਕਦ ਹੈ।
ਇਸੇ ਤਰਾਂ ਅਵਾਰਾ ਪਸ਼ੂਆਂ ਨੂੰ ਅਸੀਂ ਧਾਰਮਿਕ ਹੋਣ ਕਰਕੇ ਉਨ੍ਹਾਂ ਵਲੋਂ ਲਈਆਂ ਜਾਂਦੀਆਂ ਮਨੁੱਖੀ ਜਾਨਾਂ ਬਾਰੇ ਚੁੱਪ ਵੱਟ ਜਾਂਦੇ ਹਾਂ। ਅਸੀਂ ਗਊਆਂ ਅਤੇ ਅਵਾਰਾ ਢੱਠਿਆਂ ਲਈ ਵੀ ਸਰਕਾਰੀ ਟੈਕਸ ਬਤੌਰ ਸੈੱਸ ਦਿੰਦੇ ਹਾਂ। ਇਸ ਤੋਂ ਇਲਾਵਾ ਗਊ ਸਾਲਾ ਨੂੰ ਆਸਥਾ ਵਸ ਲੋਕ ਧੰਨ ਵੀ ਦਾਨ ਕਰਦੇ ਹਨ,ਪਰ ਅਵਾਰਾ ਪਸ਼ੂਆਂ ਦੇ ਝੁੰਡ ਸੜਕਾਂ, ਖੇਤਾਂ ਤੇ ਬਸਤੀਆਂ ਵਿੱਚ ਘੁੰਮਦੇ ਆਮ ਦਿਖਦੇ ਹਨ। ਸਰਕਾਰਾਂ ਅਤੇ ਪਸ਼ੂਆਂ ਦੇ ਨਾਂ 'ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਪਸ਼ੂਆਂ ਵਲੋਂ ਕੀਤੇ ਜਾਨੀ ਨੁਕਸਾਨ ਕਰਨ ਤੋਂ ਬਾਅਦ ਚੁੱਪ ਰਹਿੰਦੇ ਹਨ।
ਇਹ ਕਿਵੇਂ ਰੁਕੇ,ਸ਼ਬਦ ਵੀ ਨਹੀਂ ਬੋਲਦੇ। ਇਸ ਤੋਂ ਲਗਦਾ ਹੈ ਕਿ ਪਸ਼ੂਆਂ ਨੂੰ ਮਾਧਿਅਮ ਬਣਾ ਕੇ ਰਾਜਨੀਤਕ ਲਾਹਾ ਲੈਣਾ ਹੀ ਉਨ੍ਹਾਂ ਦਾ ਧਰਮ ਹੈ। ਮਨੁੱਖੀ ਜਾਨਾਂ ਨਾਲੋਂ ਪਸ਼ੂਆਂ ਉੱਤੇ ਤਰਸ ਦੀ ਭਾਵਨਾ ਜ਼ਿਆਦਾ ਬਲਵਾਨ ਹੈ। ਡਰ ਲਗਦਾ ਹੈ ਕਿ ਆਪਣੇ ਗੇਟ ਦੇ ਦਰਵਾਜ਼ੇ ਮੂਹਰੇ ਬੈਠੀ ਗਊ ਨੂੰ ਛਛਕੇਰ ਕੇ ਪਰ੍ਹੇ ਕਰਨ ਨਾਲ ਕਿਸੇ ਜਥੇਬੰਦੀ ਜਾਂ ਕਿਸੇ ਗੁਆਂਢੀ ਦੀ ਆਸਥਾ ਨਾ ਝਰੀਟੀ ਜਾਵੇ। ਸੱਚੀਂ ਪਸ਼ੂ ਪਿਆਰ ਨੇ ਮਨੁੱਖੀ ਪਿਆਰ ਪੇਤਲਾ ਪਾ ਦਿੱਤਾ ਹੈ।
ਚਲੋ ਖੈਰ! ਆਪਣੇ ਹਿੱਸੇ ਦੀ ਗੱਲ ਕਹਿਣ ਦਾ ਕੋਈ ਹਰਜ ਨਹੀਂ ਹੁੰਦਾ। ਮੈਂ ਕਰ ਦਿੱਤੀ ਹੈ। ਟੁੱਟੀਆਂ ਸੜਕਾਂ,ਪ੍ਰਦੂਸ਼ਨ ਅਤੇ ਆਵਾਰਾ ਪਸ਼ੂ, ਮਨੁੱਖ ਲਈ ਜਾਨਲੇਵਾ ਹਨ। ਆਓ ਇਸ ਸਮੱਸਿਆ ਉੱਤੇ ਜ਼ਰੂਰ ਜੁੜੀਏ ਤੇ ਚਿੰਤਾ ਮੁਕਤ ਹੋਣ ਲਈ ਬਿਨਾਂ ਕਿਸੇ ਧਾਰਮਿਕ ਤੰਗਨਜ਼ਰੀ ਤੋਂ ਹੱਲ ਲਈ ਯਤਨ ਕਰੀਏ।
*ਖਰੜ ਵਿੱਚ ਰਹਿੰਦੇ ਹਰਨਾਮ ਸਿੰਘ ਡੱਲਾ ਰਿਟਾਇਰਡ ਬੈਂਕ ਅਧਿਕਾਰੀ ਹੋਣ ਦੇ ਨਾਲ ਨਾਲ ਬਹੁਤ ਚੰਗੇ ਲੇਖਕ ਅਤੇ ਪੱਤਰਕਾਰ ਵੀ ਹਨ। ਸਾਹਿਤ ਸਭਾਵਾਂ ਦੇ ਨਾਲ ਨਾਲ ਸਿਆਸੀ ਅਤੇ ਸਮਾਜਿਕ ਮੁੱਦਿਆਂ ਤੇ ਵੀ ਅਕਸਰ ਪੂਰੀ ਤਰ੍ਹਾਂ ਸਰਗਰਮ ਵੀ ਰਹਿੰਦੇ ਹਨ। ਉਹਨਾਂ ਦਾ ਸੰਪਰਕ ਨੰਬਰ ਹੈ:+91 9417773283